ਲਾਲਪੁਰਾ ਜਿਹੇ ਵਿਦਵਾਨ ਸਿੱਖ ਚਿਹਰੇ ਨੂੰ ਮਿਲੀ ਭਾਜਪਾ ਵੱਲੋਂ ਦਿੱਤੀ ਗਈ ਨੁਮਾਇੰਦਗੀ ਕਾਂਗਰਸ ਨੂੰ ਨਹੀਂ ਹੋ ਰਹੀ ਹੈ - ਖਿਆਲਾ
ਰੋਹਿਤ ਗੁਪਤਾ
ਗੁਰਦਾਸਪੁਰ 19 ਅਗਸਤ 2022 - ਭਾਰਤੀ ਜਨਤਾ ਪਾਰਟੀ ਦੇ ਸਿੱਖ ਆਗੂ ਪੋ੍. ਸਰਚਾਂਦ ਸਿੰਘ ਖਿਆਲਾ ਨੇ ਭਾਜਪਾ ਦੇ ਸੂਝਵਾਨ, ਬੇਦਾਗ ਸਿੱਖ ਆਗੂ ਅਤੇ ਕੌਮੀ ਘਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਬਾਰੇ ਕਾਂਗਰਸ ਪਾਰਟੀ ਵੱਲੋਂ ਕੀਤੇ ਜਾ ਰਹੇ ਗੁਮਰਾਹਕੁਨ ਪ੍ਰਚਾਰ ਦਾ ਠੋਕਵਾਂ ਜਵਾਬ ਦਿੱਤਾ ਹੈ।
ਉਨਾਂ ਕਿਹਾ ਕਿ ਲਾਲਪੁਰਾ ਦੇ ਰੂਪ 'ਚ ਭਾਜਪਾ ਸੰਸਦੀ ਬੋਰਡ ਅਤੇ ਕੇਂਦਰੀ ਚੋਣ ਕਮੇਟੀ 'ਚ ਪੰਜਾਬ ਅਤੇ ਸਿੱਖ ਭਾਈਚਾਰੇ ਨੂੰ ਮਿਲੀ ਨੁਮਾਇੰਦਗੀ ਸਿੱਖ ਅਤੇ ਪੰਜਾਬ ਵਿਰੋਧੀ ਪਾਰਟੀ ਕਾਂਗਰਸ ਅਤੇ ਇਸ ਦੇ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਹਜ਼ਮ ਕਰਨੀ ਔਖੀ ਹੋ ਰਹੀ ਹੈ। ਉਨਾਂ ਕਾਂਗਰਸ ਆਗੂਆਂ ਵੱਲੋਂ ਲਾਲਪੁਰਾ ਤੇ ਖਾਲਿਸਤਾਨੀ ਭਾਵਨਾਵਾਂ ਦੀ ਪੈਰਵੀ ਕਰਨ ਦੇ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਇਸ ਨੂੰ ਕਾਂਗਰਸ ਤੇ ਗਾਂਧੀ ਪਰਿਵਾਰ ਦੀ ਬੌਖਲਾਹਟ ਦਾ ਨਤੀਜਾ ਕਰਾਰ ਦਿੱਤਾ।
ਖਿਆਲਾਂ ਨੇ ਕਿਹਾ ਕਿ ਬੇਬੁਨਿਆਦ ਇਲਜ਼ਾਮ ਲਗਾ ਕੇ ਕਾਂਗਰਸ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ਅਤੇ ਨਵੰਬਰ '84 'ਚ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲੇਆਮ ਕਰਨ ਦੇ ਗੁਨਾਹ ਤੋਂ ਦੋਸ਼ ਮੁਕਤ ਨਹੀਂ ਹੋ ਸਕਦੀ। ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿੱਤ ਸ਼ਾਹ ਅਤੇ ਭਾਜਪਾ ਪ੍ਰਧਾਨ ਜੇਪੀ ਨੱਢਾ ਵੱਲੋਂ ਇੱਕ ਸਿੱਖ ਅਤੇ ਪੰਜਾਬੀ ਉੱਤੇ ਪ੍ਰਗਟਾਏ ਗਏ ਵਿਸ਼ਵਾਸ ਨਾਲ ਕਾਂਗਰਸ ਦਾ ਹੁਣ ਪੰਜਾਬ ਵਿਚ ਅਧਾਰ ਬਿਲਕੁਲ ਖ਼ਤਮ ਹੋਣ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਲਾਲਪੁਰਾ ਸਿੱਖਾਂ ਦੇ ਸਿਰਮੌਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨਿਤ ਵਿਦਵਾਨ ਤੇ ਸਿੱਖ ਸਾਹਿਤਕਾਰ ਹਨ ਅਤੇ ਪੁਲਿਸ ਸੇਵਾ ਅਤੇ ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਦੇਸ਼ ਪ੍ਰਤੀ ਉਨਾਂ ਦੀਆਂ ਸੇਵਾਵਾਂ ਅਤੇ ਯੋਗਤਾ ਨੇ ਸਭ ਨੂੰ ਪ੍ਰਭਾਵਿਤ ਕੀਤਾ ਹੈ। ਉਨ੍ਹਾਂ ਕਿਹਾ ਕਿ 2024 ਦੀਆਂ ਆਮ ਚੋਣਾਂ ਵਿੱਚ ਪੰਜਾਬ ਵਿੱਚੋਂ ਕਾਂਗਰਸ ਦਾ ਪੂਰੀ ਤਰਾ ਨਾਲ ਸਫ਼ਾਇਆ ਹੋ ਜਾਵੇਗਾ।