ਦਿੱਲੀ ਦੇ ਮਸ਼ਹੂਰ ਅਸ਼ੋਕ ਹੋਟਲ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀਆਂ ਤਿਆਰੀਆਂ
ਇਸ ਨੂੰ ਜਵਾਹਰ ਲਾਲ ਨਹਿਰੂ ਨੇ ਯੂਨੈਸਕੋ ਸੰਮੇਲਨ ਲਈ ਬਣਾਇਆ ਸੀ
ਇਹ ਓਪਰੇਟ-ਮੈਨਟੇਨ-ਡਿਵੈਲਪ ਮਾਡਲ ਤਹਿਤ 60 ਸਾਲਾਂ ਲਈ ਲੀਜ਼ 'ਤੇ ਦਿੱਤਾ ਜਾ ਰਿਹਾ ਹੈ
ਹੋਟਲ ਦੀ 6.3 ਏਕੜ ਵਾਧੂ ਜ਼ਮੀਨ 'ਤੇ ਲਗਜ਼ਰੀ ਅਪਾਰਟਮੈਂਟ ਬਣਾਏ ਜਾਣਗੇ
ਦੀਪਕ ਗਰਗ ,ਬਾਬੂਸ਼ਾਹੀ ਨੈਟਵਰਕ
ਕੋਟਕਪੂਰਾ 20 ਅਗਸਤ 2022
ਕੇਂਦਰ ਸਰਕਾਰ ਨੇ ਦੇਸ਼ ਦੇ ਪਹਿਲੇ ਸਰਕਾਰੀ 5-ਸਿਤਾਰਾ ਹੋਟਲ ਅਸ਼ੋਕ ਹੋਟਲ ਨੂੰ ਨਿੱਜੀ ਹੱਥਾਂ ਵਿੱਚ ਸੌਂਪਣ ਦੀ ਤਿਆਰੀ ਕਰ ਲਈ ਹੈ। ਇਸ ਸਬੰਧ ਵਿਚ ਤਿਆਰ ਪ੍ਰਸਤਾਵ ਦੇ ਅਨੁਸਾਰ, ਸਰਕਾਰ ਹੁਣ ਅਸ਼ੋਕ ਹੋਟਲ ਨੂੰ ਓਪਰੇਟ-ਮੈਨਟੇਨ-ਡਿਵੈਲਪ (ਓ.ਐੱਮ.ਡੀ.) ਮਾਡਲ ਦੇ ਤਹਿਤ 60 ਸਾਲਾਂ ਲਈ ਲੀਜ਼ 'ਤੇ ਦੇਵੇਗੀ। ਨਾਲ ਹੀ, ਇਸ ਹੋਟਲ ਦੀ ਵਾਧੂ 6.3 ਏਕੜ ਜ਼ਮੀਨ ਵਪਾਰਕ ਉਦੇਸ਼ਾਂ ਲਈ ਵੇਚੀ ਜਾਵੇਗੀ।
ਬਿਜ਼ਨਸ ਸਟੈਂਡਰਡ ਦੀ ਇੱਕ ਰਿਪੋਰਟ ਦੇ ਮੁਤਾਬਕ, ਇਹ ਹੋਟਲ 1960 ਵਿੱਚ ਭਾਰਤ ਵਿੱਚ ਯੂਨੈਸਕੋ ਸੰਮੇਲਨ ਲਈ ਬਣਾਇਆ ਗਿਆ ਸੀ। ਉਦੋਂ ਇਸ ਨੂੰ ਬਣਾਉਣ 'ਤੇ ਤਿੰਨ ਕਰੋੜ ਰੁਪਏ ਖਰਚ ਹੋਏ ਸਨ। 11 ਏਕੜ ਵਿੱਚ ਫੈਲਿਆ ਅਸ਼ੋਕ ਹੋਟਲ ਦੇਸ਼ ਦਾ ਪਹਿਲਾ ਪੰਜ ਤਾਰਾ ਸਰਕਾਰੀ ਹੋਟਲ ਸੀ। ਇਸ ਵਿੱਚ 550 ਕਮਰੇ, ਲਗਭਗ ਦੋ ਲੱਖ ਵਰਗ ਫੁੱਟ ਪ੍ਰਚੂਨ ਅਤੇ ਦਫਤਰੀ ਥਾਂ, 30,000 ਵਰਗ ਫੁੱਟ ਦਾਅਵਤ ਅਤੇ ਕਾਨਫਰੰਸ ਦੀਆਂ ਸਹੂਲਤਾਂ ਅਤੇ 25,000 ਵਰਗ ਫੁੱਟ ਵਿੱਚ ਫੈਲੇ ਅੱਠ ਰੈਸਟੋਰੈਂਟ ਸ਼ਾਮਲ ਹਨ।
https://twitter.com/bsindia/status/1560081828341489665?t=KfeRMxD-3y-bUjZs1vK_Rg&s=19
ਇਹ ਯੋਜਨਾ ਹੈ
ਅਸ਼ੋਕ ਹੋਟਲ ਆਈ ਟੀ ਡੀ ਸੀ ਦੀ ਮਲਕੀਅਤ ਹੈ। ਸਰਕਾਰ ਦੇ ਪ੍ਰਸਤਾਵ ਮੁਤਾਬਕ ਪ੍ਰਾਈਵੇਟ ਪਾਰਟਨਰ ਇਸ ਹੋਟਲ ਨੂੰ ਨਵੇਂ ਸਿਰੇ ਤੋਂ ਵਿਕਸਤ ਕਰ ਸਕਦਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਨੂੰ ਦੁਨੀਆ ਦੇ ਮਸ਼ਹੂਰ ਹੈਰੀਟੇਜ ਹੋਟਲਾਂ ਦੀ ਤਰਜ਼ 'ਤੇ ਵਿਕਸਿਤ ਕੀਤਾ ਜਾਵੇਗਾ। ਇਸ ਦੇ ਵਿਕਾਸ 'ਤੇ ਨਵੇਂ ਸਿਰੇ ਤੋਂ 450 ਕਰੋੜ ਰੁਪਏ ਖਰਚ ਕੀਤੇ ਜਾਣ ਦਾ ਅੰਦਾਜ਼ਾ ਹੈ। ਇੰਨਾ ਹੀ ਨਹੀਂ, ਹੋਟਲ ਦੇ ਕੋਲ ਹੀ 6.3 ਏਕੜ ਵਾਧੂ ਜ਼ਮੀਨ 'ਤੇ 600 ਤੋਂ 700 ਪ੍ਰੀਮੀਅਮ ਸਰਵਿਸ ਅਪਾਰਟਮੈਂਟ ਬਣਾਏ ਜਾਣਗੇ। ਉਹ ਡਿਜ਼ਾਈਨ-ਬਿਲਡ-ਫਾਈਨਾਂਸ-ਓਪਰੇਟ ਅਤੇ ਟ੍ਰਾਂਸਫਰ ਮਾਡਲ ਰਾਹੀਂ ਕਮਾਈ ਕਰਨਗੇ।
ਇਹ ਯੂਨੈਸਕੋ ਕਾਨਫਰੰਸ ਲਈ ਬਣਾਇਆ ਗਿਆ ਸੀ
1955 ਵਿੱਚ, ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਯੂਨੈਸਕੋ ਦੇ ਇੱਕ ਪ੍ਰੋਗਰਾਮ ਵਿੱਚ ਹਿੱਸਾ ਲੈਣ ਲਈ ਫਰਾਂਸ ਦੀ ਰਾਜਧਾਨੀ ਪੈਰਿਸ ਗਏ ਸਨ। ਨਹਿਰੂ ਨੇ ਯੂਨੈਸਕੋ ਨੂੰ ਅਗਲੀ ਕਾਨਫਰੰਸ ਭਾਰਤ ਵਿੱਚ ਕਰਨ ਦਾ ਸੱਦਾ ਦਿੱਤਾ ਪਰ ਉਦੋਂ ਨਵੀਂ ਦਿੱਲੀ ਵਿੱਚ ਕੋਈ ਵਿਸ਼ਵ ਪੱਧਰੀ ਹੋਟਲ ਨਹੀਂ ਸੀ। ਇਸ ਲਈ ਇਸ ਨੂੰ ਬਣਾਉਣ ਦਾ ਫੈਸਲਾ ਕੀਤਾ ਗਿਆ ਸੀ. ਉਦੋਂ ਇਸ ਦਾ ਨਾਂ 'ਦਿ ਅਸ਼ੋਕਾ' ਰੱਖਿਆ ਗਿਆ ਸੀ। ਮਹਾਰਾਣੀ ਐਲਿਜ਼ਾਬੈਥ II, ਮਾਰਗਰੇਟ ਥੈਚਰ, ਬਿਲ ਕਲਿੰਟਨ, ਚੀ ਗਵੇਰਾ ਅਤੇ ਫਿਡੇਲ ਕਾਸਤਰੋ ਵਰਗੀਆਂ ਕਈ ਉੱਘੀਆਂ ਹਸਤੀਆਂ ਨੇ ਇਸ ਹੋਟਲ ਦੀ ਮਹਿਮਾਨਨਿਵਾਜ਼ੀ ਦਾ ਆਨੰਦ ਮਾਣਿਆ।
1960 ਦੇ ਦਹਾਕੇ ਵਿਚ ਇਸ ਨੂੰ ਬਣਾਉਣ ਲਈ ਤਿੰਨ ਕਰੋੜ ਰੁਪਏ ਖਰਚ ਕੀਤੇ ਗਏ ਸਨ, ਜਦੋਂ ਕਿ ਦੇਸ਼ ਵਿਚ ਸੋਨੇ ਦੀ ਕੀਮਤ 90 ਰੁਪਏ ਦੇ ਕਰੀਬ ਹੁੰਦੀ ਸੀ। ਅੱਜ ਸੋਨੇ ਦੀ ਕੀਮਤ ਕਰੀਬ 50 ਹਜ਼ਾਰ ਰੁਪਏ ਹੈ।
ਹੋਟਲ ਕਿਵੇਂ ਬਣਾਇਆ ਗਿਆ ਸੀ
ਮੰਨਿਆ ਜਾਂਦਾ ਹੈ ਕਿ ਉਦੋਂ ਰਿਆਸਤਾਂ ਦੇ ਸਾਬਕਾ ਸ਼ਾਸਕਾਂ ਦਾ ਵੀ ਇਸ ਵਿੱਚ ਯੋਗਦਾਨ ਸੀ। ਨਹਿਰੂ ਨੇ ਉਨ੍ਹਾਂ ਨੂੰ ਇਸ ਵਿੱਚ ਸਹਿਯੋਗ ਕਰਨ ਲਈ ਕਿਹਾ ਸੀ। ਉਨ੍ਹਾਂ ਨੇ 10 ਤੋਂ 20 ਲੱਖ ਰੁਪਏ ਦਾ ਯੋਗਦਾਨ ਪਾਇਆ ਅਤੇ ਬਾਕੀ ਦਾ ਖਰਚਾ ਕੇਂਦਰ ਸਰਕਾਰ ਨੇ ਉਠਾਇਆ। ਇਸ ਤਰ੍ਹਾਂ ਦੇਸ਼ ਦਾ ਪਹਿਲਾ ਸਰਕਾਰੀ ਪੰਜ ਤਾਰਾ ਹੋਟਲ ਹੋਂਦ ਵਿੱਚ ਆਇਆ। ਮੁੰਬਈ ਸਥਿਤ ਆਰਕੀਟੈਕਟ ਬੀਈ ਡਾਕਟਰ ਨੂੰ ਇਸ ਦੇ ਡਿਜ਼ਾਈਨ ਅਤੇ ਨਿਰਮਾਣ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਨਹਿਰੂ ਖੁਦ ਇਸ ਦੇ ਕੰਮ 'ਤੇ ਤਿੱਖੀ ਨਜ਼ਰ ਰੱਖਦੇ ਸਨ। ਉਹ ਅਕਸਰ ਇਸ ਦਾ ਕੰਮ ਦੇਖਣ ਲਈ ਘੋੜੇ 'ਤੇ ਆਉਂਦੇ ਸੀ।
ਇਸ ਹੋਟਲ ਦੇ ਗੁੰਬਦ ਮੁਗਲ ਸਮਾਰਕਾਂ ਤੋਂ ਪ੍ਰੇਰਿਤ ਹਨ। ਇਸ ਵਿੱਚ ਕਸ਼ਮੀਰ ਸੂਟ, ਰਾਜਪੂਤ ਸੂਟ, ਨਟਰਾਜ ਸੂਟ ਅਤੇ ਪ੍ਰੈਜ਼ੀਡੈਂਸ਼ੀਅਲ ਸੂਟ ਵੀ ਹਨ। ਇਸ ਵਿੱਚ ਦੇਸ਼ ਦਾ ਸਭ ਤੋਂ ਵੱਡਾ ਪਿੱਲਰ ਲੇਸ ਕਨਵੈਨਸ਼ਨ ਹਾਲ ਵੀ ਹੈ। ਨਹਿਰੂ ਦੁਆਰਾ ਲਗਾਏ ਅੰਬ ਦੇ ਦਰੱਖਤ ਅੱਜ ਵੀ ਇਸ ਦੇ ਅਹਾਤੇ ਵਿੱਚ ਦੇਖੇ ਜਾ ਸਕਦੇ ਹਨ। ਇਨ੍ਹਾਂ ਅੰਬਾਂ ਦੀ ਵਰਤੋਂ ਹੋਟਲਾਂ ਲਈ ਜੈਮ ਅਤੇ ਅਚਾਰ ਬਣਾਉਣ ਲਈ ਕੀਤੀ ਜਾਂਦੀ ਹੈ। ਯੂਨੈਸਕੋ ਕਾਨਫਰੰਸ ਲਈ ਦੁਨੀਆ ਦੀਆਂ ਕਈ ਉੱਘੀਆਂ ਹਸਤੀਆਂ ਭਾਰਤ ਆਈਆਂ ਸਨ। ਫਿਲਮ ਗਾਂਧੀ ਦੀ ਸ਼ੂਟਿੰਗ ਵੀ ਇੱਥੇ 1980 ਵਿੱਚ ਹੋਈ ਸੀ।