ਹਲਕਾ ਅਮਰਗੜ੍ਹ ਦੀਆਂ ਸੜਕਾਂ ਨੂੰ ਨਵੀਂ ਦਿੱਤੀ ਜਾਵੇਗੀ ਦਿੱਖ- ਪ੍ਰੋ. ਗੱਜਣਮਾਜਰਾ
ਮੁਹੰਮਦ ਇਸਮਾਈਲ ਏਸ਼ੀਆ,ਬਾਬੂਸ਼ਾਹੀ ਨੈਟਵਰਕ
ਮਲੇਰਕੋਟਲਾ ,20 ਅਗਸਤ 2022 ਵਿਧਾਨ ਸਭਾ ਹਲਕਾ ਅਮਰਗੜ੍ਹ ਦੀਆਂ ਸਾਰੀਆਂ ਸੜਕਾਂ ਨੂੰ ਆਉਂਦੇ ਸਮੇਂ ਅੰਦਰ ਨਵੀਂ ਵਿਉਂਤਬੰਦੀ ਤਹਿਤ ਚੌੜੀਆਂ ਕਰਨ ਤੋਂ ਬਾਅਦ ਨਵੀਂ ਦਿੱਖ ਪ੍ਰਦਾਨ ਕੀਤੀ ਜਾਵੇਗੀ ਅਤੇ ਵਿਕਾਸ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹਣ ਤੋਂ ਬਾਅਦ ਲੋਕਾਂ - ਕਚਹਿਰੀ ਵਿਚ ਜਾ ਕੇ ਕਾਰਗੁਜ਼ਾਰੀ ਦਾ ਖ਼ੁਲਾਸਾ ਕੀਤਾ ਜਾਵੇਗਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਵਿਧਾਇਕ ਅਤੇ ਕਿਸਾਨ ਵਿੰਗ ਪੰਜਾਬ ਦੇ ਉਪ ਪ੍ਰਧਾਨ ਪ੍ਰੋ. ਜਸਵੰਤ ਸਿੰਘ ਗੱਜਣਮਾਜਰਾ ਨੇ ਗੱਲਬਾਤ ਦੌਰਾਨ ਕੀਤਾ।
ਉਨ੍ਹਾਂ ਆਖਿਆ ਕਿ ਪਿਛਲੇ ਲੰਬੇ ਸਮੇਂ ਤੋਂ ਵਿਧਾਨ ਸਭਾ ਹਲਕਾ ਅਮਰਗੜ੍ਹ ਦੀਆਂ ਸੜਕਾਂ ਦੇ ਮੰਦੜੇ ਹਾਲ ਦੀ – ਕਹਾਣੀ ਕਿਸੇ ਤੋਂ ਲੁਕੀ ਨਹੀਂ ਹੈ।ਇਸ ਲਈ ਉਨ੍ਹਾਂ ਵਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਾਲ ਕੀਤੀਆਂ ਮੀਟਿੰਗਾਂ ਤੋਂ ਬਾਅਦ ਹਲਕੇ ਦੀਆਂ ਸੜਕਾਂ ਨੂੰ ਨਵੀਂ ਦਿੱਖ ਪ੍ਰਦਾਨ ਕਰਨ ਲਈ ਕੀਤੀ ਚਾਰਾਜੋਈ ਸਦਕਾ ਮਲੇਰਕੋਟਲਾ ਤੋਂ ਮਲੌਦ ਮੁੱਖ ਸੜਕ ਜਿਸ ਨੂੰ ਲੈ ਕੇ ਪਿਛਲੇ ਸਮੇਂ ਧਰਨੇ ਅਤੇ ਮੁਜ਼ਾਹਰੇ ਹੁੰਦੇ ਰਹੇ ਸਨ ਹੁਣ ਉਹ ਸੜਕ ਵੀ ਮਨਜ਼ੂਰ ਹੋ ਚੁੱਕੀ ਹੈ।
ਸ ਨੂੰ ਬਾਦਸ਼ਾਹਪੁਰ ਮੰਡਿਆਲਾ ਤੋਂ ਲੈ ਕੇ ਵਾਇਆ ਸਰੌਦ ਤੋਂ ਸੀਹਾਂ ਦੰਦ ਦੀ ਹੋਂਦ ਤਕ ਤਿਆਰ ਕੀਤਾ ਜਾਵੇਗਾ। ਪ੍ਰੋ. ਗੱਜਣਮਾਜਰਾ ਨੇ ਆਖਿਆ ਕਿ ਇਸੇ ਤਰ੍ਹਾਂ ਮਲੇਰਕੋਟਲਾ-ਲੁਧਿਆਣਾ ਮੁੱਖ ਸੜਕ ਤੋਂ ਲੈ ਕੇ ਵਾਇਆ ਜਿੱਤਵਾਲ ਹੁੰਦੀ ਹੋਈ ਨਵੀਂ 18 ਫੁੱਟੀ ਸੜਕ ਨੂੰ ਮਨਜ਼ੂਰੀ ਮਿਲ ਚੁੱਕੀ ਹੈ ਜਿਸ ਦਾ ਪਿੰਡ ਮਤੋਈ ਤੱਕ ਨਿਰਮਾਣ ਕੀਤਾ ਜਾਵੇਗਾ ਅਤੇ ਆਉਂਦੇ ਸਮੇਂ ਅੰਦਰ ਖੰਨਾ-ਮਾਲੇਰਕੋਟਲਾ ਮੁੱਖ ਸੜਕ ਦੀ ਪ੍ਰਪੋਜ਼ਲ ਬਣਾ ਕੇ ਵੀ ਸਬੰਧਤ ਵਿਭਾਗ ਨੂੰ ਭੇਜੀ ਜਾ ਚੁੱਕੀ ਹੈ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਦੇ ਹਲਕੇ ਧੂਰੀ ਤੋਂ ਹਲਕਾ ਅਮਰਗੜ੍ਹ ਨੂੰ ਆਉਂਦੀਆਂ ਸੜਕਾਂ ਦਾ ਵੱਡੀ ਪੱਧਰ 'ਤੇ ਨਵੀਨੀਕਰਨ ਕੀਤਾ ਜਾਵੇਗਾ ਇਸ ਲਈ ਸੁਭਾਵਿਕ ਹੈ ਕਿ ਇਨ੍ਹਾਂ ਸੜਕਾਂ ਦਾ ਵੱਡਾ ਫ਼ਾਇਦਾ ਹਲਕਾ ਅਮਰਗੜ੍ਹ ਦੇ ਲੋਕਾਂ ਨੂੰ ਹੋਵੇਗਾ ਅਤੇ ਹਲਕੇ ਅੰਦਰ ਸੜਕੀ ਵਿਕਾਸ ਨੂੰ ਨਵੀਂ ‘ਆਲਮੀ ਪੁੱਠ` ਚਾੜ੍ਹ ਕੇ ਵਿਕਾਸ ਦੀ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਪ੍ਰੋ. ਗੱਜਣਮਾਜਰਾ ਨੇ ਹਲਕੇ ਅੰਦਰ ਨਹਿਰੀ ਪਾਣੀ ਦੀ ਆਮਦ ਦਾ ਖ਼ੁਲਾਸਾ ਕਰਦਿਆਂ ਆਖਿਆ ਕਿ ਇਸ ਦੇ ਲਈ ਉਨ੍ਹਾਂ ਵਲੋਂ ਭੇਜਿਆ ਪ੍ਰਾਜੈਕਟ ਪਾਸ ਹੋ ਚੁੱਕਿਆ ਹੈ ਅਤੇ ਅਗਲੇ ਸਮੇਂ ਨੂੰ ਉਸ 'ਤੇ ਕੰਮ ਚਾਲੂ ਹੋ ਜਾਵੇਗਾ।