ਸਰਹਿੰਦ ਪਟਿਆਲਾ ਬਾਈਪਾਸ 'ਤੇ ਵੱਡਾ ਹਾਦਸਾ: ਫਲਾਈਓਵਰ ਤੋਂ ਬੋਲੈਰੋ ਸੜਕ ’ਤੇ ਡਿੱਗੀ; ਪੰਜ ਜ਼ਖ਼ਮੀ
ਕੁਲਵੰਤ ਸਿੰਘ ਬੱਬੂ, 22 ਸਤੰਬਰ 2022
ਰਾਜਪੁਰਾ 22 ਸਤੰਬਰ 2022- ਬੀਤੇ ਦਿਨੀਂ ਇਥੋਂ ਦੇ ਸਰਹਿੰਦ-ਪਟਿਆਲਾ ਬਾਈਪਾਸ ’ਤੇ ਮੁਕਤ ਸਕੂਲ ਕੋਲ ਫਲਾਈਓਵਰ ਤੋਂ ਇੱਕ ਬੈਕਾਬੂ ਬੋਲੈਰੋ ਗੱਡੀ ਸੜਕ ’ਤੇ ਡਿੱਗਣ ਕਾਰਨ ਪੰਜ ਸਵਾਰੀਆਂ ਜ਼ਖ਼ਮੀ ਹੋ ਗਈਆਂ। ਪ੍ਰਾਪਤ ਜਾਣਕਾਰੀ ਅਨੁਸਾਰ ਹਰਮਨ ਸਿੰਘ, ਨਵਦੀਪ ਸਿੰਘ ਰਣਬੀਰ ਕੌਰ, ਗੁਰਜੀਤ ਕੌਰ ਅਤੇ ਤਰਵਿੰਦਰ ਕੌਰ ਵਾਸੀਆਨ ਪਿੰਡ ਲਾਡ ਵਣਜਾਰਾ ਜ਼ਿਲ੍ਹਾ ਸੰਗਰੂਰ ਬਲੈਰੋ ਗੱਡੀ ਵਿੱਚ ਸਵਾਰ ਹੋ ਕੇ ਚੰਡੀਗੜ੍ਹ ਤੋਂ ਪਿੰਡ ਪਰਤ ਰਹੇ ਸਨ।
ਬਾਅਦ ਦੁਪਹਿਰ ਜਦੋਂ ਇਨ੍ਹਾਂ ਦੀ ਬਲੈਰੋ ਗੱਡੀ ਸਰਹਿੰਦ-ਪਟਿਆਲਾ ਬਾਈਪਾਸ ਤੋਂ ਲੰਘ ਰਹੀ ਸੀ ਤਾਂ ਮੁਕਤ ਪਬਲਿਕ ਸਕੂਲ ਨੇੜਲੇ ਫਲਾਈਓਵਰ ’ਤੇ ਇਨ੍ਹਾਂ ਦੀ ਗੱਡੀ ਅੱਗੇ ਅਚਾਨਕ ਕਿਸੇ ਹੋਰ ਗੱਡੀ ਚਾਲਕ ਵੱਲੋਂ ਬਰੇਕ ਲਗਾ ਦੇਣ ਕਾਰਨ ਇਹ ਬੋਲੈਰੋ ਗੱਡੀ ਬੇਕਾਬੂ ਹੋ ਕੇ ਫਲਾਈਓਵਰ ਤੋਂ ਹੇਠਾਂ ਸੜਕ ਉੱਤੇ ਡਿੱਗ ਗਈ। ਜਿਸ ਕਾਰਨ ਉਸ ਵਿੱਚ ਸਵਾਰ ਪੰਜ ਜਣੇ ਜ਼ਖ਼ਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਰਾਜਪੁਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।