ਪਿੰਡ ਮਹਿੰਦਵਾਣੀ ਵਿਖੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਵੱਲੋਂ ਸਾਬਣ ਫੈਕਟਰੀ ਦੇ ਖਿਲਾਫ ਪੱਕਾ ਮੋਰਚਾ ਲਾਇਆ
ਬਾਬੂਸ਼ਾਹੀ ਨੈਟਵਰਕ
ਗੜ੍ਹਸ਼ੰਕਰ 22 ਸਤੰਬਰ,2022
ਜ਼ਿਲ੍ਹਾ ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਅਧੀਨ ਪੈਂਦੇ ਇਲਾਕਾ ਬੀਤ ਦੇ ਪਿੰਡ ਮਹਿੰਦਵਾਣੀ ਵਿਖੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਵੱਲੋਂ ਸਾਬਣ ਫੈਕਟਰੀ ਦੇ ਪ੍ਰਦੂਸ਼ਣ ਅਤੇ ਭਾਰੀ ਵਾਹਨਾਂ/ਟਿੱਪਰਾਂ ਦੇ ਖਿਲਾਫ ਲਗਾਏ ਗਏ ਪੱਕੇ ਮੋਰਚੇ ਨੂੰ ਉਸ ਸਮੇਂ ਭਾਰੀ ਬੱਲ ਮਿਲਿਆ ਜਦੋਂ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੰਗਰਾਮੀ ਲਹਿਰ ਦੇ ਮੈਨੇਜਰ ਕਾਮਰੇਡ ਗੁਰਦਰਸ਼ਨ ਬੀਕਾ ਵਿਸ਼ੇਸ਼ ਤੌਰ ਤੇ 48ਵੇਂ ਦਿਨ ਦੇ ਧਰਨੇ ਨੂੰ ਸੰਬੋਧਨ ਕਰਨ ਲਈ ਪੁਹੰਚੇ। ਸਾਥੀ ਪਾਂਸਲਾ ਨੇ ਆਪਣੇ ਸੰਬੋਧਨ ਦੌਰਾਨ ਜਿੱਥੇ ਦੇਸ਼ ਅੰਦਰ ਹਾਕਮ ਜਮਾਤਾਂ ਅਤੇ ਪੂੰਜੀਪਤੀਆਂ ਵੱਲੋਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ, ਕੁਦਰਤੀ ਸਾਧਨਾਂ ਹਵਾ ਪਾਣੀ ਦੂਸ਼ਿਤ ਕਰਨ ਅਤੇ ਗ਼ਰੀਬ ਲੋਕਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਉਜਾਗਰ ਕੀਤਾ ਉੱਥੇ ਸੰਘਰਸ਼ ਕਮੇਟੀ ਦੇ ਆਗੂਆਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਅਤੇ ਹੱਕ ਸੱਚ ਇਨਸਾਫ਼ ਲਈ ਲੜੇ ਜਾ ਰਹੇ ਇਸ ਸੰਘਰਸ਼ ਵਿੱਚ ਪੰਜਾਬ ਦੇ ਕਿਸਾਨਾਂ ਮਜ਼ਦੂਰਾਂ, ਨੌਜਵਾਨਾਂ ਨੂੰ ਸ਼ਾਮਿਲ ਕਰਵਾਉਣ ਲਈ ਅਹਿਮ ਭੂਮਿਕਾ ਨਿਭਾਉਣ ਦਾ ਵਾਇਦਾ ਵੀ ਕੀਤਾ।
ਪਿਛਲੇ ਦਿਨੀਂ ਪਿੰਡ ਟਿੱਬਿਆਂ ਵਿੱਚ ਕੈਂਡਲ ਮਾਰਚ ਅਤੇ ਵੱਡਾ ਜਲਸਾ ਕਰਨ ਤੋਂ ਬਾਅਦ ਅੱਜ ਪਿੰਡ ਕੋਟ ਵਿੱਖੇ ਵਿਸ਼ਾਲ ਕੈਂਡਲ ਮਾਰਚ ਕਰਨ ਤੋਂ ਬਾਅਦ ਕੀਤੀ ਗਈ ਰੈਲੀ ਨੂੰ ਪਿੰਡ ਵਾਸੀਆਂ ਤੋਂ ਇਲਾਵਾ ਸੰਘਰਸ਼ ਕਮੇਟੀ ਦੇ ਆਗੂਆਂ ਕਮਲ ਕਟਾਰੀਆ, ਗ਼ਰੀਬ ਦਾਸ ਬੀਟਨ, ਕੁਲਭੂਸ਼ਣ ਕੁਮਾਰ, ਦਵਿੰਦਰ ਰਾਣਾ, ਪੰਮੀ ਕਸਾਣਾ ਸਰਪੰਚ, ਸੂਬੇਦਾਰ ਅਸ਼ੋਕ ਕੁਮਾਰ, ਕੈਪਟਨ ਪ੍ਰਕਾਸ਼ ਚੰਦ ਲਾਦੀ, ਅਜੇ ਕੁਮਾਰ ਬਾਰਾ ਪੁਰ, ਕੁਲਦੀਪ ਸਿੰਘ ਕੋਟ ਨੇ ਸੰਬੋਧਨ ਕੀਤਾ। ਪਿੰਡ ਮਹਿੰਦਵਾਣੀ ਵਿਖੇ ਲੋਕ ਬਚਾਓ ਪਿੰਡ ਬਚਾਓ ਸੰਘਰਸ਼ ਕਮੇਟੀ ਵੱਲੋਂ ਲਗਾਏ ਗਏ ਪੱਕੇ ਮੋਰਚੇ ਦੇ 48ਵੇਂ ਦਿਨ ਦੇ ਧਰਨੇ ਨੂੰ ਕੁਲਵਿੰਦਰ ਬਿੱਟੂ, ਮੈਡਮ ਸਰਿਤਾ ਸ਼ਰਮਾ, ਕਾਮਰੇਡ ਰਵਿੰਦਰ ਜੋਸ਼ੀ, ਐਡਵੋਕੇਟ ਬ੍ਰਿਜ ਨੰਦਨ ਰਾਣਾ, ਚੌਧਰੀ ਹੁਸਨ ਲਾਲ ਪੰਡੋਰੀ, ਰਾਮਜੀ ਦਾਸ ਚੌਹਾਨ, ਨਰੇਸ਼ ਰਾਣਾ, ਪਿਆਰਾ ਸਿੰਘ ਬੇਹਲੀ, ਸ਼ਾਮ ਲਾਲ ਅਤੇ ਸੁਰਿੰਦਰ ਸ਼ਰਮਾਂ ਜੀ ਨੇ ਸੰਬੋਧਨ ਕੀਤਾ ਅਤੇ ਸਾਬਣ ਫੈਕਟਰੀ ਦੇ ਮਾਲਕ, ਪੰਜਾਬ/ਹਿਮਾਚਲ ਪ੍ਰਸ਼ਾਸ਼ਨ, ਦੋਨਾਂ ਸੂਬਾਈ ਸਰਕਾਰਾਂ ਵਲੋਂ ਸੰਘਰਸ਼ ਕਮੇਟੀ ਦੀਆਂ ਮੰਗਾਂ ਮੰਨਣ ਤੱਕ ਘੋਲ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ।