ਰਾਜਪਾਲ ਦੇ ਅਹੁਦੇ ਨੂੰ ਕਿਸੇ ਆਪ੍ਰੇਸ਼ਨ ਨਾਲ ਜੋੜਨਾ ਸੰਵਿਧਾਨਿਕ ਅਹੁਦੇ ਦੀ ਤੌਹੀਨ-ਪਰਵੇਸ਼ ਸੋਨੀ
ਆਪ ਆਗੂ ਗਵਰਨਰ ਦੇ ਅਹੁਦੇ 'ਤੇ ਸਵਾਲ ਚੁੱਕਣ ਤੋਂ ਪਹਿਲਾਂ ਗਵਰਨਰ ਦੀਆਂ ਅਖਤਿਆਰੀ, ਸਥਿਤੀਜਨਕ ਅਤੇ ਸੰਵਿਧਾਨਿਕ ਸ਼ਕਤੀਆਂ ਦਾ ਅਧਿਐਨ ਕਰਨ
ਬਾਬੂਸ਼ਾਹੀ ਨੈਟਵਰਕ
ਰੂਪਨਗਰ, 22 ਸਤੰਬਰ 2022
ਬੀਤੇ ਦਿਨੀਂ ਰਾਜਪਾਲ ਵਲੋਂ ਪੰਜਾਬ ਸਰਕਾਰ ਦੇ ਭਰੋਸਗੀ ਮਤੇ 'ਤੇ ਸੱਦੇ ਸ਼ੈਸ਼ਨ ਨੂੰ ਰੱਦ ਕਰਨ ਮਗਰੋਂ ਆਪ ਆਗੂਆਂ ਦੀਆਂ ਪ੍ਰਤਿਕ੍ਰਿਆ ਬੇਹੱਦ ਨਿੰਦਣਯੋਗ ਹੈ। ਰਾਜਪਾਲ ਨੂੰ ਕਿਸੇ ਆਪ੍ਰੇਸ਼ਨ ਦਾ ਹਿੱਸਾ ਦੱਸਣਾ ਅਤੇ ਉਹਨਾਂ ਦੇ ਫੈਸਲੇ ਨੂੰ ਲੋਕਤੰਤਰ ਦਾ ਕਤਲ ਕਰਾਰ ਦੇਣਾ ਇੱਕ ਨਾਸਮਝੀ ਵਾਲਾ ਅਤੇ ਬੇਤੁਕਾ ਬਿਆਨ ਹੈ ਜੋ ਆਪ ਆਗੂਆਂ ਦੀ ਕਮਜੋਕ ਸੰਵਿਧਾਨਿਕ ਸਮਝ ਨੂੰ ਦਰਸ਼ਾਉਂਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਯੂਥ ਕਾਂਗਰਸੀ ਆਗੂ ਪਰਵੇਸ਼ ਸੋਨੀ ਨੇ ਕੀਤਾ।
ਉਹਨਾਂ ਕਿਹਾ ਕਿ ਹਾਲੇ ਸਰਕਾਰ ਬਣੀ ਨੂੰ ਥੋੜਾ ਹੀ ਵਕਫਾ ਹੋਇਆ ਹੈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਇੰਨੇ ਥੋੜੇ ਸਮੇਂ 'ਚ ਹੀ ਬੁਖਲਾਹਟ ਵਿੱਚ ਆ ਗਈ ਹੈ ਕਿ ਬੇਲੋੜੇ ਸ਼ੈਸ਼ਨ ਸੱਦ ਕਿ ਆਪਣੀ ਏਕਤਾ ਨੂੰ ਦਰਸ਼ਾਉਣ ਲਈ ਲੋਕਾਂ ਦੇ ਖਜ਼ਾਨੇ ਨੂੰ ਪਾਣੀ ਵਾਂਗ ਰੋੜਨ 'ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਇੱਕ ਸ਼ੈਸ਼ਨ ਸੱਦ 'ਤੇ ਕਈ ਤਰਾਂ ਦੇ ਭੱਤੇ ਮਿਲਾ ਕੇ ਹੋਰ ਬਿਲਾਂ ਸਮੇਤ ਲੱਖਾਂ ਦਾ ਖਰਚ ਆਉਂਦਾ ਹੈ ਪਰ ਬੇਪਰਵਾਹ ਸਰਕਾਰ ਇਸ ਤੋਂ ਅਨਜਾਣ ਜਾਪਦੀ ਹੈ ਜਾਂ ਫੇਰ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾ ਕੇ ਇਹੋ ਜਿਹੇ ਬੇਤੁਕੇ ਸ਼ੈਸ਼ਨਾਂ ਵਲ ਨੂੰ ਲਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਸੂਬੇ ਦੇ ਰਾਜਪਾਲ ਨੂੰ ਸੰਵਿਧਾਨ ਵਿੱਚੋਂ ਕਈ ਸ਼ਕਤੀਆਂ ਪ੍ਰਾਪਤ ਹਨ ।
ਜਿਸ ਵਿੱਚ ਉਹਨਾਂ ਨੂੰ ਅਖਤਿਆਰੀ ਅਤੇ ਸਥਿਤੀਜਨਕ ਸ਼ਕਤੀਆਂ ਹਾਸਲ ਹੁੰਦੀਆਂ ਹਨ ਅਤੇ ਜੇਕਰ ਪੰਜਾਬ ਵਿਧਾਨ ਸਭਾ ਦੇ ਰੂਲ ਆਫ ਪ੍ਰੋਸਿਜਰਜ ਦੀ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਦੇ ਬਿਜਨਸ ਕੰਡਕਟ ਵਿਚ ਕਿਤੇ ਵੀ ਕਾਨਫੀਡੈਂਸ ਮੋਸ਼ਨ ਦਾ ਜਿਕਰ ਨਹੀਂ ਹੈ ਇਹਨਾਂ ਸਭ ਤੱਥਾਂ ਦੇ ਆਧਾਰ 'ਤੇ ਗਵਰਨਰ ਨੇ ਇਹ ਸ਼ੈਸ਼ਨ ਗੈਰ ਵਾਜਬ ਕਰਾਰ ਦਿੱਤਾ ਹੈ ਤੇ ਰੱਦ ਕਰ ਦਿੱਤਾ ਜੋ ਕਿਸੇ ਵੀ ਪਾਸਿਓ ਅਸੰਵਿਧਾਨਿਕ ਨਹੀਂ ਹੈ। ਉਹਨਾਂ ਕਿਹਾ ਕਿ ਪੰਜਾਬ ਸੂਬਾ ਇਸ ਸਮੇਂ ਰੱਬ ਆਸਰੇ ਹੈ ਜਿਸ ਦੇ ਮੁੱਖ ਮੰਤਰੀ 'ਤੇ ਸ਼ਰਾਬ ਪੀਕੇ ਜਹਾਜ 'ਚੋਂ ਬਾਹਰ ਕੱਢਣ ਦੇ ਇਲਜਾਮ ਲੱਗ ਰਹੇ ਹਨ, ਨੌਜਵਾਨ ਨੌਕਰੀਆਂ ਲਈ ਦਰ ਦਰ ਭਟਕ ਰਹੇ ਹਨ ਅਤੇ ਗੈਰ ਤਜਰਬੇਕਾਰ ਮੰਤਰੀ ਤੇ ਵਿਧਾਇਕ ਆਪਣੀਆਂ ਨਾਕਾਮੀਆਂ ਲੁਕਾਉਣ ਖਾਤਰ ਸੰਵਿਧਾਨਿਕ ਅਹੁਦਿਆਂ ਦੀ ਤੌਹੀਨ ਕਰ ਰਹੇ ਹਨ। ਉਹਨਾਂ ਮੁੱਖ ਮੰਤਰੀ ਨੂੰ ਸਲਾਹ ਦਿੱਤੀ ਕਿ ਉਹ ਅਤੇ ਉਹਨਾਂ ਦੇ ਵਿਧਾਇਕ ਸੰਵਿਧਾਨ ਸਮੇਤ ਪੰਜਾਬ ਨਾਲ ਸੰਬੰਧਿਤ ਕਾਨੂੰਨਾਂ ਦਾ ਚੰਗੀ ਤਰਾਂ ਅਧਿਐਨ ਕਰਨ ਤੇ ਗੈਰ ਜਿੰਮੇਵਾਰਾਨਾ ਬਿਆਨ ਦੇ ਕੇ ਆਪਣੀ ਕਿਰਕਿਰੀ ਨਾ ਕਰਵਾਉਣ।