ਜਗਰਾਉਂ 'ਚ ਨਾਜਾਇਜ਼ ਸ਼ੈਲਰ ਨੂੰ ਲੈ ਕੇ ਮਾਰਕਫੈੱਡ ਵੱਲੋਂ ਜ਼ਿਲ੍ਹਾ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਨੂੰ ਪੱਤਰ ਲਿਖਿਆ
ਆਪ ਆਗੂ ਗੋਪੀ ਸ਼ਰਮਾ ਨੇ ਜਾਂਚ ਦੀ ਮੰਗ ਕੀਤੀ
ਦੀਪਕ ਜੈਨ, ਬਾਬੂਸ਼ਾਹੀ ਨੈਟਵਰਕ
ਜਗਰਾਉਂ 24 ਸਤੰਬਰ 2022- ਜਗਰਾਉਂ ਵਿੱਚ ਇਕ ਸ਼ੈਲਰ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਨਾਜਾਇਜ਼ ਤੌਰ 'ਤੇ ਚੱਲ ਰਿਹਾ ਹੈ ਅਤੇ ਹੁਣ ਮਾਰਕਫੈੱਡ ਵੱਲੋਂ ਇਸ ਮਾਮਲੇ ਦਾ ਸਖ਼ਤ ਨੋਟਿਸ ਲੈਂਦਿਆਂ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਵਿਭਾਗ ਦੇ ਜ਼ਿਲ੍ਹਾ ਕੰਟਰੋਲਰ ਨੂੰ ਪੱਤਰ ਲਿਖ ਕੇ ਇਸ ਸ਼ੈਲਰ ਵਿਚ ਮਾਲ ਲਗਾਉਣ ਤੋਂ ਪਹਿਲਾਂ ਸ਼ੈਲਰ ਦੀ ਚੈਕਿੰਗ ਕਰਨ ਲਈ ਕਿਹਾ ਗਿਆ ਹੈ। ਇਥੇ ਇਹ ਵਰਣਨਯੋਗ ਹੈ ਕਿ ਆਮ ਆਦਮੀ ਪਾਰਟੀ ਦੇ ਸੂਬਾ ਜੁਆਇੰਟ ਸਕੱਤਰ ਗੋਪੀ ਸ਼ਰਮਾ ਵਲੋਂ ਪਿਛਲੇ ਲਮੇ ਸਮੇਂ ਤੋ ਨਜਾਇਜ ਸ਼ੈਲਰਾ ਦਾ ਮੁੱਦਾ ਚੁੱਕਿਆ ਹੋਇਆ ਹੈ ਅਤੇ ਭ੍ਰਿਸ਼ਟਾਚਾਰ ਕਰਨ ਵਾਲੇ ਅਧਿਕਾਰੀਆ ਖਿਲਾਫ ਵੀ ਮੋਰਚਾ ਖੋਲ੍ਹਿਆ ਹੋਇਆ ਹੈ।
ਜਿਸ ਕਾਰਨ ਹੁਣ ਮਾਰਕਫੈਡ ਵਲੋਂ ਪੱਤਰ ਨ. 2022/2362 ਰਾਹੀਂ ਜ਼ਿਲ੍ਹਾ ਕੰਟਰੋਲਰ ਨੂੰ ਇਹ ਕਿਹਾ ਗਿਆ ਹੈ ਕਿ ਐਸ ਡੀ ਰਾਈਸ ਮਿਲ ਜਗਰਾਉਂ ਅਤੇ ਸ਼੍ਰੀ ਓਮ ਰਾਈਸ ਮਿਲ ਜਗਰਾਉਂ ਵਲੋਂ ਓਮ ਰਾਈਸ ਮਿਲ ਜਗਰਾਉਂ ਤੋਂ ਜਮੀਨ ਪਟੇ 'ਤੇ ਲੈ ਕੇ ਸ਼ੈਲਰ ਲਗਾਏ ਹੋਏ ਹਨ ਪਰ ਓਮ ਰਾਈਸ ਮਿਲ ਜਗਰਾਉਂ ਕਿਸੇ ਵੀ ਵਿਭਾਗ ਨੂੰ ਅਲਾਟ ਨਹੀਂ ਹੈ। ਮਾਰਕਫੈਡ ਵਲੋਂ ਇਹ ਨਿਰਦੇਸ਼ ਹਨ ਕਿ ਇਨ੍ਹਾਂ ਮਿਲਾ ਦੀ ਝੋਨਾ ਫਸਲ ਸਾਲ 2022-23 ਦੀ ਕਸਟਮ ਮਿਲਿਗ ਲਈ ਅਲਾਟਮੈਟ ਤੋਂ ਪਹਿਲਾਂ ਸ਼ਿਕਾਇਤਕਰਤਾ ਵਲੋ ਕੀਤੀ ਗਈ ਸ਼ਿਕਾਇਤ ਦੀ ਮੁਕੰਮਲ ਪੜਤਾਲ ਕਰਾਉਣ ਦੀ ਸਿਫਾਰਿਸ਼ ਕੀਤੀ ਗਈ ਹੈ।
ਆਪ ਆਗੂ ਗੋਪੀ ਸ਼ਰਮਾ ਦਾ ਕਹਿਣਾ ਹੈ ਕਿ ਮਾਰਕਫੈਡ ਦੇ ਇਸ ਪੱਤਰ ਤੋਂ ਬਾਅਦ ਹੁਣ ਸਾਫ ਹੋ ਗਿਆ ਹੈ ਕਿ ਅਧਿਕਾਰੀਆਂ ਦੀ ਮਿਲੀਭਗਤ ਨਾਲ ਇਹ ਸ਼ੈਲਰ ਪਿਛਲੇ ਕਈ ਵਰਿਆਂ ਤੋਂ ਚਲ ਰਿਹਾ ਹੈ ਅਤੇ ਪੁਛਿਆ ਕਿ ਆਖਰ ਕਿਹੜੇ ਅਧਿਕਾਰੀਆਂ ਦੀ ਮਿਲੀਭਗਤ ਨਾਲ ਕਰੋੜਾਂ ਰੁਪਏ ਦਾ ਝੋਨਾ ਇਸ ਸ਼ੈਲਰ ਵਿੱਚ ਲਗਾਇਆ ਗਿਆ। ਉਨ੍ਹਾਂ ਇਸ ਮਾਮਲੇ ਦੇ ਦੋਸ਼ੀਆ ਖਿਲਾਫ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਇਸ ਬਾਰੇ ਜਦੋਂ ਡੀਐਫਐਸਸੀ ਮੀਨਾਕਸ਼ੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮਾਰਕਫੈਡ ਵਲੋਂ ਭੇਜੇ ਗਏ ਪੱਤਰ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਸ਼ੈਲਰ ਦੀ ਜਾਂਚ ਕੀਤੀ ਜਾਵੇਗੀ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਪਤਰਕਾਰਾ ਵਲੋਂ ਜਦੋਂ ਉਨ੍ਹਾਂ ਨੂੰ ਇਹ ਪੁਛਿਆ ਗਿਆ ਕਿ ਕਈ ਸਾਲਾ ਤੋ ਇਥੇ ਲਗ ਰਹੇ ਝੋਨੇ ਦੀ ਇਜਾਜ਼ਤ ਦੇਣ ਵਾਲੇ ਅਧਿਕਾਰੀਆਂ ਬਾਰੇ ਦਸੋ ਤਾਂ ਉਨ੍ਹਾਂ ਕਿਹਾ ਕਿ ਉਹ ਅਧਿਕਾਰੀ ਆਪ ਹੀ ਦੱਸ ਸਕਦੇ ਹਨ।