2015 ਵਿਚ ਹੀ ਮੋਦੀ ਸਰਕਾਰ ਨੇ ਏਅਰਪੋਰਟ ਦਾ ਨਾਮ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਨਾਮ 'ਤੇ ਰੱਖਣ ਨੂੰ ਕਿਉਂ ਨਹੀਂ ਦਿੱਤੀ ਮਨਜੂਰੀ ? - ਕਾਂਗਰਸ
- ਜੇ ਕਾਂਗਰਸੀ ਸਾਂਸਦ ਰਵਨੀਤ ਬਿੱਟੂ ਨੇ 2015 ਵਿਚ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਦੇ ਨਾਮ 'ਤੇ ਰੱਖਣ ਦਾ ਮੁੱਦਾ ਨਾ ਚੁੱਕਿਆ ਹੁੰਦਾ ਤਾਂ ਅੱਜ ਏਅਰਪੋਰਟ ਆਰ.ਐਸ.ਐਸ. ਦੇ ਹਿੰਦੁਤਵ ਦਾ ਪ੍ਰਤੀਕ ਹੋਣਾ ਸੀ-ਪ੍ਰਵੇਸ਼ ਸੋਨੀ
ਰੂਪਨਗਰ, 25 ਸਤੰਬਰ 2022 - ਭਾਜਪਾ ਸਰਕਾਰ ਪੰਜਾਬ ਨੂੰ ਲੈ ਕੇ ਆਪਣਾ ਸਟੈਂਡ ਸਪੱਸ਼ਟ ਕਰੇ ਕਿਉਂਕਿ 2015 ਵਿਚ ਜਿਹੜੀ ਹਰਿਆਣੇ ਦੀ ਭਾਜਪਾ ਸਰਕਾਰ ਨੇ ਉਦੋਂ ਦੀ ਮੋਦੀ ਸਰਕਾਰ ਨੂੰ ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਜੀ ਦੇ ਨਾਮ 'ਤੇ ਰੱਖਣ ਦੀ ਬਜਾਏ ਆਰ.ਐਸ.ਐਸ. ਦੇ ਪ੍ਰਚਾਰਕ ਮੰਗਲ ਸੈਨ ਦੇ ਨਾਮ 'ਤੇ ਰੱਖਣ ਦਾ ਮਤਾ ਪਾ ਕੇ ਭੇਜਿਆ ਸੀ, ਉਦੋਂ ਤੋਂ ਲੈ ਕੇ ਮੋਦੀ ਸਰਕਾਰ ਨੂੰ ਇਹ ਫ਼ੈਸਲਾ ਲੈਣ ਲਈ 7 ਸਾਲ ਦਾ ਸਮਾਂ ਕਿਉਂ ਲੱਗ ਗਿਆ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਾਂਗਰਸੀ ਆਗੂ ਪ੍ਰਵੇਸ਼ ਸੋਨੀ ਨੇ ਕੀਤਾ।
ਉਨ੍ਹਾਂ ਕਿਹਾ ਕਿ ਮੋਦੀ ਸਾਹਬ ਜਦੋਂ ਜੀਅ ਕਰਦਾ ਆਪਣੇ ਮਨ ਕੀ ਬਾਤ ਤਾਂ ਸੁਣਾ ਦਿੰਦੇ ਹਨ ਪਰ ਜਨਤਾ ਦੇ ਦਿਲ ਦੀ ਬਾਤ ਆਖ਼ਰ ਮੋਦੀ ਸਾਹਿਬ ਕਦੋਂ ਸਮਝਣਗੇ। 2015 ਵਿਚ ਖੱਟਰ ਸਰਕਾਰ ਵਲੋਂ ਕੇਂਦਰ ਸਰਕਾਰ ਨੂੰ ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਏ ਆਜ਼ਮ ਭਗਤ ਸਿੰਘ ਜੀ ਦੇ ਨਾਮ ਦੀ ਥਾਂ 'ਤੇ ਆਰ.ਐਸ.ਐਸ ਪ੍ਰਚਾਰਕ ਮੰਗਲ ਸੇਨ ਦੇ ਨਾਮ 'ਤੇ ਰੱਖਣ ਦਾ ਮਤਾ ਪਾ ਕੇ ਭੇਜਣ ਸੰਬੰਧੀ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਜੇਕਰ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਜੀ ਨੂੰ ਸਤਿਕਾਰ ਦੇਣਾ ਚਾਹੁੰਦੀ ਤਾਂ ਉਦੋਂ ਦਿੱਤਾ ਜਾ ਸਕਦਾ ਸੀ ਪਰੰਤੂ ਹੈਰਾਨੀ ਇਸ ਗੱਲ ਦੀ ਹੈ ਕਿ ਮੋਦੀ ਸਾਹਿਬ ਨੇ ਇਸ ਫ਼ੈਸਲੇ ਨੂੰ ਲੈਣ ਲਈ 2022 ਤੱਕ ਐਨਾ ਸਮਾਂ ਲਗਾ ਦਿੱਤਾ।
ਉਨ੍ਹਾਂ ਕਿਹਾ ਕਿ ਉਸ ਵੇਲੇ ਕਾਂਗਰਸ ਦੇ ਸਾਂਸਦ ਸ. ਰਵਨੀਤ ਸਿੰਘ ਬਿੱਟੂ ਨੇ ਹੀ ਸਾਂਸਦ ਵਿਚ ਅਡਜਰਨਮੈਂਟ ਮੋਸ਼ਨ ਦੇ ਕੇ ਇਹ ਮੁੱਦਾ ਚੁੱਕਿਆ ਸੀ ਕਿ ਏਅਰਪੋਰਟ ਦਾ ਨਾਮ ਸ਼ਹੀਦ ਏ ਆਜ਼ਮ ਸ. ਭਗਤ ਸਿੰਘ ਜੀ ਦੇ ਨਾਮ 'ਤੇ ਰੱਖਿਆ ਜਾਵੇ ਪਰੰਤੂ ਹੁਣ 2024 ਚੋਣਾਂ ਨੇੜੇ ਆਉਂਦੀਆਂ ਵੇਖ ਭਾਜਪਾ ਨੇ ਇਹ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਜਦੋਂ ਵੀ ਭਾਜਪਾ ਹਿੰਦੁਤਵ ਦੇ ਏਜੰਡੇ ਨੂੰ ਫੈਲਾਉਣ ਦੇ ਯਤਨ ਕਰੇਗੀ ਉਦੋਂ ਉਦੋਂ ਕਾਂਗਰਸ ਦੇ ਸਿਪਾਹੀ ਆਪਣੇ ਹੱਕਾਂ ਲਈ ਸਰਕਾਰ ਅੱਗੇ ਡਟਣਗੇ। ਉਨ੍ਹਾਂ ਇਸ ਐਲਾਨ ਦਾ ਅਸਲੀ ਕ੍ਰੈਡਿਟ ਸ. ਰਵਨੀਤ ਸਿੰਘ ਬਿੱਟੂ ਨੂੰ ਦਿੱਤਾ ਜਿਨ੍ਹਾਂ 2015 ਵਿਚ ਇਹ ਮੁੱਦਾ ਚੁੱਕਿਆ ਤੇ ਭਾਜਪਾ ਸਰਕਾਰ ਨੂੰ ਮਜ਼ਬੂਰ ਕਰ ਦਿੱਤਾ ਕਿ ਆਰ.ਐਸ.ਐਸ. ਦੇ ਪ੍ਰਚਾਰਕ ਦੀ ਥਾਂ ਪੰਜਾਬ ਯੂਥ ਦੇ ਰੋਲ ਮਾਡਲ ਸ. ਭਗਤ ਸਿੰਘ ਜੀ ਦੇ ਨਾਮ 'ਤੇ ਏਅਰਪੋਰਟ ਦਾ ਨਾਮ ਰੱਖੇ।