ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਲਈ ਲੋਕਾਂ ਦੇ ਸਹਿਯੋਗ ਦੀ ਲੋੜ : ਭਗਵੰਤ ਮਾਨ
- ਸਾਥ ਸਮਾਜਿਕ ਗੂੰਜ਼ ਦੀ ਟੀਮ ਨਾਲ ਜਲਦ ਮੀਟਿੰਗ ਕਰਨ ਦਾ ਦਿਵਾਇਆ ਵਿਸ਼ਵਾਸ਼
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 25 ਸਤੰਬਰ 2022 - ਬਾਬਾ ਫਰੀਦ ਆਗਮਨ ਪੁਰਬ ਦੀ ਖੁਸ਼ੀ ਵਿੱਚ ਫਰੀਦਕੋਟ ਵਿਖੇ ਚੱਲ ਰਹੇ ਪੋ੍ਰਗਰਾਮਾਂ ਵਿੱਚ ਸ਼ਾਮਲ ਹੋਣ ਅਤੇ ਦੇਸ਼ ਦੇ ਵੱਖ ਵੱਖ ਰਾਜਾਂ ਦੀਆਂ ਵਿਰਾਸਤੀ ਪ੍ਰਦਰਸ਼ਨੀਆਂ ਦੇਖਣ ਲਈ ਪੁੱਜੇ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਨੇ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਸਮੇਤ ਸੂਬੇ ਭਰ ਦੇ ਹਰੇਕ ਨਾਗਰਿਕ ਤੋਂ ਸਹਿਯੋਗ ਲੈਣ ਦਾ ਸੱਦਾ ਦਿੱਤਾ ਤਾਂ ਸੀਨੀਅਰ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ 'ਸਾਥ ਸਮਾਜਿਕ ਗੂੰਜ਼' ਦੇ ਸੰਸਥਾਪਕ ਗੁਰਵਿੰਦਰ ਸਿੰਘ ਜਲਾਲੇਆਣਾ ਨੇ ਬੇਰੁਜਗਾਰਾਂ ਨੂੰ ਰੁਜਗਾਰ ਦੇਣ, ਵਾਤਾਵਰਣ ਦੀ ਸੰਭਾਲ, ਸਿਹਤ ਤੰਦਰੁਸਤੀ, ਪਾਣੀ ਦੀ ਬੱਚਤ, ਆਰਟੀਆਈ, ਡਿਜੀਟਲ ਇੰਡੀਆ, ਮਨੁੱਖੀ ਅਧਿਕਾਰ ਵਰਗੇ ਅਨੇਕਾਂ ਅਜਿਹੇ ਨੁਕਤੇ ਸਾਂਝੇ ਕੀਤੇ, ਜਿੰਨਾ ਲਈ ਨਾ ਤਾਂ ਗਵਰਨਰ ਤੋਂ ਆਗਿਆ ਲੈਣ ਦੀ ਅਤੇ ਨਾ ਹੀ ਰਾਖਵੇਂ ਬੱਜਟ ਲਈ ਰਕਮ ਪਾਸ ਕਰਨ ਦੀ ਜਰੂਰਤ ਹੈ।
ਉਹਨਾ ਦੱਸਿਆ ਕਿ ਅਸੀਂ ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਨਾਲ ਰਲ ਕੇ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ਵਿੱਚ ਸਥਿੱਤ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਸਮੇਤ ਅਨੇਕਾਂ ਵਿਦਿਅਕ ਅਦਾਰਿਆਂ ਅਤੇ ਧਾਰਮਿਕ ਸਥਾਨਾਂ ਵਿੱਚ ਪ੍ਰੋਜੈਕਟਰ ਰਾਹੀਂ ਸਲਾਈਡ ਸ਼ੋਅ ਦਿਖਾ ਕੇ ਲੋਕਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ । ਸਾਡਾ ਇੱਕੋ ਇਕ ਏਜੰਡਾ ਤੰਦਰੁਸਤ ਸਮਾਜ ਅਤੇ ਸਿਹਤਮੰਦ ਪੰਜਾਬ ਦੀ ਸਿਰਜਣਾ ਕਰਨਾ ਹੈ ।
ਭਗਵੰਤ ਸਿੰਘ ਮਾਨ ਨੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਰਾਹੀਂ ਜਲਦ ਮੀਟਿੰਗ ਲਈ ਸੱਦਾ ਦੇਣ ਦਾ ਭਰੋਸਾ ਦਿਵਾਉਂਦਿਆਂ ਆਖਿਆ ਕਿ ਨਵੀਂ ਪੀੜੀ ਦਾ ਭਵਿੱਖ ਸੁੰਦਰ ਅਤੇ ਸੁਰੱਖਿਅਤ ਬਣਾਉਣ ਲਈ ਸਾਨੂੰ ਸਾਰਿਆਂ ਨੂੰ ਸਿਰਜੋੜ ਕੇ ਬੈਠਣਾ ਪਵੇਗਾ । ਇਸ ਮੌਕੇ ਸ੍ਰ ਮਾਨ ਨਾਲ ਕੁਲਤਾਰ ਸਿੰਘ ਸੰਧਵਾਂ ਸਮੇਤ ਡਾ ਬਲਜੀਤ ਕੌਰ ਕੈਬਨਿਟ ਮੰਤਰੀ, ਗੁਰਦਿੱਤ ਸਿੰਘ ਸੇਖੋਂ, ਅਮੋਲਕ ਸਿੰਘ ਜੈਤੋ ਅਤੇ ਹੋਰ ਵੀ ਵੱਖ ਵੱਖ ਹਲਕਿਆਂ ਦੇ ਵਿਧਾਇਕ ਹਾਜਰ ਸਨ ।