ਪੂਰੇ ਉਤਸ਼ਾਹ ਨਾਲ ਮਨਾਇਆ ਜਾਵੇਗਾ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦਾ 115ਵਾਂ ਜਨਮ ਦਿਵਸ - ਡੀ ਸੀ ਮੋਗਾ
- ਲੋਕ ਘਰਾਂ ਉੱਤੇ ਤਿਰੰਗਾ ਲਹਿਰਾਉਣ ਅਤੇ ਰਾਤ ਨੂੰ ਦੀਵੇ ਮੋਮਬੱਤੀਆਂ ਜਗਾਉਣ - ਡਿਪਟੀ ਕਮਿਸ਼ਨਰ
- ਸਾਈਕਲ ਰੈਲੀ, ਕੈਂਡਲ ਲਾਈਟ ਮਾਰਚ, ਪ੍ਰਦਰਸ਼ਨੀ ਮੈਚ ਅਤੇ ਦੇਸ਼ ਭਗਤੀ ਦੀਆਂ ਪੇਸ਼ਕਾਰੀਆਂ ਰਹਿਣਗੀਆਂ ਖਿੱਚ ਦਾ ਕੇਂਦਰ
- ਜ਼ਿਲ੍ਹਾ ਮੋਗਾ ਵਿੱਚ ਕਰਾਈਆਂ ਜਾਣ ਵਾਲੀਆਂ ਸਰਗਰਮੀਆਂ ਦਾ ਵੇਰਵਾ
ਗੁਰਪ੍ਰੀਤ ਸਿੰਘ ਮੰਡਿਆਣੀ
ਮੋਗਾ, 25 ਸਤੰਬਰ 2022 - ਪੰਜਾਬ ਸਰਕਾਰ ਵੱਲੋਂ ਇਸ ਵਾਰ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਦਾ 115 ਵਾਂ ਜਨਮ ਦਿਵਸ ਬਹੁਤ ਹੀ ਸ਼ਰਧਾ, ਸਤਿਕਾਰ ਅਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਇਸ ਮੁਬਾਰਕ ਮੌਕੇ ਉੱਤੇ ਵੱਖ ਵੱਖ ਵਿਭਾਗਾਂ ਵੱਲੋਂ ਗਤੀਵਿਧੀਆਂ ਕੀਤੀਆਂ ਜਾਣਗੀਆਂ। ਜਿਹਨਾਂ ਦਾ ਵੇਰਵਾ ਅੱਜ ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਵੱਲੋਂ ਜਾਰੀ ਕੀਤਾ ਗਿਆ।
ਮੁੱਖ ਸਕੱਤਰ ਪੰਜਾਬ ਸਰਕਾਰ ਨਾਲ ਵੀਡਿਓ ਕਾਨਫਰਾਂਸਿੰਗ ਕਰਨ ਤੋਂ ਬਾਅਦ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ 28 ਸਤੰਬਰ ਨੂੰ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਦਾ 115 ਵਾਂ ਜਨਮ ਦਿਵਸ ਸੂਬੇ ਭਰ ਵਿੱਚ ਵੱਡੇ ਪੱਧਰ ਉੱਤੇ ਮਨਾਇਆ ਜਾ ਰਿਹਾ ਹੈ।
ਉਹਨਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਸਵੇਰੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਗਾ ਵਿਖੇ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਦੀ ਤਸਵੀਰ ਨੂੰ ਗਾਰਡ ਆਫ ਆਨਰ ਦਿੱਤਾ ਜਾਵੇਗਾ ਅਤੇ ਫੁੱਲ ਭੇਟ ਕੀਤੇ ਜਾਣਗੇ। ਇਸ ਮੌਕੇ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦਾ ਵੀਡਿਓ ਮੈਸੇਜ ਵੱਡੀ ਸਕਰੀਨ ਉੱਤੇ ਚਲਾਇਆ ਜਾਵੇਗਾ।
ਇਸ ਤੋਂ ਬਾਅਦ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਜੋਗਿੰਦਰ ਚੌਕ ਮੋਗਾ ਤੱਕ ਸਾਈਕਲ ਰੈਲੀ ਕੱਢੀ ਜਾਵੇਗੀ। ਉਸੇ ਦਿਨ ਸ਼ਾਮ ਨੂੰ 7 ਵਜੇ ਤੋਂ ਬਾਅਦ ਡਿਪਟੀ ਕਮਿਸ਼ਨਰ ਕੈਂਪ ਦਫ਼ਤਰ ਤੋਂ ਸ਼ਹੀਦੀ ਪਾਰਕ ਤੱਕ ਕੈਂਡਲ ਲਾਈਟ ਮਾਰਚ ਕੱਢਿਆ ਜਾਵੇਗਾ ਜਿਸ ਵਿੱਚ ਸ਼ਹਿਰ ਅਤੇ ਇਲਾਕੇ ਦੀਆਂ ਕਈ ਗੈਰ ਸਰਕਾਰੀ ਸੰਸਥਾਵਾਂ ਦੇ ਮੈਂਬਰ ਅਤੇ ਆਮ ਲੋਕ ਭਾਗ ਲੈਣਗੇ। ਸ਼ਹੀਦੀ ਪਾਰਕ ਵਿਖੇ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਨਾਲ ਸਬੰਧਤ ਪੇਸ਼ਕਾਰੀਆਂ ਕੀਤੀਆਂ ਜਾਣਗੀਆਂ।
ਉਹਨਾਂ 28 ਸਤੰਬਰ ਨੂੰ ਲੋਕਾਂ ਨੂੰ ਆਪਣੇ ਘਰਾਂ 'ਤੇ ਰਾਸ਼ਟਰੀ ਝੰਡਾ ਲਹਿਰਾਉਣ ਅਤੇ ਸ਼ਾਮ/ਰਾਤ ਨੂੰ ਆਪਣੇ ਘਰਾਂ ਤੋਂ ਬਾਹਰ ਸ਼ਹੀਦ-ਏ-ਆਜ਼ਮ ਸ: ਭਗਤ ਸਿੰਘ ਦੀ ਯਾਦ ਵਿੱਚ ਦੀਵਾ ਜਾਂ ਮੋਮਬੱਤੀ ਜਗਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਪਿੰਡ ਢੁੱਡੀਕੇ ਸਮੇਤ ਸਾਰੀਆਂ ਮਹੱਤਵਪੂਰਨ ਇਤਿਹਾਸਕ ਇਮਾਰਤਾਂ ਨੂੰ ਰੁਸ਼ਨਾਇਆ ਜਾਵੇਗਾ।
ਉਹਨਾਂ ਕਿਹਾ ਕਿ “ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਸੁਪਨਿਆਂ ਦਾ ਪੰਜਾਬ" ਨੂੰ ਪ੍ਰੇਰਨਾ ਹਿੱਤ ਸਕੂਲਾਂ ਅਤੇ ਸਰਕਾਰੀ ਸੰਸਥਾਵਾਂ ਦੀਆਂ ਦੀਵਾਰਾਂ ਤੇ ਸਟੈਨਸਿਲ/ਪੇਂਟ ਕੀਤਾ ਜਾਵੇਗਾ। ਇਸ ਦਿਨ ਸਕੂਲਾਂ ਵਿੱਚ ਪੇਂਟਿੰਗ ਅਤੇ ਲੇਖ ਮੁਕਾਬਲੇ ਕਰਵਾਏ ਜਾਣਗੇ ਅਤੇ ਸਵੇਰ ਦੀ ਸਭਾ ਦੌਰਾਨ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ ਆਦਰਸ਼ਾਂ ਉੱਤੇ ਸੰਬੋਧਨ ਕਰਵਾਉਣ ਲਈ ਜ਼ਿਲ੍ਹਾ ਸਿੱਖਿਆ ਵਿਭਾਗ ਨੂੰ ਕਿਹਾ ਗਿਆ ਹੈ।
ਮਿਤੀ 28 ਸਤੰਬਰ, 2022 ਨੂੰ ਜ਼ਿਲ੍ਹੇ ਅੰਦਰ ਚੱਲਣ ਵਾਲੀਆਂ ਬੱਸਾਂ ਵਿੱਚ ਦੇਸ਼ ਭਗਤੀ ਦੇ ਗੀਤ ਚਲਾਏ ਜਾਣ ਸਬੰਧੀ ਜ਼ਿਲ੍ਹਾ ਮੈਨੇਜਰ ਪੰਜਾਬ ਰੋਡਵੇਜ਼ ਨੂੰ ਲਿਖਿਆ ਗਿਆ ਹੈ।ਜ਼ਿਲ੍ਹਾ ਖੇਡ ਦਫ਼ਤਰ ਨੂੰ ਵਿਸ਼ੇਸ਼ ਮੈਚ ਕਰਵਾਏ ਜਾਣ ਬਾਰੇ ਕਿਹਾ ਗਿਆ ਹੈ।
ਪੰਜਾਬ ਸਰਕਾਰ ਵੱਲੋਂ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੁਆਰਾ ਪ੍ਰਕਾਸ਼ਤ ਪੁਸਤਕ "ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੀ ਜੇਲ੍ਹ ਡਾਇਰੀ" ਦੇ ਸੋਧੇ ਆਡੀਸ਼ਨ ਦੀਆਂ ਕਾਪੀਆਂ ਸਕੂਲਾਂ ਅਤੇ ਕਾਲਜਾਂ ਵਿੱਚ ਮੁਫਤ ਵੰਡੀਆਂ ਜਾਣਗੀਆਂ।
ਡਿਪਟੀ ਕਮਿਸ਼ਨਰ ਸ੍ਰ ਕੁਲਵੰਤ ਸਿੰਘ ਨੇ ਸਮੂਹ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਸਰਕਾਰ ਵੱਲੋਂ ਮਨਾਏ ਜਾ ਰਹੇ ਇਹਨਾਂ ਸਮਾਗਮਾਂ ਅਤੇ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਤਾਂ ਜੌ ਸ਼ਹੀਦ ਏ ਆਜ਼ਮ ਸ੍ਰ ਭਗਤ ਸਿੰਘ ਨੂੰ ਉਹਨਾਂ ਦੇ 115ਵੇਂ ਜਨਮ ਦਿਵਸ ਉੱਤੇ ਸ਼ਰਧਾ ਅਤੇ ਸਤਿਕਾਰ ਭੇਟ ਕੀਤਾ ਜਾ ਸਕੇ।