ਰੇਲਵੇ ਦਾ ਦਾਅਵਾ ਨਿਕਲਿਆ ਬੇਬੁਨਿਆਦ, ਪੰਜਾਬ-ਹਿਮਾਚਲ ਨੂੰ ਜੋੜਨ ਵਾਲੇ ਰੇਲਵੇ ਪੁਲ ਦੇ ਟੁੱਟਣ ਦਾ ਅਸਲ ਕਾਰਨ ਆਇਆ ਸਾਹਮਣੇ
ਅਭਿਸ਼ੇਕ
ਪਠਾਨਕੋਟ, 25 ਸਤੰਬਰ 2022 - ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਪੰਜਾਬ-ਹਿਮਾਚਲ ਨੂੰ ਜੋੜਨ ਵਾਲਾ ਰੇਲਵੇ ਪੁਲ 20 ਅਗਸਤ ਨੂੰ ਢਹਿ ਗਿਆ ਸੀ ਅਤੇ ਉਸ ਤੋਂ ਕੁਝ ਦਿਨ ਪਹਿਲਾਂ ਰੇਲਵੇ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ। ਜਿਸ ਵਿਚ ਦੱਸਿਆ ਗਿਆ ਸੀ ਕਿ ਮਾਈਨਿੰਗ ਕਾਰਨ ਰੇਲਵੇ ਪੁਲ ਖਤਰੇ ਵਿਚ ਹੈ ਅਤੇ ਪੁਲ ਦੇ ਟੁੱਟਣ ਤੋਂ ਬਾਅਦ ਇਸ ਗੱਲ 'ਤੇ ਮੁਹਰ ਲੱਗਦੀ ਹੋਈ ਦਿੱਖ ਰਹੀ ਸੀ। ਜਿਸ ਤੋਂ ਬਾਅਦ ਡੀ.ਸੀ ਪਠਾਨਕੋਟ ਵਲੋਂ ਇਕ ਜਾਂਚ ਕਮੇਟੀ ਬਣਾਈ ਗਈ ਸੀ, ਜਿਸ ਨੂੰ ਇਸ ਦੀ ਜਾਂਚ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਜਿਸ ਵਿੱਚ ਨੈਸ਼ਨਲ ਹਾਈਵੇਅ ਅਥਾਰਟੀ ਦੇ ਅਧਿਕਾਰੀ, ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ, ਡਰੇਨੇਜ ਵਿਭਾਗ ਦੇ ਅਧਿਕਾਰੀ ਅਤੇ ਏ.ਡੀ.ਸੀ.ਅੰਕੁਰਜੀਤ ਸਿੰਘ ਜੋ ਕਿ ਆਈ.ਆਈ.ਟੀ. ਤੋਂ ਪਾਸ ਕੀਤੇ ਸਿਵਲ ਇੰਜੀਨੀਅਰ ਹਨ ਸ਼ਾਮਿਲ ਸਨ।
ਇਸ ਸੰਬੰਧੀ ਬਣਾਈ ਗਈ ਕਮੇਟੀ ਵੱਲੋਂ ਹਾਲ ਵਿੱਚ ਹੀ ਡੀਸੀ ਪਠਾਨਕੋਟ ਨੂੰ ਜਾਂਚ ਰਿਪੋਰਟ ਸੌਂਪੀ ਗਈ ਸੀ। ਜਿਸ ਤੋਂ ਬਾਅਦ ਡੀਸੀ ਵੱਲੋਂ ਇਹ ਜਾਂਚ ਰਿਪੋਰਟ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ। ਜਿਸ ਬਾਰੇ ਡੀ ਸੀ ਨੇ ਦੱਸਿਆ ਕੇ ਪੁੱਲ ਦੇ ਇੱਕ ਪਾਸੇ ਤੋਂ ਪਾਣੀ ਨਿਕਲ ਰਿਹਾ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਅਤੇ ਰੇਲਵੇ ਵੱਲੋਂ ਪੰਜਾਬ ਸਰਕਾਰ ਨੂੰ ਲਿਖਿਆ ਗਿਆ ਸੀ ਕਿ ਮਾਈਨਿੰਗ ਕਾਰਨ ਪੁਲ ਟੁੱਟ ਸਕਦਾ ਹੈ, ਗਲਤ ਸਾਬਤ ਹੋਇਆ ਹੈ।