ਸੀਆਈਏ ਸਟਾਫ਼ ਅਤੇ ਪੁਲਿਸ ਦੀ ਵੱਡੀ ਕਾਰਵਾਈ: ਪ੍ਰਮੁੱਖ ਵਪਾਰੀ ਦੇ ਗੁਦਾਮ 'ਚੋਂ ਲੱਖਾਂ ਦੇ ਪਟਾਕੇ ਬਰਾਮਦ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 26 ਸਤੰਬਰ 2022
ਰਿਹਾਇਸ਼ੀ ਇਲਾਕਿਆਂ ਵਿਚ ਪਟਾਖਿਆਂ ਦੇ ਭੰਡਾਰ ਕਰਨ ਤੇ ਪੂਰੀ ਤਰ੍ਹਾਂ ਰੋਕ ਲਗਾਈ ਗਈ ਹੈ ਬਾਵਜੂਦ ਇਸਦੇ ਕੁਝ ਵਪਾਰੀ ਦੀਵਾਲੀ ਤੋਂ ਪਹਿਲਾਂ ਹੀ ਆਪਣੀਆਂ ਦੁਕਾਨਾਂ ਅਤੇ ਗੋਦਾਮਾਂ ਵਿੱਚ ਪਟਾਖੇ ਸਟੋਰ ਕਰਨਾ ਸ਼ੁਰੂ ਕਰ ਦਿੰਦੇ ਹਨ ਅਤੇ ਲੱਖਾਂ ਦਾ ਮੁਨਾਫਾ ਕਮਾਉਂਦੇ ਹਨ। ਜ਼ਿਲਾ ਗੁਰਦਾਸਪੁਰ ਪੁਲਿਸ ਨੇ ਦੀਵਾਲੀ ਤੋਂ ਪਹਿਲਾਂ ਹੀ ਪਟਾਖਿਆਂ ਦਾ ਭੰਡਾਰ ਜਮਾਂ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕਰਕੇ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਸ ਵਾਰ ਬਿਨਾ ਪ੍ਰਸ਼ਾਸਨਿਕ ਮਨਜ਼ੂਰੀ ਦੇ ਰਿਹਾਇਸ਼ੀ ਇਲਾਕਿਆਂ ਵਿਚ ਪਟਾਕੇ ਸਟੋਰ ਨਹੀਂ ਕਰਨ ਦਿੱਤੇ ਜਾਣਗੇ। ਦੀਨਾਨਗਰ ਵਿੱਚ ਇੱਕ ਕੋਠੀ ਵਿੱਚ ਪਟਾਕਿਆ ਦਾ ਭੰਡਾਰ ਬਰਾਮਦ ਕਰਨ ਤੋਂ ਬਾਅਦ ਕੱਲ ਸ਼ਾਮ ਸ਼ਹਿਰ ਦੇ ਪ੍ਰਮੁੱਖ ਵਪਾਰੀ ਹਨੀ ਟਰੇਡਿੰਗ ਕੰਪਨੀ ਦੀ ਦੁਕਾਨ ਦੇ ਨਾਲ ਲੱਗਦੇ ਗੁਦਾਮ ਵਿੱਚੋ ਸੀਆਈਏ ਸਟਾਫ਼ ਇੰਚਾਰਜ ਕਪਿਲ ਕੌਸ਼ਲ ਅਤੇ ਥਾਣਾ ਸਿਟੀ ਗੁਰਦਾਸਪੁਰ ਦੇ ਐੱਸਐੱਚਓ ਗੁਰਮੀਤ ਸਿੰਘ ਵੱਲੋਂ ਸਾਂਝੇ ਤੌਰ ਤੇ ਛਾਪੇਮਾਰੀ ਕਰ ਪਟਾਖਿਆਂ ਦਾ ਜ਼ਖ਼ੀਰਾ ਬਰਾਮਦ ਕੀਤਾ ਗਿਆ। ਲੱਖਾਂ ਦੀ ਕੀਮਤ ਦੇ ਪਟਾਕੇ ਮਾਈ ਦੇ ਤਲਾਬ ਮੰਦਰ ਦੇ ਸਾਹਮਣੇ ਸਥਿੱਤ ਦੁਕਾਨ ਦੇ ਨਜ਼ਦੀਕੀ ਗੁਦਾਮ ਵਿੱਚ ਸਟੋਰ ਕੀਤੇ ਗਏ ਸਨ। ਪੁਲਿਸ ਦੀ ਕਾਰਵਾਈ ਦੇਰ ਰਾਤ ਤੱਕ ਚਲਦੀ ਰਹੀ ਅਤੇ ਬਾਅਦ ਵਿੱਚ ਦੁਕਾਨ ਦੇ ਸਾਂਝੇਦਾਰ ਰਾਹੁਲ ਕੁਮਾਰ ਉਰਫ ਹਨੀ ਪੁੱਤਰ ਨਰੇਸ਼ ਕੁਮਾਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਅਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪਟਾਕਿਆਂ ਦੇ ਇਸ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ ਹੈ।
ਐਸਐਚਓ ਥਾਣਾ ਸਿਟੀ ਗੁਰਮੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਇਹਨਾਂ ਪਟਾਕਿਆਂ ਦੀ ਸਹੀ ਕੀਮਤ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਪਰ ਫੜੇ ਗਏ ਪਟਾਕਿਆਂ ਦੀ ਕੀਮਤ ਲੱਖਾਂ ਵਿੱਚ ਹੈ। ਦੂਜੇ ਪਾਸੇ ਸੀਆਈਏ ਸਟਾਫ਼ ਇੰਚਾਰਜ ਕਪਿਲ ਕੌਂਸਲ ਨੇ ਕਿਹਾ ਹੈ ਕਿ ਰਿਹਾਇਸ਼ੀ ਇਲਾਕਿਆਂ ਵਿੱਚ ਸ਼ੋਰ ਦਿੱਤਾ ਪਟਾਕਾ ਖਤਰਨਾਕ ਸਾਬਤ ਹੋ ਸਕਦਾ ਹੈ ਇਸ ਲਈ ਪੁਲਿਸ ਦੀ ਇਹ ਕਾਰਵਾਈ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂ੍ ਅਜਿਹੇ ਕਿਸੇ ਗੁਦਾਮ ਜਾਂ ਦੁਕਾਨ ਦੀ ਜਾਣਕਾਰੀ ਹੋਵੇ ਤਾਂ ਇਸ ਦੀ ਸੂਚਨਾ ਉਹਨਾਂ ਤਕ ਪਹੁੰਚਾ ਸਕਦੇ ਹਨ।