ਬਰਸਾਤ 'ਚ ਮਕਾਨ ਦੀ ਛੱਤ ਡਿੱਗੀ, ਜਾਨੀ ਨੁਕਸਾਨ ਤੋਂ ਬਚਾਅ ਹੋਇਆ
ਘਰ ਵਿਚ ਰਹਿ ਰਹੀਆਂ ਹਨ ਵਿਧਵਾ ਸੱਸ ਤੇ ਨੂੰਹ, ਸਰਕਾਰ ਤੋਂ ਛੱਤ ਪੁਆਉਣ ਦੀ ਮੰਗ
ਕੁਲਵੰਤ ਸਿੰਘ, ਬੱਬੂ,ਬਾਬੂਸ਼ਾਹੀ ਨੈਟਵਰਕ
ਰਾਜਪੁਰਾ, 26 ਸਤੰਬਰ 2022
ਸ਼ਿਵ ਕਲੋਨੀ ਭੱਠਾ ਲੱਛਮਣ ਦਾਸ ਵਿਖੇ ਬਰਸਾਤ ਦੇ ਚਲਦਿਆਂ ਇਕ ਗਰੀਬ ਪਰਿਵਾਰ ਦੇ ਮਕਾਨ ਦੀ ਛੱਡ ਡਿੱਗ ਗਈ । ਹਾਦਸਾ ਸਵੇਰੇ 7 ਵਜੇ ਵਾਪਰਿਆ ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਰਿਵਾਰ ਵਿਚ ਕੇਵਲ ਦੋ ਵਿਧਵਾ ਮਹਿਲਾਵਾਂ ਜੋ ਕਿ ਆਪਸ ਵਿਚ ਸੱਸ ਨੂੰਹ ਲਗਦੀਆਂ ਹਨ, ਰਹਿ ਰਹੀਆਂ ਹਨ।
ਮੌਕੇ 'ਤੇ ਮੌਜੂਦ ਪੀੜਤ ਮਹਿਲਾ ਰਾਣੀ ਪਤਨੀ ਸਵਰਗੀ ਸੁਰਜੀਤ ਕੁਮਾਰ ਵਾਸੀ ਸ਼ਿਵ ਕਲੋਨੀ ਭੱਠਾ ਲਛਮਣ ਦਾਸ ਨੇ ਦੱਸਿਆ ਕਿ ਉਨ੍ਹਾਂ ਘਰ ਵਿਚ ਦੋ ਕਮਰੇ ਤੇ ਇਕ ਰਸੋਈ ਹੈ। ਘਰ ਦੀ ਛੱਤ ਕੜੀ ਬਾਲਿਆਂ ਦੀ ਪਾਈ ਹੋਈ ਸੀ ਜਿਸ ਦੀ ਕਾਫੀ ਖਸਤਾ ਹਾਲਤ ਸੀ। ਪਿਛਲੇ ਦਿਨਾਂ ਤੋਂ ਪੈ ਰਹੀ ਬਰਸਾਤ ਕਾਰਨ ਉਨ੍ਹਾਂ ਦੇ ਇਕ ਕਮਰੇ ਦੀ ਛੱਤ ਚੋਅ ਰਹੀ ਸੀ ਜਿਸ ਕਾਰਨ ਉਹ ਅਤੇ ਉਸ ਦੀ ਸੱਸ ਗੁਰਦੇਵ ਕੌਰ ਪਤਨੀ ਸਵਰਗੀ ਹਜਾਰਾ ਰਾਮ ਦੂਸਰੇ ਕਮਰੇ ਵਿਚ ਸੋ ਗਈਆਂ। ਅੱਜ ਸਵੇਰੇ ਲਗਭਗ 7 ਵਜੇ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗ ਗਈ। ਛੱਤ ਡਿੱਗਣ ਕਾਰਨ ਕਮਰੇ ਵਿਚ ਪਿਆ ਬੈੱਡ ਅਤੇ ਹੋਰ ਸਮਾਨ ਚਕਨਾਚੂਰ ਹੋ ਗਿਆ। ਰਾਣੀ ਨੇ ਦੱਸਿਆ ਕਿ ਉਹ ਹਾਲੇ ਦੋ ਮਿੰਟ ਪਹਿਲਾਂ ਹੀ ਉਕਤ ਕਮਰੇ ਵਿਚੋਂ ਬਾਹਰ ਆਈ ਸੀ। ਦੋਵੇਂ ਪੀੜਤ ਮਹਿਲਾਵਾਂ ਨੇ ਦੱਸਿਆ ਉਨ੍ਹਾਂ ਦੇ ਘਰ ਵਿਚ ਕਮਾਉਣ ਵਾਲ਼ਾ ਕੋਈ ਵੀ ਮਰਦ ਨਹੀਂ ਹੈ, ਉਨ੍ਹਾਂ ਨੂੰ 1500 ਰੁਪਏ ਪੈਨਸ਼ਨ ਮਿਲਦੀ ਹੈ ਜਿਸ ਨਾਲ ਉਹ ਗੁਜਰ ਬਸਰ ਕਰਦੇ ਹਨ। ਇਸ ਮੌਕੇ ਮੌਜੂਦ ਬਾਬਾ ਰਾਕੇਸ਼ ਕੁਮਾਰ , ਅਨੰਦ ਕੁਮਾਰ, ਬਲਦੇਵ ਕੌਸ਼ਲ, ਸਤਪਾਲ ਰਾਮ, ਗਿਆਨ ਕੌਰ, ਸਤੀਸ਼ ਕੁਮਾਰ ਰੂਬੀ, ਸਤਵੀਰ ਆਦਿ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਕਿ ਪੀੜਤ ਪਰਿਵਾਰ ਦੇ ਮਕਾਨ ਦੀ ਛੱਡ ਜਲਦ ਤੋਂ ਜਲਦ ਪੁਆਈ ਜਾਵੇ ।