ਭਾਰਤ-ਪਾਕਿਸਤਾਨ ਰਾਸ਼ਟਰੀ ਸਰਹੱਦ 'ਤੇ ਮੁੜ ਦੇਖਿਆ ਗਿਆ ਪਾਕਿਸਤਾਨੀ ਡਰੋਨ
ਬੀ.ਐੱਸ.ਐੱਫ. ਨੇ ਫਾਇਰ ਅਤੇ ਹਲਕੇ ਗੋਲੇ ਦਾਗੇ
ਰੋਹਿਤ ਗੁਪਤਾ
ਗੁਰਦਾਸਪੁਰ, 26 ਸਤੰਬਰ 2022 : ਭਾਰਤ-ਪਾਕਿਸਤਾਨ ਰਾਸ਼ਟਰੀ ਸਰਹੱਦ ਚੱਕਰੀ ਪੋਸਟ 'ਤੇ ਪਾਕਿਸਤਾਨੀ ਡਰੋਨ ਦੇਖਿਆ ਗਿਆ। ਡਰੋਨ ਦੇ ਨਜ਼ਰ ਆਉਣ ਤੋਂ ਬਾਅਦ ਬੀ ਐਸ ਐਫ ਦੇ ਜਵਾਨਾਂ ਨੇ ਗੋਲੀਬਾਰੀ ਕੀਤੀ ਅਤੇ ਗੋਲੇ ਦਾਗੇ। ਜਿਸ ਤੋਂ ਬਾਅਦ ਡਰੋਨ ਵਾਪਸ ਚਲਾ ਗਿਆ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਵੱਲੋਂ ਪੁਲੀਸ ਦੀ ਮਦਦ ਨਾਲ ਸਰਹੱਦੀ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਪਰ ਖ਼ਬਰ ਲਿਖੇ ਜਾਣ ਤੱਕ ਪੁਲੀਸ ਦੇ ਹੱਥ ਕੋਈ ਵੀ ਸ਼ੱਕੀ ਵਸਤੂ ਨਹੀਂ ਲੱਗੀ ਸੀ।
ਬੀ ਐਸ ਐਫ ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਬੀਤੀ ਰਾਤ ਉਕਤ ਚੌਕੀ ’ਤੇ ਤਾਇਨਾਤ 58 ਬਟਾਲੀਅਨ ਦੇ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਜਿਸ ਤੋਂ ਬਾਅਦ ਜਵਾਨਾਂ ਨੇ ਹਰਕਤ 'ਚ ਆਉਂਦੇ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਹਲਕੇ ਗੋਲੇ ਵੀ ਦਾਗੇ ਗਏ। ਉਨ੍ਹਾਂ ਦੱਸਿਆ ਕਿ ਡਰੋਨ 'ਤੇ ਕਰੀਬ 48 ਰਾਊਂਡ ਫਾਇਰ ਕੀਤੇ ਗਏ। ਜਦਕਿ 10 ਦੇ ਕਰੀਬ ਲਾਈਟਾਂ ਵਾਲੇ ਗੋਲੇ ਦਾਗੇ ਗਏ। ਜਿਸ ਤੋਂ ਬਾਅਦ ਡਰੋਨ ਵਾਪਸ ਪਾਕਿਸਤਾਨ ਚਲਾ ਗਿਆ। ਘਟਨਾ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਇਲਾਕੇ ਨੂੰ ਪੂਰੀ ਤਰ੍ਹਾਂ ਨਾਲ ਘੇਰਾ ਪਾ ਲਿਆ ਗਿਆ ਅਤੇ ਤਲਾਸ਼ੀ ਮੁਹਿੰਮ ਚਲਾਈ ਗਈ।
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਉਂਦੀ ਹੈ ਤਾਂ ਤੁਰੰਤ ਇਸ ਦੀ ਸੂਚਨਾ ਪੁਲਿਸ ਜਾਂ ਬੀ.ਐਸ.ਐਫ ਦੇ ਜਵਾਨਾਂ ਨੂੰ ਦਿਓ।ਉਨ੍ਹਾਂ ਕਿਹਾ ਕਿ ਬੀ.ਐਸ.ਐਫ ਅਤੇ ਪੁਲਿਸ ਪਿੰਡ ਦੇ ਲੋਕਾਂ ਦੇ ਨਾਲ ਹੈ। ਜੇਕਰ ਕੋਈ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਦਿੰਦਾ ਹੈ ਤਾਂ ਉਸਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਸਹੀ ਜਾਣਕਾਰੀ ਦੇਣ ਵਾਲੇ ਨੂੰ ਇੱਕ ਲੱਖ ਦਾ ਇਨਾਮ ਵੀ ਦਿੱਤਾ ਜਾਵੇਗਾ।