ਹਿਮਾਚਲ ਪ੍ਰਦੇਸ਼ ਦੇ ਮਾਨਗੜ੍ਹ ਵਿੱਚ ਫਟਿਆ ਬੱਦਲ, ਬੜੂ ਸਾਹਿਬ ਦੇ ਸਾਰੇ ਵਿਦਿਆਰਥੀ ਅਤੇ ਸਟਾਫ ਸੁਰੱਖਿਅਤ
ਹਿਮਾਚਲ ਪ੍ਰਦੇਸ਼ , 26 ਸਤੰਬਰ 2022: ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜਿਲ੍ਹੇ ਦੀ ਪਛਾਦ ਵਿਧਾਨਸਭਾ ਵਿੱਚ ਬੜੂ ਸਾਹਿਬ ਤੋਂ ਲਗਭਗ 10 ਕਿਲੋਮੀਟਰ ਦੂਰ ਸਥਿਤ ਮਾਨਗੜ ਵਿੱਚ ਐਤਵਾਰ ਸ਼ਾਮ ਲਗਭਗ 6.00 ਵਜੇ ਬੱਦਲ ਫਟਣ ਨਾਲ ਬੜੂ ਸਾਹਿਬ ਕੰਪਲੇਕ੍ਸ ਵਿੱਚ ਹਰ ਪਾਸੇ ਪਾਣੀ ਭਰ ਗਿਆ, ਜਿਸ ਨਾਲ ਕਈ ਕਰੋੜਾਂ ਦਾ ਮਾਲੀ ਨੁਕਸਾਨ ਹੋਇਆ ਹੈ।
ਕਲਗੀਧਰ ਟ੍ਰਸਟ, ਬੜੂ ਸਾਹਿਬ ਦੇ ਪ੍ਰਧਾਨ ਅਤੇ ਪ੍ਰਮੁੱਖ ਸੇਵਾਦਾਰ ਬਾਬਾ ਦਵਿੰਦਰ ਸਿੰਘ ਜੀ ਨੇ ਸੂਚਨਾ ਦਿੱਤੀ ਕਿ ਇੱਥੇ ਅਕਾਲ ਅਕੈਡਮੀ, ਆਈ.ਬੀ. ਸਕੂਲ, ਇਟਰਨਲ ਯੂਨੀਵਰਸਿਟੀ ਅਤੇ ਹੋਰ ਕਾਲਜਾਂ ਦੀਆਂ ਬਿਲਡਿੰਗਾਂ ਅਤੇ ਸਾਰੇ ਵਿਦਿਆਰਥੀ, ਸਟਾਫ ਅਤੇ ਸੇਵਾਦਾਰ ਪੂਰੀ ਤਰ੍ਹਾਂ ਸੁਰੱਖਿਅਤ ਹਨ। ਪਾਣੀ ਦੇ ਤੇਜ ਬਹਾ ਅਤੇ ਮਲਬੇ ਕਾਰਣ ਕੈਂਪਸ ਦੇ ਬਾਹਰ ਖੜੇ ਅਨੇਕਾਂ ਵਾਹਨਾਂ ਨੂੰ ਭਾਰੀ ਨੁਕਸਾਨ ਪੁੱਜਿਆ। ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਬੜੂ ਸਾਹਿਬ ਪ੍ਰਬੰਧਨ ਦੁਆਰਾ ਕੰਪਲੇਕ੍ਸ ਦੀ ਬਿਜਲੀ ਸਪਲਾਈ ਨੂੰ ਬੰਦ ਕਰ ਦਿੱਤਾ ਗਿਆ, ਜਿਸ ਨਾਲ ਇੱਕ ਵੱਡੇ ਜਾਨੀ ਨੁਕਸਾਨ ਨੂੰ ਹੋਣ ਤੋਂ ਬਚਾ ਲਿਆ ਗਿਆ। ਬੜੂ ਸਾਹਿਬ ਸੰਸਥਾ ਦੇ ਉਪ-ਪ੍ਰਧਾਨ ਸੇਵਾਦਾਰ ਜਗਜੀਤ ਸਿੰਘ ਜੀ (ਕਾਕਾ ਵੀਰ ਜੀ) ਨੇ ਦੱਸਿਆ, "ਸਬ-ਸਟੇਸ਼ਨ, ਸੰਗਤ ਕੰਪਲੇਕ੍ਸ, ਦਰਬਾਰ ਹਾਲ ਦੇ ਸਾਹਮਣੇ ਵਾਲੀ ਸੜਕ ਤੋਂ ਥੱਲੇ ਜਾਂਦੇ ਹੋਏ ਸਥਿਤ ਲਗਭਗ ਸਾਰੀਆਂ ਬਿਲਡਿੰਗਾਂ ਅਤੇ ਕਮਰਿਆਂ ਵਿੱਚ ਪਾਣੀ, ਮਲਬਾ ਅਤੇ ਚਿੱਕੜ ਭਰ ਗਿਆ ਹੈ। ਕਈ ਵਾਹਨ ਪਾਣੀ ਦੇ ਤੇਜ ਬਹਾ ਵਿੱਚ ਬਹਿ ਗਏ ਹਨ ਅਤੇ ਨੁਕਸਾਨ ਦਾ ਪੂਰਾ ਅਨੁਮਾਨ ਲਗਾਇਆ ਜਾ ਰਿਹਾ ਹੈ।
ਸਾਰੇ ਕੰਪਲੇਕ੍ਸ ਦਾ ਮੁਆਇਨਾ ਹੋਣ ਤੋਂ ਬਾਅਦ ਸਫਾਈ ਅਤੇ ਮੁਰੰਮਤ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ। ਸਭ ਤੋਂ ਪਹਿਲਾਂ ਹਸਪਤਾਲ ਦੀ ਸਫਾਈ ਅਤੇ ਤਿਆਰੀ ਕੀਤੀ ਜਾ ਰਹੀ ਹੈ। ਫਿਰ ਹੋਸਟਲਾਂ ਅਤੇ ਅਕੈਡਮੀਆਂ ਦੀ ਮੁਰੰਮਤ ਕੀਤੀ ਜਾਵੇਗੀ। ਲਗਭਗ 250 ਮਜ਼ਦੂਰ, ਸੈਨੀਟੇਸ਼ਨ ਵਰਕਰ, ਪਲੰਬਰ, ਸਿਵਲ ਇੰਜਨੀਅਰ, ਸਟ੍ਰਕਚਰਲ ਇੰਜਨੀਅਰ ਅਤੇ ਇਲੈਕਟ੍ਰੀਕਲ ਇੰਜਨੀਅਰ ਮੁਰੰਮਤ ਦੇ ਕੰਮ ਵਿੱਚ ਜੁੱਟ ਚੁੱਕੇ ਹਨ। ਇਸ ਸਮੇਂ ਪੀਣ ਦੇ ਪਾਣੀ, ਲੰਗਰ ਸਮੱਗਰੀ ਅਤੇ ਦਵਾਈਆਂ ਦੀ ਇਸ ਕੰਪਲੇਕ੍ਸ ਵਿੱਚ ਬਹੁਤ ਲੋੜ ਹੈ, ਪਰ ਹਾਲਾਤ ਕਾਬੂ ਵਿੱਚ ਹਨ।
ਇਸ ਸਮੇਂ ਬੜੂ ਸਾਹਿਬ ਪਹੁੰਚਣ ਲਈ ਨਾਹਨ ਅਤੇ ਰਾਜਗੜ੍ਹ, ਦੋਨੋਂ ਪਾਸਿਓਂ ਰਸਤੇ ਬੰਦ ਹਨ ਅਤੇ ਰਾਹਤ ਕਾਰਜਾਂ ਵਿੱਚ ਬਹੁਤ ਮੁਸ਼ਕਿਲਾਂ ਆ ਰਹੀਆਂ ਹਨ। ਇਸ ਬਿਪਦਾ ਦੀ ਜਾਣਕਾਰੀ ਮਿਲਣ 'ਤੇ ਸਥਾਨਕ ਵਿਧਾਇਕ ਸ੍ਰੀਮਤੀ ਰੀਨਾ ਕਸ਼ਿਅਪ ਵੀ ਬੜੂ ਸਾਹਿਬ ਵੱਲ ਰਵਾਨਾ ਹੋਏ ਪਰ ਰਸਤਾ ਅਤੇ ਪੁਲ ਟੁੱਟ ਜਾਣ ਕਾਰਨ ਉਨ੍ਹਾਂ ਨੂੰ ਵਾਪਸ ਜਾਣਾ ਪਿਆ। ਰਾਜਗੜ੍ਹ ਪ੍ਰਸ਼ਾਸਨ ਨੂੰ ਜਾਣਕਾਰੀ ਮਿਲਣ ਦੇ ਬਾਵਜ਼ੂਦ ਰਸਤੇ ਟੁੱਟਣ ਕਾਰਨ ਕੋਈ ਰੈਸਕਿਊ ਟੀਮ (ਆਪਦਾ ਪ੍ਰਬੰਧਨ ਦਲ) ਮੌਕੇ 'ਤੇ ਨਹੀਂ ਪਹੁੰਚ ਸਕੀ। ਬੜੂ ਸਾਹਿਬ ਪ੍ਰਬੰਧਨ ਦਾ ਪ੍ਰਸ਼ਾਸਨ ਨਾਲ ਲਗਾਤਾਰ ਸੰਪਰਕ ਬਣਿਆ ਹੋਇਆ ਹੈ ਅਤੇ ਜਿਲ੍ਹਾ ਪ੍ਰਸ਼ਾਸਨ ਅੱਜ ਤੜਕੇ ਤੋਂ ਹੀ ਬੜੂ ਸਾਹਿਬ ਪਹੁੰਚਿਆ ਹੋਇਆ ਹੈ।