ਅਕਾਲੀ ਦਲ ਤੇ SGPC ਦੀ ਹੋਈ ਅਹਿਮ ਮੀਟਿੰਗ, ਸੁਪਰੀਮ ਕੋਰਟ ਦੇ ਫ਼ੈਸਲੇ 'ਤੇ ਦਿੱਤੀ ਆਹ ਪ੍ਰੀਕਿਰਿਆ
ਸੰਜੀਵ ਸੂਦ
ਲੁਧਿਆਣਾ, 26 ਸਤੰਬਰ 2022- ਲੁਧਿਆਣਾ ਵਿਖੇ ਅੱਜ ਅਕਾਲੀ ਦਲ ਅਤੇ ਐਸਜੀਪੀਸੀ ਦੀ ਅਹਿਮ ਮੀਟਿੰਗ ਹੋਈ। ਮੀਟਿੰਗ ਦੌਰਾਨ ਪੰਜਾਬ ਅਤੇ ਹਰਿਆਣਾ ਐਸਜੀਪੀਸੀ ਦੇ ਸਮੂਹ ਮੈਂਬਰ ਹਾਜ਼ਰ ਹੋਏ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ, ਅਸੀਂ ਸੁਪਰੀਮ ਕੋਰਟ ਦਾ ਫ਼ੈਸਲਾ ਨਹੀਂ ਮੰਨਦੇ, ਕਿਉਂਕਿ ਫ਼ੈਸਲਾ ਸਹੀ ਨਹੀਂ ਹੈ।
ਉਨ੍ਹਾਂ ਕਿਹਾ ਕਿ, ਜਲਦੀ ਹੀ ਪੂਰੇ ਹਾਉਸ ਦੀ ਮੀਟਿੰਗ ਹੋਏਗੀ ਅਤੇ ਉਹਦੇ ਬਾਅਦ ਇਕ ਪਲਾਨ ਬਣਾਇਆ ਜਾਵੇਗਾ, ਕਿ ਇਹ ਜਿਹੜੀ ਬੇਇਨਸਾਫ਼ੀ ਤੇ ਧੱਕਾ ਸਿੱਖ ਪੰਥ ਨਾਲ ਹੋਇਆ ਹੈ, ਉਹਦੇ ਖਿਲਾਫ਼ ਜੋ ਸੰਘਰਸ਼ ਐਸਜੀਪੀਸੀ ਦੇ ਪ੍ਰਧਾਨ ਕਹਿਣਗੇ ਜਾਂ ਫਿਰ ਅਕਾਲ ਤਖਤ ਦੇ ਜਥੇਦਾਰ ਕਹਿਣਗੇ, ਉਹ ਸੰਘਰਸ਼ ਅਕਾਲੀ ਦਲ ਅੱਗੇ ਹੋ ਕੇ ਲੜੇਗਾ।
ਉਨ੍ਹਾਂ ਕਿਹਾ ਕਿ, ਕਾਂਗਰਸ ਆਪ ਤੇ ਭਾਜਪਾ ਦੀ ਸਾਂਝੀ ਸਾਜਿਸ਼ ਹੈ ਅਤੇ ਇਹ ਤਿੰਨੋਂ ਪਾਰਟੀਆਂ ਸਿੱਖਾਂ ਨਾਲ ਧੱਕਾ ਕਰ ਰਹੀ ਹੈ। ਐਸਜੀਪੀਸੀ ਦੇ ਪ੍ਰਧਾਨ ਨੇ ਕਿਹਾ ਕਿ, ਸਰਕਾਰਾਂ ਆਪਣੇ ਜ਼ੋਰ ਨਾਲ ਜਿਸ ਤਰ੍ਹਾਂ ਘੱਟਗਿਣਤੀਆਂ ਨੂੰ ਦਬਾਉਣ ਅਤੇ ਉਨ੍ਹਾਂ ਦੇ ਧਾਰਮਿਕ ਮਾਮਲਿਆਂ ਵਿਚ ਦਖ਼ਲ ਦੇ ਰਹੀਆਂ ਹਨ, ਇਸ ਨਾਲ ਦੇਸ਼ ਨੂੰ ਵੱਡੇ ਨੁਕਸਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਇਸ ਵਰਤਾਰੇ ਨਾਲ ਦੇਸ਼ ਅੰਦਰ ਬੇਵਿਸ਼ਵਾਸੀ ਵਾਲਾ ਮਾਹੌਲ ਤੇਜ਼ੀ ਨਾਲ ਵੱਧ ਰਿਹਾ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਜਿਥੇ ਕਾਂਗਰਸ ਜਮਾਤ ਨੇ ਸਿੱਖਾਂ ਦਾ ਵੱਡਾ ਨੁਕਸਾਨ ਕੀਤਾ, ਉਥੇ ਹੀ ਕੇਂਦਰ ਦੀ ਭਾਜਪਾ ਸਰਕਾਰ ਆਰਐਸਐਸ ਦੀ ਸੋਚ ਤਹਿਤ ਦੇਸ਼ ਅੰਦਰ ਵੱਸਦੀਆਂ ਘੱਟਗਿਣਤੀਆਂ ਨੂੰ ਦਬਾਉਣ ਦਾ ਯਤਨ ਕਰ ਰਹੀ ਹੈ।
ਇਸੇ ਤਹਿਤ ਸਰਕਾਰ ਵੱਲੋਂ ਘੱਟਗਿਣਤੀਆਂ ਦੇ ਧਾਰਮਿਕ ਮਾਮਲਿਆਂ ਵਿਚ ਸਿੱਧੀ ਦਖ਼ਲਅੰਦਾਜ਼ੀ ਕੀਤੀ ਜਾ ਰਹੀ ਹੈ, ਜਿਸ ਨਾਲ ਘੱਟਗਿਣਤੀ ਕੌਮਾਂ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੀਆਂ ਹਨ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਦੇਸ਼ ਵੰਡ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਨੇ ਸਿੱਖਾਂ ਨੂੰ ਵੰਡਣ ਲਈ ਲਗਾਤਾਰ ਯਤਨ ਕੀਤੇ ਹਨ।
ਕਾਂਗਰਸ ਦੀ ਸਿੱਖਾਂ ਨੂੰ ਵੰਡਣ ਦੀ ਸੋਚ ਵਿੱਚੋਂ ਹੀ ਹੁੱਡਾ ਸਰਕਾਰ ਸਮੇਂ ਵੱਖਰੀ ਹਰਿਆਣਾ ਕਮੇਟੀ ਦਾ ਐਕਟ ਪਾਸ ਕੀਤਾ ਗਿਆ, ਜਿਸ ਨੂੰ ਮਾਨਤਾ ਲਈ ਭਾਜਪਾ ਨੇ ਵੀ ਕੋਈ ਕਸਰ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਸਰਕਾਰਾਂ ਦੀ ਸਿੱਖ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਤੋੜਨ ਦੀ ਕਾਰਵਾਈ ਵਿਚ ਕੁਝ ਸਿੱਖ ਚਿਹਰੇ ਵੀ ਸ਼ਾਮਲ ਹਨ, ਜੋ ਥੋੜ੍ਹੇ ਜਿਹੇ ਲਾਲਚ ਵਿਚ ਪੰਥ ਵਿਰੋਧੀ ਸ਼ਕਤੀਆਂ ਦੇ ਹੱਥ ਠੋਕਾ ਬਣੇ ਹੋਏ ਹਨ।
ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਕਿਹਾ ਕਿ ਸਿੱਖ ਪੰਥ ਦੀ ਸਿਰਮੌਰ ਸੰਸਥਾ ਵੱਡੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਹੈ, ਜਿਸ ਨੂੰ ਤੋੜਨ ਦੇ ਸਨਸੂਬੇ ਖਿਲਾਫ ਸੰਘਰਸ਼ ਲਈ ਸਿੱਖ ਕੌਮ ਪਿੱਛੇ ਨਹੀਂ ਹਟੇਗੀ। ਉਨ੍ਹਾਂ ਆਖਿਆ ਕਿ ਜੇਕਰ ਹਰਿਆਣਾ ਸਰਕਾਰ ਨੇ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਜਬਰੀ ਹਥਿਆਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਨਤੀਜੇ ਚੰਗੇ ਨਹੀਂ ਹੋਣਗੇ।