ਪਟਾਖਿਆਂ ਦੀ ਬਰਾਮਦੀ ਦੇ ਮਾਮਲਿਆਂ ਵਿਚ ਪੁਲਿਸ ਦੀ ਕਾਰਵਾਈ ਸ਼ੱਕ ਦੇ ਘੇਰੇ ਵਿੱਚ
ਇੱਕੋ ਦਿਨ ,ਦੋ ਇੱਕੋ ਜਿਹੇ ਜ਼ੁਲਮ ਪਰ ਧਰਾਵਾਂ ਲਾਈਆਂ ਵੱਖ-ਵੱਖ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 27 ਸਤੰਬਰ 2022
ਪੁਲੀਸ ਵੱਲੋਂ ਐਤਵਾਰ ਨੂੰ ਸਵੇਰੇ ਅਤੇ ਸ਼ਾਮ ਨੂੰ ਪੁਲਿਸ ਜ਼ਿਲ੍ਹਾ ਗੁਰਦਾਸਪੁਰ ਦੇ ਅਧੀਨ ਪੈਂਦੇ 2 ਵੱਖ ਵੱਖ ਥਾਣਿਆਂ ਵਿੱਚ ਇਕੋ ਜਿਹੇ ਜੁਰਮ ਦੇ ਦੋ ਮਾਮਲਿਆਂ ਵਿਚ ਵੱਖ-ਵੱਖ ਧਾਰਾਵਾਂ ਲਾ ਕੇ ਕਾਰਵਾਈ ਕਰਨਾ ਸ਼ੱਕ ਦੇ ਘੇਰੇ ਵਿੱਚ ਆ ਗਿਆ ਹੈ। ਮਾਮਲਾ ਇਹ ਹੈ ਕਿ ਸੀਆਈਏ ਸਟਾਫ਼ ਵੱਲੋਂ ਦੀਨਾਨਗਰ ਪੁਲਿਸ ਦੇ ਸਹਿਯੋਗ ਨਾਲ ਇਸੇ ਥਾਣੇ ਅਧੀਨ ਪੈਂਦੇ ਪਿੰਡ ਅਵਾਂਖਾ ਦੀ ਇੱਕ ਕੋਠੀ ਵਿੱਚ ਛਾਪੇਮਾਰੀ ਕਰਕੇ ਲੱਖਾਂ ਰੁਪਏ ਦੇ ਪਟਾਕੇ ਫੜੇ ਗਏ। ਇਸ ਮਾਮਲੇ ਵਿੱਚ ਦੀਨਾਨਗਰ ਥਾਣੇ ਵਿਚ ਮੁਕਦਮਾ ਨੰਬਰ 173 ਦਰਜ਼ ਕਰਕੇ ਐਕਸਪਲੋਸਿਵ ਸਬਸਟੈਂਸ ਐਕਟ 1908 ਦੀ ਧਾਰਾ 4 ਅਤੇ 5 ਦੇ ਤਹਿਤ ਕਾਰਵਾਈ ਕੀਤੀ ਗਈ ਜਿਸ ਵਿੱਚ ਦਸ ਸਾਲ ਦੀ ਕੈਦ ਅਤੇ ਇਕ ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਸਜ਼ਾ ਸੰਵਿਧਾਨ ਵਿਚ ਦਰਜ ਹੈ। ਇਸੇ ਦਿਨ ਐਤਵਾਰ ਹੀ ਸ਼ਾਮ ਨੂੰ ਸੀ ਆਈ ਏ ਸਟਾਫ ਨੇ ਗੁਰਦਾਸਪੁਰ ਥਾਣਾ ਸਿਟੀ ਦੀ ਪੁਲਿਸ ਦੇ ਸਹਿਯੋਗ ਨਾਲ ਸ਼ਹਿਰ ਦੇ ਇਕ ਵੱਡੇ ਵਪਾਰੀ ਦੀ ਦੁਕਾਨ ਦੇ ਨਜ਼ਦੀਕ ਹੀ ਰਿਹਾਇਸ਼ੀ ਇਲਾਕੇ ਵਿੱਚ ਚਲ ਰਹੇ ਉਸਦੇ ਪਟਾਖਿਆਂ ਦੇ ਗੁਦਾਮ ਵਿੱਚ ਛਾਪੇਮਾਰੀ ਕਰਕੇ ਲੱਖਾਂ ਤੇ ਪਟਾਕੇ ਬਰਾਮਦ ਕੀਤੇ ਗਏ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਮਾਮਲੇ ਵਿਚ ਗੁਰਦਾਸਪੁਰ ਥਾਣਾ ਸਿਟੀ ਵਿੱਚ ਅਗਲੇ ਦਿਨ ਯਾਨੀ 26 ਸਤੰਬਰ ਨੂੰ ਮੁਕੱਦਮਾ ਨੰਬਰ 205 ਦਰਜ ਕਰਕੇ ਧਾਰਾ 188 ਦੇ ਅਧੀਨ ਯਾਨੀ ਕਿ ਜ਼ਿਲ੍ਹਾ ਮੈਜਿਸਟਰੇਟ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ ਤਹਿਤ ਕਾਰਵਾਈ ਕੀਤੀ ਗਈ ਜਿਸ ਵਿੱਚ ਸਿਰਫ਼ 6 ਮਹੀਨੇ ਦੀ ਸਜ਼ਾ ਹੀ ਹੋ ਸਕਦੀ ਹੈ ਅਤੇ ਦੋਸ਼ੀ ਨੂੰ ਤੁਰੰਤ ਜ਼ਮਾਨਤ ਵੀ ਮਿਲ ਗਈ।
ਸਵਾਲ ਹੈ ਕਿ ਆਖਿਰ ਕਿਉਂ ਦੀਨਾਨਗਰ ਵਾਲੇ ਮਾਮਲੇ ਵਿੱਚ ਸਖਤ ਅਤੇ ਗੁਰਦਾਸਪੁਰ ਵਾਲੇ ਮਾਮਲੇ ਵਿੱਚ ਹਮਦਰਦੀ ਭਰੀ ਕਾਰਵਾਈ ਕੀਤੀ ਗਈ?ਦੀਨਾਨਗਰ ਦੇ ਮਾਮਲੇ ਵਿਚ ਤਿੰਨੋਂ ਦੋਸ਼ੀਆਂ ਨੂੰ ਸੰਗੀਨ ਧਾਰਾਵਾਂ ਲਗਾ ਕੇ ਕਿਸੇ ਵੀ ਤਰ੍ਹਾਂ ਦੀ ਰਿਆਇਤ ਪੁਲਿਸ ਨੇ ਉਨ੍ਹਾਂ ਨਾਲ ਨਹੀਂ ਬਰਤੀ ਜਦ ਕਿ ਗੁਰਦਾਸਪੁਰ ਵਾਲੇ ਮਾਮਲੇ ਵਿੱਚ ਪੁਲਿਸ ਵੱਲੋਂ ਸਿਰਫ਼ ਇੱਕ ਆਰੋਪੀ ਬਣਾਇਆ ਗਿਆ ਅਤੇ ਉਸ ਨੂੰ ਵੀ ਬਚਾਉਣ ਲਈ ਮਾਮਲਾ ਦਰਜ ਕਰਨ ਦੀ ਮਹਿਜ਼ ਖਾਨਾਪੂਰਤੀ ਪੁਲਿਸ ਵੱਲੋਂ ਕੀਤੀ ਗਈ।ਸਵਾਲ ਇਹ ਵੀ ਹੈ ਕਿ ਖੁਦਾ ਨਾ ਖਾਸਤਾ ਜੇ ਇਹਨਾਂ ਪਟਾਕਿਆਂ ਕਾਰਨ ਜੇਕਰ ਕੋਈ ਦੁਰਘਟਨਾ ਵਾਪਰ ਜਾਂਦੀ ਤਾਂ ਕੀ ਕਿਸੇ ਦੁਰਘਟਨਾ ਦੀ ਸੂਰਤ ਵਿੱਚ ਦੀਨਾਨਗਰ ਦੇ ਰਿਹਾਇਸ਼ੀ ਇਲਾਕੇ ਵਿਚ ਸਟੋਰ ਕੀਤੇ ਗਏ ਪਟਾਖਿਆਂ ਨਾਲੋਂ ਗੁਰਦਾਸਪੁਰ ਦੇ ਰਿਹਾਇਸ਼ੀ ਇਲਾਕੇ ਸਟੋਰ ਕੀਤੇ ਗਏ ਪਟਾਖੇ ਘੱਟ ਖਤਰਨਾਕ ਸਾਬਿਤ ਹੁੰਦੇ?
ਇਸ ਸਬੰਧ ਵਿਚ ਐਸ ਐਸ ਪੀ ਦੀਪਕ ਹਿਲੋਰੀ ਦਾ ਤਰਕ ਹੈ ਕਿ ਗੁਰਦਾਸਪੁਰ ਦੇ ਮਾਮਲੇ ਵਿੱਚ ਕਨੂੰਨੀ ਮਾਹਰਾਂ ਨਾਲ ਸਲਾਹ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਮਾਮਲੇ ਵਿੱਚ ਹੋਰ ਧਾਰਾਵਾਂ ਜੁੜ ਸਕਦੀਆਂ ਹਨ ਪਰ ਸਵਾਲ ਇਹ ਵੀ ਹੈ ਕਿ ਕੀ ਦੀਨਾਨਗਰ ਦਾ ਮਾਮਲਾ ਕਾਨੂੰਨੀ ਮਾਹਰਾਂ ਨਾਲ ਸਲਾਹ ਕਰਕੇ ਦਰਜ ਕੀਤਾ ਗਿਆ ਹੈ? ਜੇਕਰ ਹਾਂ ਤਾਂ ਫੇਰ ਹੂ-ਬ-ਹੂ ਦੀਨਾਨਗਰ ਜਿਹੇ ਮਾਮਲੇ ਵਿਚ ਕਨੂੰਨੀ ਮਾਹਰਾਂ ਦੀ ਸਲਾਹ ਵੱਖ ਕਿੱਦਾਂ ਹੋ ਸਕਦੀ ਹੈ? ਫਿਲਹਾਲ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਨਾਲ ਪੁਲੀਸ ਵੱਲੋਂ ਪਟਾਖ਼ੇ ਫੜ੍ਹਨ ਦੇ ਕੰਮ ਦੀ ਸ਼ੁਰੂਆਤ ਕੀਤੀ ਗਈ ਸੀ ਉਸ ਨਾਲ ਇਹ ਉਮੀਦ ਬਣ ਗਈ ਸੀ ਕਿ ਹੁਣ ਕੋਈ ਰਿਹਾਇਸ਼ੀ ਇਲਾਕੇ ਵਿੱਚ ਪਟਾਕੇ ਸਟੋਰ ਕਰਨ ਦੀ ਹਿੰਮਤ ਨਹੀਂ ਕਰੇਗਾ ਅਤੇ ਨਾ ਹੀ ਕੋਈ ਦੁਰਘਟਨਾ ਵਾਪਰੇਗੀ ਪਰ ਪੁਲਿਸ ਦੀ ਕਾਰਵਾਈ ਨੇ ਸ਼ਹਿਰ ਵਾਸੀਆਂ ਦੀ ਇਸ ਉਮੀਦ ਤੇ ਵੀ ਪਾਣੀ ਫੇਰ ਦਿੱਤਾ ਹੈ।