ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ 'ਤੇ ਹਮਲਾ ਕਰਨ ਵਾਲੇ ਅਦਾਲਤ ਨੇ ਕੀਤੇ ਬਰੀ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 27 ਸਤੰਬਰ 2022
ਸ਼ਿਵ ਸੈਨਾ ਪੰਜਾਬ ਦੇ ਮੀਤ ਪ੍ਰਧਾਨ ਹਰਵਿੰਦਰ ਸੋਨੀ ਤੇ ਹਮਲਾ ਕਰਨ ਵਾਲੇ ਚਾਰ ਆਰੋਪਿਤਾਂ ਵਿਚੋਂ 3 ਨੂੰ ਅਦਾਲਤ ਵੱਲੋਂ ਬਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਨੇ ਇਸ ਫੈਸਲੇ ਦੇ ਖਿਲਾਫ ਹਾਈਕੋਰਟ ਜਾਂਣ ਦੀ ਗੱਲ ਕਹੀ ਹੈ।ਦੱਸ ਦੇਈਏ ਕਿ 12 ਅਪ੍ਰੈਲ 2015 ਨੂੰ ਸਥਾਨਕ ਫਿਸ਼ ਪਾਰਕ ਵਿੱਚ ਆਪਣੇ ਦੋਸਤਾਂ ਨਾਲ ਵਾਲੀਵਾਲ ਖੇਡ ਰਹੇ ਸ਼ਿਵ ਸੈਨਾ ਆਗੂ ਹਰਵਿੰਦਰ ਸੋਨੀ ਤੇ ਕੁਝ ਨੌਜਵਾਨਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ ਸੀ। ਇਸ ਦੌਰਾਨ ਇਕ ਗੋਲੀ ਉਸ ਦੇ ਪੇਟ ਵਿੱਚ ਲੱਗੀ ਸੀ ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ ਅਤੇ ਅੰਮ੍ਰਿਤਸਰ ਵਿੱਚ ਉਨ੍ਹਾਂ ਦਾ ਕਾਫੀ ਦੇਰ ਇਲਾਜ ਚਲਦਾ ਰਿਹਾ।
ਮਾਮਲੇ ਵਿੱਚ ਪੁਲੀਸ ਵੱਲੋਂ ਚਾਰ ਆਰੋਪੀ ਨਾਮਜ਼ਦ ਕੀਤੇ ਗਏ ਸਨ। ਜਿਨ੍ਹਾਂ ਵਿੱਚੋਂ ਮੁੱਖ ਕਸ਼ਮੀਰ ਸਿੰਘ ਨਾਭਾ ਜੇਲ ਬ੍ਰੇਕ ਕਾਂਡ ਦੌਰਾਨ ਜੇਲ੍ਹ ਵਿੱਚੋਂ ਭੱਜ ਗਿਆ ਸੀ ਅਤੇ ਅਜੇ ਤੱਕ ਪੁਲਿਸ ਦੇ ਕਾਬੂ ਨਹੀਂ ਆਇਆ।
ਕਸ਼ਮੀਰ ਸਿੰਘ ਤੋਂ ਇਲਾਵਾ ਮਾਮਲੇ ਵਿੱਚ ਇੰਦਰਪਾਲ ਸਿੰਘ ਬੈਂਸ, ਗੁਰਜੀਤ ਸਿੰਘ ਅਤੇ ਅਨੁਰਾਜ ਸਿੰਘ ਨੂੰ ਪੁਲੀਸ ਵੱਲੋਂ ਨਾਮਜ਼ਦ ਕੀਤਾ ਗਿਆ ਸੀ। ਇਹਨਾ ਤਿੰਨਾ ਆਰੋਪੀਆਂ ਨੂੰ ਮਾਨਯੋਗ ਜ਼ਿਲ੍ਹਾ ਸੈਸ਼ਨ ਜੱਜ ਪਰਮਿੰਦਰ ਸਿੰਘ ਵੱਲੋਂ ਦੋਨਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਬਰੀ ਕਰ ਦਿੱਤਾ ਗਿਆ ਹੈ ਜਦ ਕਿ ਭਗੌੜਾ ਕਰਾਰ ਦਿੱਤੇ ਗਏ ਤੀਸਰੇ ਮੁੱਖ ਦੋਸ਼ੀ ਕਸ਼ਮੀਰ ਸਿੰਘ ਦੇ ਖਿਲਾਫ ਮਾਮਲੇ ਦੀ ਸੁਣਵਾਈ ਉਸ ਦੇ ਫੜੇ ਜਾਣ ਤੋਂ ਬਾਅਦ ਹੋਵੇਗੀ।
ਦੂਜੇ ਪਾਸੇ ਸ਼ਿਵ ਸੈਨਾ ਆਗੂ ਨੇ ਕਿਹਾ ਕਿ ਉਹ ਕਨੂੰਨ ਵਿਵਸਥਾ ਦਾ ਸਨਮਾਨ ਕਰਦੇ ਹਨ ਪਰ ਇਸ ਫੈਸਲੇ ਤੋਂ ਸੰਤੁਸ਼ਟ ਨਹੀ ਹਨ ਅਤੇ ਸੈਸ਼ਨ ਜੱਜ ਦੇ ਫ਼ੈਸਲੇ ਦੀ ਕਾਪੀ ਮਿਲਣ ਤੋਂ ਬਾਅਦ ਆਪਣੇ ਕਨੂੰਨੀ ਸਲਾਹਕਾਰਾਂ ਨਾਲ ਸਲਾਹ ਕਰਕੇ ਇਸ ਨੂੰ ਹਾਈਕੋਰਟ ਵਿੱਚ ਚੁਣੌਤੀ ਦੇਣਗੇ।