Cyber Fraud: ਚੰਡੀਗੜ੍ਹ 'ਚ ਬਿਜਲੀ ਬਿੱਲਾਂ ਦੇ ਬਕਾਏ ਦੇ ਨਾਂ 'ਤੇ ਆਉਣ ਲੱਗੇ ਠੱਗਾਂ ਦੇ ਮੈਸਿਜ
ਚੰਡੀਗੜ੍ਹ, 27 ਸਤੰਬਰ 2022- ਚੰਡੀਗੜ੍ਹ ਵਿੱਚ ਵੀ ਹੁਣ ਬਿਜਲੀ ਬਿੱਲਾਂ ਦੇ ਬਕਾਏ ਦੇ ਮੈਸਿਜ ਲੋਕਾਂ ਨੂੰ ਆਉਣੇ ਸ਼ੁਰੂ ਹੋ ਗਏ ਹਨ। ਹਾਲਾਂਕਿ, ਇਹ ਮੈਸਿਜ ਬਿਜਲੀ ਵਿਭਾਗ ਨਹੀਂ, ਸਗੋਂ ਠੱਗ ਨਾਮੀ ਲੋਕ ਭੇਜ ਰਹੇ ਰਹੇ ਹਨ। ਇੱਥੇ ਹੀ ਬਸ ਨਹੀਂ, ਬਿਜਲੀ ਵਿਭਾਗ ਦੇ ਮੁਲਾਜ਼ਮ ਬਣ ਕੇ ਹੁਣ ਲੋਕਾਂ ਦੇ ਬੈਂਕ ਖਾਤਿਆਂ ਦੀ ਸਫ਼ਾਈ ਕਰਨ ਵਿੱਚ ਲੱਗੇ ਹੋਏ ਹਨ।
ਲੋਕਾਂ ਨੂੰ ਬਿਜਲੀ ਬਿੱਲਾਂ ਦੇ ਬਕਾਏ ਬਾਰੇ ਠੱਗਾਂ ਦੇ ਮੈਸਿਜ ਵਟਸਐਪ ਅਤੇ ਟੈਕਸਟ ਮੈਸਿਜ ਆ ਰਹੇ ਹਨ, ਜਿਨ੍ਹਾਂ ਵਿੱਚ ਇਹ ਨੰਬਰ 8391979634, 7889798421, 09304119682 ਵੀ ਸ਼ਾਮਲ ਹਨ।
ਦੱਸ ਦਈਏ ਕਿ, ਇਸ ਤੋਂ ਪਹਿਲਾਂ ਹਰਿਆਣਾ ਵਿਚ ਵੀ ਅਜਿਹੀਆਂ ਘਟਨਾਵਾਂ ਸਾਹਮਣੇ ਆਈਆਂ ਸਨ, ਜਿਸ ਮਗਰੋਂ ਹਰਿਆਣਾ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰਦਿਆਂ ਕਿਹਾ ਕਿ ਸਾਈਬਰ ਧੋਖੇਬਾਜ਼ ਲੋਕਾਂ ਦੇ ਫ਼ੋਨ ਨੰਬਰਾਂ 'ਤੇ ਟੈਕਸਟ ਮੈਸੇਜ ਭੇਜ ਕੇ ਧੋਖਾਧੜੀ ਕਰ ਰਹੇ ਹਨ।
ਇਸ ਮੈਸੇਜ ਵਿੱਚ ਲਿਖਿਆ ਹੈ ਕਿ ਤੁਹਾਡੇ ਵੱਲੋਂ ਅਦਾ ਕੀਤੇ ਬਿਜਲੀ ਦੇ ਬਿੱਲ ਨੂੰ ਅਪਡੇਟ ਨਹੀਂ ਕੀਤਾ ਗਿਆ ਹੈ, ਇਸ ਲਈ ਤੁਹਾਡਾ ਬਿਜਲੀ ਦਾ ਕੁਨੈਕਸ਼ਨ ਕੱਟ ਦਿੱਤਾ ਜਾਵੇਗਾ। ਇਸ ਐਸਐਮਐਸ ਵਿੱਚ ਫ਼ੋਨ ਨੰਬਰ ਵੀ ਦਿੱਤਾ ਹੁੰਦਾ ਹੈ, ਜਿਸ 'ਤੇ ਸੰਪਰਕ ਕਰ ਕੇ ਬਿੱਲ ਅੱਪਡੇਟ ਕਰਵਾਉਣ ਲਈ ਕਿਹਾ ਜਾਂਦਾ ਹੈ।
ਜਦੋਂ ਕੋਈ ਵਿਅਕਤੀ ਦਿੱਤੇ ਨੰਬਰ 'ਤੇ ਸੰਪਰਕ ਕਰਦਾ ਹੈ, ਤਾਂ ਧੋਖੇਬਾਜ਼ ਉਸ ਨਾਲ ਹੇਰਾਫੇਰੀ ਸ਼ੁਰੂ ਕਰ ਦਿੰਦੇ ਹਨ। ਉਹ ਖਪਤਕਾਰਾਂ ਨੂੰ ਬਿਜਲੀ ਬਿੱਲ ਦੀ ਅਦਾਇਗੀ ਦੀ ਪੁਸ਼ਟੀ ਕਰਨ ਦੇ ਬਹਾਨੇ ਬੈਂਕ ਖਾਤੇ ਦੇ ਵੇਰਵੇ ਸਾਂਝੇ ਕਰਨ ਲਈ ਕਹਿੰਦੇ ਹਨ। ਇਸ ਤੋਂ ਇਲਾਵਾ, ਉਹ AnyDesk, Team Viewer ਵਰਗੀਆਂ ਰਿਮੋਟ ਐਕਸੈਸ ਐਪਲੀਕੇਸ਼ਨਾਂ ਨੂੰ ਵੀ ਇੰਸਟਾਲ ਕਰਨ ਦੀ ਕੋਸ਼ਿਸ਼ ਕਰਦੇ ਹਨ।
ਪੁਲਿਸ ਦਾ ਕਹਿਣਾ ਹੈ ਕਿ ਜਿਹੜੇ ਲੋਕ ਇਨ੍ਹਾਂ ਠੱਗਾਂ ਦੀਆਂ ਗੱਲਾਂ ਵਿੱਚ ਆਉਂਦੇ ਹਨ, ਉਹ ਆਪਣੇ ਬੈਂਕ ਡਿਟੇਲ ਜਾਂ ਕੋਈ ਹੋਰ ਜ਼ਰੂਰੀ ਜਾਣਕਾਰੀ ਉਨ੍ਹਾਂ ਨਾਲ ਸਾਂਝੀ ਕਰਦੇ ਹਨ, ਫਿਰ ਇਹ ਠੱਗ ਉਸ ਦੀ ਮਦਦ ਨਾਲ ਉਸ ਵਿਅਕਤੀ ਦੇ ਬੈਂਕ ਖਾਤੇ ਵਿੱਚੋਂ ਪੈਸੇ ਕਢਵਾ ਲੈਂਦੇ ਹਨ।
ਇਸ ਤੋਂ ਇਲਾਵਾ ਇਨ੍ਹਾਂ ਠੱਗਾਂ ਦੇ ਕਹਿਣ 'ਤੇ ਜੋ ਵਿਅਕਤੀ ਆਪਣੇ ਫੋਨ 'ਤੇ ਐਪ ਡਾਊਨਲੋਡ ਕਰਦਾ ਹੈ ਤਾਂ ਇਹ ਠੱਗ ਉਸ ਦਾ ਫੋਨ ਹੈਕ ਕਰ ਕੇ ਬੈਂਕ ਖਾਤੇ 'ਚੋਂ ਪੈਸੇ ਕਢਵਾ ਲੈਂਦੇ ਹਨ।
ਇਨ੍ਹਾਂ ਧੋਖੇਬਾਜ਼ਾਂ ਤੋਂ ਬਚਣਾ ਹੈ ਤਾਂ ਕੋਈ ਜਾਣਕਾਰੀ ਨਾ ਦਿਓ :
ਹਰਿਆਣਾ ਪੁਲਿਸ ਨੇ ਸਾਈਬਰ ਠੱਗਾਂ ਤੋਂ ਸਾਵਧਾਨ ਰਹਿਣ ਦੀ ਅਪੀਲ ਕਰਦੇ ਹੋਏ ਕਿਹਾ ਕਿ ਕਿਸੇ ਵੀ ਐਸਐਮਐਸ ਜਾਂ ਕਾਲਰ ਨੂੰ ਬਿਜਲੀ ਦੇ ਬਿੱਲ ਸਬੰਧੀ ਕੋਈ ਵੀ ਜਾਣਕਾਰੀ ਨਾ ਦਿਓ।
ਕਿਸੇ ਵੀ ਅਣਜਾਣ ਵਿਅਕਤੀ ਦੇ ਕਹਿਣ 'ਤੇ ਆਪਣੇ ਫੋਨ 'ਤੇ ਕੋਈ ਐਪ ਡਾਊਨਲੋਡ ਨਾ ਕਰੋ ਅਤੇ ਨਾ ਹੀ ਕਿਸੇ ਲਿੰਕ 'ਤੇ ਕਲਿੱਕ ਕਰੋ। ਜੇਕਰ ਕੋਈ ਵਿਅਕਤੀ ਇਸ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਇਸ ਦੀ ਸੂਚਨਾ ਪੁਲਿਸ ਨੂੰ ਦੇਣੀ ਚਾਹੀਦੀ ਹੈ।