ਮਾਨਸਾ ਪੁਲਿਸ ਨੇ 24 ਘੰਟੇ ‘ਚ ਸੁਲਝਾਇਆ ਕਬੱਡੀ ਖਿਡਾਰੀ ਕਤਲ ਕੇਸ, ਦੋਸ਼ੀ ਨੂੰ ਕੀਤਾ ਗ੍ਰਿਫਤਾਰ
ਸੰਜੀਵ ਜਿੰਦਲ
ਮਾਨਸਾ, 27 ਸਤੰਬਰ 2022 : ਮਾਨਸਾ ਜ਼ਿਲ੍ਹੇ ਦੇ ਪਿੰਡ ਸ਼ੇਰ ਖਾਂ ਵਿੱਚ ਇਕ ਨੌਜਵਾਨ ਜਗਜੀਤ ਸਿੰਘ ਜੋ ਕਿ ਕਬੱਡੀ ਦਾ ਖਿਡਾਰੀ ਸੀ ਤੇ ਰਾਤ ਸਮੇਂ ਅਣਪਛਾਤੇ ਵਿਅਕਤੀ ਨੇ ਉਸ ਦਾ ਗਲਾ ਰੇਤ ਕੇ ਹੱਤਿਆ ਕਰ ਦਿੱਤੀ ਸੀ।
ਪੁਲਿਸ ਨੇ 24 ਘੰਟੇ ਅੰਦਰ ਹੀ ਇਸ ਕਤਲ ਨੂੰ ਸੁਲਝਾ ਕੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਕਤਲ ਦੇ ਪਿੱਛੇ ਦੋਸ਼ੀ ਨੂੰ ਸ਼ੱਕ ਸੀ ਕਿ ਮ੍ਰਿਤਕ ਦੇ ਉਸ ਦੀ ਭੈਣ ਨਾਲ ਪ੍ਰੇਮ ਸੰਬੰਧ ਹਨ । ਇਸ ਲਈ ਉਸ ਨੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉੁਸ ਦਾ ਰਿਮਾਂਡ ਹਾਸਲ ਕਰ ਲਿਆ ਹੈ।
ਮਾਨਸਾ ਦੇ ਐੱਸਪੀਡੀ ਬਾਲ ਕ੍ਰਿਸ਼ਨ ਸਿੰਗਲਾ ਨੇ ਦੱਸਿਆ ਕਿ ਮ੍ਰਿਤਕ ਜਗਜੀਤ ਸਿੰਘ ਦੇ ਕਾਤਲ ਨੂੰ ਪੁਲਿਸ ਨੇ ਕੁਝ ਹੀ ਘੰਟੇ ਵਿੱਚ ਗ੍ਰਿਫਤਾਰ ਕਰ ਲਿਆ। ਉੁਨ੍ਹਾਂ ਦੱਸਿਆ ਕਿ ਥਾਣੇਦਾਰ ਹਰਭਜਨ ਸਿੰਘ ਮੁੱਖ ਅਫਸਰ ਥਾਣਾ ਬੋਹਾ ਪਾਸ ਬਾਬੂ ਸਿੰਘ ਪੁੱਤਰ ਤਿੱਤਰ ਸਿੰਘ ਵਾਸੀ ਸ਼ੇਰ ਖਾਂ ਨੇ ਬਿਆਨ ਦਰਜ ਕਰਵਾਇਆ ਕਿ ਉੇਸਦੇ ਲੜਕੇ ਜਗਜੀਤ ਸਿੰਘ ਉਮਰ ਕਰੀਬ 25 ਸਾਲ ਦਾ ਨਾ ਮਾਲੂਮ ਵਿਅਕਤੀ/ਵਿਅਕਤੀਆਂ ਵੱਲੋਂ ਮਿਤੀ 24/25-09-2022 ਦੀ ਦਰਮਿਆਨੀ ਰਾਤ ਨੂੰ ਤੇਜ ਹਥਿਆਰਾਂ ਨਾਲ ਗਲਾ ਕੱਟ ਕੇ ਕਤਲ ਕਰ ਦਿੱਤਾ ਗਿਆ ਹੈ। ਜਿਸ ਤੇ ਮੁੱਖ ਅਫਸਰ ਥਾਣਾ ਬੋਹਾ ਵੱਲੋਂ ਮੁੱਕਦਮਾ ਨੰਬਰ 122 ਮਿਤੀ 25-09-2022 ਅ/ਧ 302, 34 ਹਿੰ:ਦ: ਥਾਣਾ ਬੋਹਾ ਬਰਖਿਲਾਫ ਨਾ ਮਾਲੂਮ ਵਿਅਕਤੀਆਂ ਦਰਜ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ।
ਅਮਰਜੀਤ ਸਿੰਘ ਪੀ.ਪੀ.ਐਸ. ਉਪ ਕਪਤਾਨ ਪੁਲਿਸ (ਸ:ਡ) ਬੁਢਲਾਡਾ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਬੋਹਾ ਵੱਲੋਂ ਮੁੱਕਦਮਾ ਦੀ ਤਫਤੀਸ਼ ਵਿੱਚ ਤੇਜ਼ੀ ਲਿਆਉਂਦੇ ਹੋਏ ਅਤੇ ਮੁੱਕਦਮਾ ਦੀ ਸੰਜੀਦਗੀ ਨੂੰ ਦੇਖਦੇ ਹੋਏ ਦੋਸ਼ੀ ਦੀ ਪੈੜ ਨੱਪੀ ਅਤੇ ਨਿਰਮਲ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਕੁਲਾਣਾ ਦੇ ਬਿਆਨ ਤੇ ਦਵਿੰਦਰ ਸਿੰਘ ਪੁੱਤਰ ਜਸਪਾਲ ਸਿੰਘ ਵਾਸੀ ਸ਼ੇਰ ਖਾੰ ਵਾਲਾ ਉਮਰ ਕਰੀਬ 19-1/2 ਸਾਲ ਨੂੰ ਮੁੱਕਦਮਾ ਵਿੱਚ ਦੋਸ਼ੀ ਨਾਮਜਦ ਕੀਤਾ ਗਿਆ। ਜਿਸਨੂੰ ਮਿਤੀ 26-09-2022 ਨੂੰ ਗ੍ਰਿਫਤਾਰ ਕੀਤਾ ਗਿਆ। ਮੁਕੱਦਮੇ ਦੀ ਮੁਢਲੀ ਪੁੱਛਗਿੱਛ ਦੌਰਾਨ ਦੋਸ਼ੀ ਦੇ ਇੰਕਸਾਫ ਤੇ ਉਸ ਪਾਸੋਂ ਵਾਰਦਾਤ ਸਮੇਂ ਵਰਤਿਆ ਕਾਪਾ ਅਤੇ ਭੱਜਣ ਸਮੇਂ ਪਹਿਨੇ ਬੂਟ ਬ੍ਰਾਮਦ ਕਰਵਾਏ। ਮੁਢਲੀ ਤਫਤੀਸ਼ ਤੋਂ ਦੋਸ਼ੀ ਦਵਿੰਦਰ ਸਿੰਘ ਵੱਲੋ ਮ੍ਰਿਤਕ ਜਗਜੀਤ ਸਿੰਘ ਦੇ ਉਸਦੀ ਭੈਣ ਨਾਲ ਪ੍ਰੇਮ ਸਬੰਧਾਂ ਦਾ ਸ਼ੱਕ ਹੋਣ ਦੇ ਚੱਲਦਿਆਂ ਕਤਲ ਕਰਨ ਬਾਰੇ ਸਾਹਮਣੇ ਆਇਆ ਹੈ।
ਪੁਲਿਸ ਨੇ ਦੱਸਿਆ ਕਿ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਉਸ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤੇ ਜਿਸ ਹਥਿਆਰ ਨਾਲ ਕਤਲ ਕੀਤਾ ਗਿਆ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਪੁਲਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।