ਪੰਜਾਬ ਦੀ ਰਾਜਨੀਤੀ ਚ ਚੰਨੀ ਨੇ ਫਿਰ ਲੁਆਈ ਹਾਜ਼ਰੀ, ਭਗਵੰਤ ਮਾਨ ਨੂੰ ਦਿੱਤਾ ਜਵਾਬ
ਚੰਨੀ ਨੇ ਭਗਵੰਤ ਮਾਨ ਨੂੰ ਕੀਤਾ ਮੋੜਵਾਂ ਚੈਲੰਜ, ਮੇਰਾ ਫ਼ੋਨ 24 ਘੰਟੇ ਖੁੱਲ੍ਹੈ, ਜਦੋਂ ਮਰਜ਼ੀ...
ਬਲਜੀਤ ਬੱਲੀ, ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 27 ਸਤੰਬਰ 2022-
ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੋੜਵਾਂ ਚੈਲੰਜ਼ ਦਿੰਦਿਆਂ ਕਿਹਾ ਹੈ ਕਿ, ਉਹ ਜਦੋਂ ਮਰਜ਼ੀ ਮੈਨੂੰ ਸੰਪਰਕ ਕਰ ਸਕਦੇ ਹਨ, ਕਿਉਂਕਿ ਮੇਰਾ ਮੋਬਾਈਲ ਫ਼ੋਨ 24 ਘੰਟੇ ਖੁੱਲ੍ਹਾ ਰਹਿੰਦਾ ਹੈ ਅਤੇ ਮੈਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਲਈ ਤਿਆਰ ਹਾਂ।
ਵਿਦੇਸ਼ ਵਿੱਚੋਂ ਫ਼ੋਨ ਤੇ ਗੱਲਬਾਤ ਕਰਦਿਆਂ ਚੰਨੀ ਨੇ ਬਾਬੂਸ਼ਾਹੀ ਨੂੰ ਦੱਸਿਆ ਕਿ, ਉਨ੍ਹਾਂ ਨੂੰ ਸਰਕਾਰ ਵੱਲੋਂ ਜਾਂ ਫਿਰ ਮੁੱਖ ਮੰਤਰੀ ਵੱਲੋਂ ਕੋਈ ਅਜਿਹਾ ਸੁਨੇਹਾ ਜਾਂ ਲਿਖਤੀ ਸੰਦੇਸ਼ ਨਹੀਂ ਮਿਲਿਆ, ਜਿਸ ਰਾਹੀਂ ਕਿਸੇ ਫ਼ਾਈਲ ਬਾਰੇ ਕੋਈ ਜਾਣਕਾਰੀ ਮੰਗੀ ਗਈ ਹੋਵੇ।
ਚੰਨੀ ਨੇ ਕਿਹਾ ਕਿ, ਉਨ੍ਹਾਂ ਨੇ ਪੰਜਾਬ ਦੇ ਲੋਕਾਂ ਦੇ ਭਲੇ ਲਈ 150 ਤੋਂ ਵੱਧ ਫਾਇਲਾਂ ਤੇ ਹਸਤਾਖ਼ਰ ਕਰਕੇ ਫ਼ੈਸਲੇ ਕੀਤੇ, ਜਿਨ੍ਹਾਂ ਵਿੱਚੋਂ ਬਿਜਲੀ ਦੇ ਤਿੰਨ ਰੁਪਏ ਪ੍ਰਤੀ ਯੂਨਿਟ ਦਰਾਂ ਘਟਾਉਣ ਦਾ ਵੀ ਸ਼ਾਮਲ ਸੀ। ਹੁਣ ਮੈਨੂੰ ਨਹੀਂ ਪਤਾ ਕਿ, ਭਗਵੰਤ ਮਾਨ ਕਿਹੜੀ ਫ਼ਾਈਲ ਦੇ ਬਾਰੇ ਜਾਣਕਾਰੀ ਲੈਣੀ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ, ਉਨ੍ਹਾਂ ਦਾ ਫ਼ੋਨ 24 ਘੰਟੇ ਖੁੱਲ੍ਹਾ ਹੈ, ਜਦੋਂ ਮਰਜ਼ੀ ਸੰਪਰਕ ਕਰਕੇ ਕੋਈ ਵੀ ਜਾਣਕਾਰੀ ਭਗਵੰਤ ਮਾਨ ਜਾਂ ਸਰਕਾਰ ਲੈ ਸਕਦੀ ਹੈ।
ਚੰਨੀ ਨੇ ਇਹ ਵੀ ਦੋਸ਼ ਲਾਇਆ ਕਿ, ਉਨ੍ਹਾਂ ਦੀ ਸਰਕਾਰ ਵਲੋਂ ਲਏ ਗਏ ਕੁੱਝ ਲੋਕ ਹਿੱਤ ਫ਼ੈਸਲੇ ਵਾਪਸ ਲੈ ਲਏ ਅਤੇ ਕੁੱਝ ਕੁ ਦੀ ਚੰਗੀ ਤਰ੍ਹਾਂ ਪੈਰਵਾਈਂ ਨਹੀਂ ਕੀਤੀ।
ਇਸ ਲਿੰਕ 'ਤੇ ਕਲਿੱਕ ਕਰਕੇ ਸੁਣੋ - ਭਗਵੰਤ ਮਾਨ ਨੇ ਪੁੱਛਿਆ 'ਕਿੱਥੇ ਭੱਜ ਗਿਆ ਚੰਨੀ' ਮੈਂ ਫਾਈਲਾਂ ਦਾ ਹਿਸਾਬ ਲੈਣਾ
ਚੇਤੇ ਰਹੇ ਕਿ, ਭਗਵੰਤ ਮਾਨ ਨੇ ਅੱਜ ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੇ ਪਹਿਲੇ ਦਿਨ ਪੇਸ਼ ਕੀਤੇ ਗਏ ਭਰੋਸਗੀ ਦੇ ਮਤੇ ਨੂੰ ਪੇਸ਼ ਕਰਦੇ ਹੋਏ ਚਰਨਜੀਤ ਸਿੰਘ ਚੰਨੀ ਤੇ ਤਿੱਖੇ ਹਮਲੇ ਕੀਤੇ ਸਨ ਅਤੇ ਇਹ ਕਿਹਾ ਸੀ ਕਿ, ਉਹ ਪਤਾ ਨਹੀਂ ਕਿੱਥੇ ਲੁੱਕ ਗਏ ਹਨ।
ਮੁੱਖ ਮੰਤਰੀ ਨੇ ਕਾਫ਼ੀ ਵਿਅੰਗਮਈ ਲਹਿਜ਼ੇ ਵਿੱਚ ਕਿਹਾ ਸੀ ਕਿ, ਬਹੁਤ ਸਾਰੀਆਂ ਫ਼ਾਈਲਾਂ ਤੇ ਚੰਨੀ ਦੇ ਦਸਤਖ਼ਤ ਹਨ, ਜਿਨ੍ਹਾਂ ਫ਼ੈਸਲਿਆਂ ਬਾਰੇ ਉਹ ਚੰਨੀ ਤੋਂ ਪੁੱਛਣਾ ਚਾਹੁੰਦੇ, ਪਰ ਚੰਨੀ ਪਤਾ ਨਹੀਂ ਕਿੱਥੇ ਗਵਾਚ ਗਏ ਹਨ।