ਹਰਿਆਣਾ : ਹਾਈਵੇਅ-48 'ਤੇ ਨਿਯਮਾਂ ਦੇ ਉਲਟ ਚੱਲ ਰਹੇ 18 ਢਾਬਿਆਂ-ਹੋਟਲਾਂ 'ਤੇ ਚਲਾਏ ਬੁਲਡੋਜ਼ਰ
ਐਨਜੀਟੀ ਦੇ ਹੁਕਮਾਂ 'ਤੇ 8 ਵਿਭਾਗਾਂ ਦੀ ਕਾਰਵਾਈ
ਨਾਜਾਇਜ਼ ਕਬਜ਼ਿਆਂ ਅਤੇ ਗਲਤ ਤਰੀਕੇ ਨਾਲ ਪਾਸ ਨਕਸ਼ੇ ਜਾਂ ਨਿਯਮਾਂ ਦੇ ਉਲਟ, ਬਿਨਾਂ ਨਕਸ਼ਾ ਪਾਸ ਕਰਵਾਏ ਬਣੀਆਂ ਬਿਲਡਿੰਗਾਂ ਨੂੰ ਲੈਕੇ ਦੇਸ਼ ਦੇ ਕਾਨੂੰਨ ਵਲੋਂ ਦਿਖਾਈ ਜਾ ਰਹੀ ਸਖਤੀ
ਸੁਪਰੀਮ ਕੋਰਟ ਤੋਂ ਬਾਅਦ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਹੁਕਮਾਂ ਤੇ ਹੋਈ ਕਾਰਵਾਈ
ਦੀਪਕ ਗਰਗ,ਬਾਬੂਸ਼ਾਹੀ ਨੈਟਵਰਕ
ਕੋਟਕਪੂਰਾ, 28 ਸਿਤੰਬਰ 2022
ਸੁਪਰੀਮ ਕੋਰਟ ਦੇ ਆਦੇਸ਼ਾਂ ਨਾਲ ਨੋਇਡਾ ਦੇ ਸੈਕਟਰ 93ਏ ਵਿੱਚ ਸੁਪਰਟੈਕ ਟਵਿਨ ਟਾਵਰ ਨੂੰ 28 ਅਗਸਤ ਨੂੰ ਢਾਹ ਦਿੱਤਾ ਗਿਆ ਸੀ। ਕੁਝ ਹੀ ਸਕਿੰਟਾਂ 'ਚ 32 ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਜ਼ਮੀਨਦੋਜ਼ ਹੋ ਗਈ। ਭ੍ਰਿਸ਼ਟਾਚਾਰ ਦੇ ਸਹਾਰੇ ਬਣੀਆਂ ਇਮਾਰਤਾਂ ਨੂੰ ਢਾਹੁਣ ਦਾ ਹੁਕਮ ਸੁਪਰੀਮ ਕੋਰਟ ਨੇ ਦਿੱਤਾ ਸੀ। ਇਸ ਤੋਂ ਬਾਅਦ ਨਾਜਾਇਜ ਕਬਜਿਆਂ ਅਤੇ ਗਲਤ ਤਰੀਕੇ ਨਾਲ ਪਾਸ ਨਕਸ਼ੇ ਜਾਂ ਬਿਨਾਂ ਨਕਸ਼ਾ ਪਾਸ ਕਰਵਾਏ ਬਣੀਆਂ ਬਿਲਡਿੰਗਾਂ ਨੂੰ ਲੈਕੇ ਦੇਸ਼ ਦੇ ਕਾਨੂੰਨ ਅਤੇ ਹੋਰ ਸਰਕਾਰੀ ਵਿਭਾਗਾਂ ਵਲੋਂ ਸਖਤੀ ਦਿਖਾਈ ਜਾਣ ਲੱਗੀ ਹੈ।
ਹੁਣ ਹਰਿਆਣਾ ਦੇ ਰੇਵਾੜੀ 'ਚ 8 ਵਿਭਾਗਾਂ ਦੀ ਸਾਂਝੀ ਟੀਮ ਨੇ ਕਾਰਵਾਈ ਕੀਤੀ ਹੈ। 150 ਢਾਬਿਆਂ ਅਤੇ ਹੋਟਲ ਸੰਚਾਲਕਾਂ ਨੂੰ ਨੋਟਿਸ ਦਿੱਤੇ ਗਏ ਹਨ। ਕਈ ਢਾਬਿਆਂ ਨੂੰ ਸੀਲ ਕਰਨ ਦੀ ਕਾਰਵਾਈ ਵੀ ਕੀਤੀ ਗਈ ਹੈ। ਨਾਲ ਹੀ ਨੈਸ਼ਨਲ ਗ੍ਰੀਨ ਟ੍ਰਿਬਿਊਨਲ (ਐਨਜੀਟੀ) ਦੇ ਹੁਕਮਾਂ 'ਤੇ ਮੰਗਲਵਾਰ ਸਵੇਰੇ 11 ਵਜੇ ਦਿੱਲੀ-ਜੈਪੁਰ ਹਾਈਵੇਅ ਨੰਬਰ-48 'ਤੇ ਨਿਯਮਾਂ ਦੇ ਉਲਟ ਚੱਲ ਰਹੇ 18 ਢਾਬੇ ਅਤੇ ਹੋਟਲਾਂ ਨੂੰ ਬੁਲਡੋਜ਼ ਕਰ ਦਿੱਤਾ ਗਿਆ। ਦੂਜੇ ਪਾਸੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਲੈਕੇ150 ਢਾਬਿਆਂ ਅਤੇ ਹੋਟਲ ਸੰਚਾਲਕਾਂ ਨੂੰ ਨੋਟਿਸ ਦਿੱਤੇ ਗਏ ਹਨ। ਨਿਯਮਾਂ ਦੀ ਉਲੰਘਣਾ ਕਰਕੇ ਇਹ ਕਾਰਵਾਈ ਕੀਤੀ ਗਈ ਹੈ।
https://fb.watch/fO-CkB6JXc/
ਅਧਿਕਾਰੀਆਂ ਵਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਹਾਈਵੇਅ 'ਤੇ ਜ਼ਿਆਦਾਤਰ ਢਾਬਾ ਸੰਚਾਲਕ ਸਾਰੇ ਨਿਯਮਾਂ ਦੀ ਪਾਲਣਾ ਨਹੀਂ ਕਰ ਰਹੇ ਹਨ। ਕਈ ਢਾਬਿਆਂ ਨੂੰ ਸੀਲ ਕਰਨ ਦੀ ਕਾਰਵਾਈ ਵੀ ਕੀਤੀ ਗਈ ਹੈ। ਅੱਠ ਦਿਨ ਪਹਿਲਾਂ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਰੇਵਾੜੀ ਵਿੱਚ ਹਾਈਵੇਅ ’ਤੇ ਲਗਪਗ 150 ਢਾਬਿਆਂ, ਰੈਸਟੋਰੈਂਟਾਂ ਅਤੇ ਹੋਟਲ ਸੰਚਾਲਕਾਂ ਨੂੰ ਨੋਟਿਸ ਭੇਜੇ ਗਏ ਸਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਐਨਜੀਟੀ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।
ਇਸ ਦੇ ਨਾਲ ਹੀ ਉਨ੍ਹਾਂ ਨੂੰ ਤੈਅ ਸਮੇਂ ਅੰਦਰ ਨਿਯਮਾਂ ਨੂੰ ਪੂਰਾ ਕਰਨ ਦੇ ਆਦੇਸ਼ ਦਿੱਤੇ ਗਏ ਸਨ, ਜਿਸ ਤੋਂ ਬਾਅਦ ਹੋਟਲ ਅਤੇ ਢਾਬਾ ਸੰਚਾਲਕ ਡੀਸੀ ਨੂੰ ਮਿਲਣ ਪਹੁੰਚੇ ਸਨ। ਇਸ ਦੇ ਨਾਲ ਹੀ ਕੁਝ ਦਿਨਾਂ ਦੀ ਮਿਆਦ ਵਧਾਉਣ ਦੇ ਨਾਲ-ਨਾਲ ਕੁਝ ਸ਼ਰਤਾਂ ਵੀ ਹਟਾਉਣ ਦੀ ਅਪੀਲ ਕੀਤੀ ਗਈ। ਇਸ ਦੌਰਾਨ ਮੰਗਲਵਾਰ ਨੂੰ ਪ੍ਰਸ਼ਾਸਨ ਦੀਆਂ ਸਾਂਝੀਆਂ ਟੀਮਾਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਡੀਸੀ ਨੇ ਚੇਤਾਵਨੀ ਦਿੱਤੀ ਸੀ
15 ਦਿਨ ਪਹਿਲਾਂ ਡੀਸੀ ਅਸ਼ੋਕ ਕੁਮਾਰ ਗਰਗ ਨੇ ਹੋਟਲ ਅਤੇ ਢਾਬਾ ਸੰਚਾਲਕਾਂ ਨੂੰ ਚੇਤਾਵਨੀ ਦਿੱਤੀ ਸੀ ਕਿ ਐਨਜੀਟੀ ਦੇ ਨਿਯਮਾਂ ਅਨੁਸਾਰ ਸਾਰੇ ਹੋਟਲਾਂ, ਢਾਬੇ ਅਤੇ ਮੈਰਿਜ ਪੈਲੇਸਾਂ ਦਾ ਨਕਸ਼ਾ ਪਾਸ ਕੀਤਾ ਜਾਵੇ। ਨਾਲ ਹੀ, ਫਾਇਰ ਡਿਪਾਰਟਮੈਂਟ ਦੁਆਰਾ ਐਨਓਸੀ ਜਾਰੀ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪਾਰਕਿੰਗ, ਪਾਣੀ ਅਤੇ ਊਰਜਾ ਦੀ ਸੰਭਾਲ ਲਈ ਨਿਰਧਾਰਤ ਥਾਂ ਸਮੇਤ ਇਮਾਰਤ ਦਾ ਨਕਸ਼ਾ ਮਨਜ਼ੂਰ ਕੀਤਾ ਜਾਵੇ।
ਠੋਸ ਅਤੇ ਤਰਲ ਰਹਿੰਦ-ਖੂੰਹਦ ਦਾ ਪ੍ਰਬੰਧਨ ਕੀਤਾ ਜਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਐਨਜੀਟੀ ਵੱਲੋਂ ਜਾਰੀ ਹੋਰ ਸਾਰੇ ਨਿਯਮਾਂ ਨੂੰ ਯਕੀਨੀ ਬਣਾਇਆ ਜਾਵੇ। ਡੀਸੀ ਨੇ ਕਿਹਾ ਸੀ ਕਿ ਕਮੇਟੀ ਵੱਲੋਂ ਸਮੇਂ-ਸਮੇਂ ’ਤੇ ਹੋਟਲਾਂ-ਰੈਸਟੋਰੈਂਟਾਂ, ਢਾਬਿਆਂ ਅਤੇ ਮੈਰਿਜ ਪੈਲੇਸਾਂ ਦਾ ਨਿਰੀਖਣ ਵੀ ਕੀਤਾ ਜਾਵੇਗਾ।
ਰੇਨ ਵਾਟਰ ਹਾਰਵੈਸਟਿੰਗ ਸਿਸਟਮ ਵੀ ਲਾਜ਼ਮੀ ਹੈ
ਹੋਟਲਾਂ ਦੇ ਨਾਲ-ਨਾਲ ਐਨਜੀਟੀ ਨੇ ਮੈਰਿਜ ਪੈਲੇਸਾਂ ਨੂੰ ਵੀ ਇਸ ਦਾਇਰੇ ਵਿੱਚ ਰੱਖਿਆ ਹੈ। ਨਿਯਮਾਂ ਅਨੁਸਾਰ ਹੋਟਲ ਵਿੱਚ ਪੁਰਸ਼ਾਂ ਅਤੇ ਔਰਤਾਂ ਲਈ ਵੱਖ-ਵੱਖ ਜਨਤਕ ਸਹੂਲਤਾਂ, ਮੀਂਹ ਦੇ ਪਾਣੀ ਦੀ ਸੰਭਾਲ ਲਈ ਰੇਨ ਵਾਟਰ ਹਾਰਵੈਸਟਿੰਗ ਸਿਸਟਮ ਨੂੰ ਲਾਜ਼ਮੀ ਕੀਤਾ ਗਿਆ ਹੈ। ਇਸ ਵਿੱਚ ਠੋਸ-ਤਰਲ ਰਹਿੰਦ-ਖੂੰਹਦ ਦੇ ਸਹੀ ਪ੍ਰਬੰਧਨ 'ਤੇ ਮੁੱਖ ਜ਼ੋਰ ਦਿੱਤਾ ਗਿਆ ਹੈ, ਤਾਂ ਜੋ ਇਸ ਨੂੰ ਖੁੱਲ੍ਹੇ ਵਿੱਚ ਨਾ ਸੁੱਟਿਆ ਜਾਵੇ। ਪਾਰਕਿੰਗ ਦੀ ਵਿਵਸਥਾ ਹੋਣੀ ਚਾਹੀਦੀ ਹੈ ਅਤੇ ਜੇਕਰ ਕੋਈ ਜਨਰੇਟਰ ਦੀ ਵਰਤੋਂ ਕਰਦਾ ਹੈ ਤਾਂ ਉਸ ਨੂੰ ਸਾਈਲੈਂਸਰ ਨਾਲ ਲੈਸ ਕੀਤਾ ਜਾਵੇ।
ਐਨਜੀਟੀ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਢਾਬਿਆਂ ਅਤੇ ਹੋਟਲਾਂ ਖ਼ਿਲਾਫ਼ ਕਾਰਵਾਈ ਕੀਤੀ ਗਈ ਹੈ। 150 ਢਾਬਾ ਸੰਚਾਲਕਾਂ ਨੂੰ ਨੋਟਿਸ ਦਿੱਤੇ ਗਏ ਹਨ। ਸਮੇਂ-ਸਮੇਂ 'ਤੇ ਮਾਮਲਾ ਧਿਆਨ 'ਚ ਆਉਣ 'ਤੇ ਕਾਰਵਾਈ ਕੀਤੀ ਜਾਂਦੀ ਹੈ। ਹਰੀਸ਼ ਕੁਮਾਰ, ਐਸ.ਡੀ.ਓ., ਹਰਿਆਣਾ ਪ੍ਰਦੂਸ਼ਣ ਕੰਟਰੋਲ ਬੋਰਡ, ਧਾਰੂਹੇੜਾ।
ਜ਼ਿਲ੍ਹਾ ਪੱਧਰ 'ਤੇ ਇਹ ਕਾਰਵਾਈ ਐਨਜੀਟੀ ਦੇ ਹੁਕਮਾਂ 'ਤੇ ਕੀਤੀ ਗਈ ਹੈ। ਇਸ ਵਿੱਚ ਅੱਠ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ ਸ਼ਾਮਲ ਹੈ। ਉਨ੍ਹਾਂ ਸਾਰਿਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਨ੍ਹਾਂ ਦੇ ਖੇਤਰ ਵਿੱਚ ਗੈਰ-ਕਾਨੂੰਨੀ ਢੰਗ ਨਾਲ ਚੱਲ ਰਹੇ 18 ਢਾਬਿਆਂ, ਹੋਟਲਾਂ ਅਤੇ ਰੈਸਟੋਰੈਂਟਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਨੋਟਿਸ ਦੇਣ ਤੋਂ ਬਾਅਦ ਢਾਬਾ ਅਤੇ ਹੋਟਲ ਸੰਚਾਲਕਾਂ ਨੇ ਸਮਾਂ ਮੰਗਿਆ ਸੀ, ਜੋ ਉਨ੍ਹਾਂ ਨੂੰ ਦਿੱਤਾ ਗਿਆ। ਇਸ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ। - ਵੇਦਪ੍ਰਕਾਸ਼, ਡੀਟੀਪੀ, ਰੇਵਾੜੀ।
https://fb.watch/fO-KGlhSrw/
ਇਹ ਵਿਭਾਗ ਕਾਰਵਾਈ ਵਿੱਚ ਸ਼ਾਮਲ ਸਨ
ਹਾਈਵੇਅ 'ਤੇ ਕੀਤੀ ਗਈ ਕਾਰਵਾਈ ਦੌਰਾਨ ਜ਼ਿਲ੍ਹਾ ਟਾਊਨ ਪਲਾਨਰ (ਡੀ.ਟੀ.ਪੀ.), ਪ੍ਰਦੂਸ਼ਣ ਕੰਟਰੋਲ ਬੋਰਡ, ਸਿੰਚਾਈ ਵਿਭਾਗ, ਜਨ ਸਿਹਤ ਵਿਭਾਗ, ਬਿਜਲੀ ਬੋਰਡ, ਫਾਇਰ ਬ੍ਰਿਗੇਡ, ਨਗਰ ਪਾਲਿਕਾ ਧਾਰੂਹੇੜਾ ਅਤੇ ਹੋਰ ਵਿਭਾਗਾਂ ਦੇ ਅਧਿਕਾਰੀਆਂ ਦੀ ਟੀਮ, ਪੁਲਿਸ ਬਲ ਸ਼ਾਮਲ ਸਨ।
ਸਮਾਗਮਾਂ ਵਿੱਚ ਕੂੜੇ ਨੂੰ ਨਿਪਟਾਉਣ ਦਾ ਪ੍ਰਬੰਧ ਨਹੀਂ ਕਰਦੇ
ਜਿਕਰ ਯੋਗ ਹੈ ਕਿ ਜਦੋਂ ਹੋਟਲਾਂ, ਢਾਬਿਆਂ, ਬੈਂਕੁਏਟ ਹਾਲਾਂ, ਰੈਸਟੋਰੈਂਟਾਂ, ਮੋਟਲਾਂ ਵਿੱਚ ਵੱਡੇ ਸਮਾਗਮ ਹੁੰਦੇ ਹਨ। ਤਾਂ ਉਹ ਕੂੜੇ ਨੂੰ ਨਿਪਟਾਉਣ ਦਾ ਪ੍ਰਬੰਧ ਨਹੀਂ ਕਰਦੇ। ਰਸੋਈ ਵਿੱਚ ਚਿਮਨੀਆਂ ਲਗੀਆਂ ਹੁੰਦੀਆਂ ਹਨ। ਜੋ ਹਵਾ ਪ੍ਰਦੂਸ਼ਣ ਦਾ ਕਾਰਨ ਬਣਦੀਆਂ ਹਨ। ਨੈਸ਼ਨਲ ਹਾਈਵੇ ਤੇ ਬਣੇ ਢਾਬੇ ਗੰਦਾ ਪਾਣੀ ਖੇਤਾਂ ਵਿੱਚ ਛੱਡ ਦਿੰਦੇ ਹਨ। ਵੱਡੇ ਜਨਰੇਟਰ ਲਗਾਏ ਗਏ ਹੁੰਦੇ ਹਨ। ਜਿਸ ਕਾਰਨ ਸ਼ੋਰ ਪ੍ਰਦੂਸ਼ਣ ਫੈਲਦਾ ਹੈ। ਜੀਟੀ ਰੋਡ ’ਤੇ ਸਥਿਤ ਢਾਬਿਆਂ ’ਤੇ ਕੋਈ ਸੀ.ਐਲ.ਯੂ. ਇਮਾਰਤ ਦੀ ਕੋਈ ਯੋਜਨਾ ਨਹੀਂ ਸੀ। ਫਾਇਰ ਬ੍ਰਿਗੇਡ ਕੋਲੋਂ ਐਨਓਸੀ ਨਹੀਂ ਲਈ ਜਾਂਦੀ। ਇਨ੍ਹਾਂ ਢਾਬਿਆਂ, ਹੋਟਲਾਂ, ਮੋਟਲਾਂ, ਬੈਂਕੁਏਟ ਹਾਲਾਂ ਦਾ ਕਾਰਨ ਵੀ ਟ੍ਰੈਫਿਕ ਚ' ਰੁਕਾਵਟ ਪੈਂਦੀ ਹੈ ਅਤੇ ਅਕਸਰ ਜਾਮ ਲੱਗਦੇ ਹਨ।