ਵੱਧ ਤੋਂ ਵੱਧ ਕੀਤੀਆਂ ਜਾਣ ਡੇਂਗੂ ਜਾਗਰੂਕ ਗਤੀਵਿਧੀਆਂ - ਡਾ. ਗੁਰਦਿਆਲ ਸਿੰਘ
ਡੇਂਗੂ ਰੋਕਥਾਮ `ਚ ਜਾਗਰੂਕਤਾ ਦਾ ਅਹਿਮ ਰੋਲ - ਡਾ. ਗੁਰਦਿਆਲ ਸਿੰਘ
ਬਲਵਿੰਦਰ ਸਿੰਘ ਧਾਲੀਵਾਲ ,ਬਾਬੂਸ਼ਾਹੀ ਨੈਟਵਰਕ
ਸੁਲਤਾਨਪੁਰ ਲੋਧੀ 28 ਸਤੰਬਰ 2022 ਬਰਸਾਤੀ ਮੌਸਮ ਦੇ ਚਲਦਿਆਂ ਥਾਂ-ਥਾਂ ਪਾਣੀ ਖੜੇ ਹੋਣ ਨਾਲ ਡੇਂਗੂ ਦੇ ਮੱਛਰ ਦੇ ਪੈਦਾ ਹੋਣ ਦਾ ਖ਼ਦਸ਼ਾ ਵੱਧ ਜਾਂਦਾ ਹੈ। ਇਸ ਨੂੰ ਮੁੱਖ ਰੱਖਦਿਆਂ ਸੀਨੀਅਰ ਮੈਡੀਕਲ ਅਫ਼ਸਰ ਪੀ.ਐਚ.ਸੀ ਢਿੱਲਵਾਂ ਡਾ. ਗੁਰਦਿਆਲ ਸਿੰਘ ਵੱਲੋਂ ਅੱਜ ਵਿਸ਼ੇਸ਼ ਤੌਰ `ਤੇ ਸਮੂਹ ਐਸ.ਆਈ ਅਤੇ ਐਮ.ਪੀ.ਐਚ.ਡਬਲਿਓ ਦੀ ਡੇਂਗੂ ਰੋਕਥਾਮ ਅਤੇ ਡੇਂਗੂ ਜਾਗਰੂਕਤਾ ਗਤੀਵਿਧੀਆਂ ਸੰਬੰਧੀ ਰੀਵਿਊ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਕਿਹਾ ਕਿ ਲੋਕਾਂ `ਚ ਡੇਂਗੂ ਸੰਬੰਧੀ ਜਾਗਰੂਕਤਾ ਸਮੇਂ ਦੀ ਮੁੱਖ ਲੋੜ ਹੈ ਤਾਂ ਜੋ ਲੋਕ ਬਿਮਾਰੀ ਦੇ ਲੱਛਣਾ ਦਾ ਪਤਾ ਲਗਦੇ ਹੀ ਆਪਣੇ ਨਜਦੀਕੀ ਸਰਕਾਰੀ ਸਿਹਤ ਕੇਂਦਰ `ਚ ਜਾ ਕਿ ਸਮੇਂ ਸਿਰ ਇਲਾਜ ਕਰਵਾ ਸਕਣ।
ਉਨ੍ਹਾਂ ਸਮੂਹ ਸਿਹਤ ਵਰਕਰਾਂ ਨੂੰ ਆਪਣੇ-ਆਪਣੇ ਖੇਤਰਾਂ `ਚ ਵੱਧ ਤੋਂ ਵੱਧ ਡੇਂਗੂ ਸੰਬੰਧੀ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਦੀ ਹਦਾਇਤ ਕੀਤੀ।ਇਸ ਦੇ ਨਾਲ ਹੀ ਉਨ੍ਹਾਂ ਸਕੂਲਾ `ਚ ਡੇਂਗੂ ਸੰਬੰਧੀ ਸੈਮੀਨਾਰ ਜਾਂ ਹੋਰ ਜਾਗਰੂਕ ਗਤੀਵਿਧੀਆਂ ਰਾਹੀਂ ਬੱਚਿਆਂ `ਚ ਵੀ ਡੇਂਗੂ ਸੰਬੰਧੀ ਜਾਗਰੂਕਤਾ ਵਧਾਉਣ ਲਈ ਕਿਹਾ। ਉਨ੍ਹਾਂ ਹੋਰ ਜਾਣਕਾਰੀ ਦਿੰਦਿਆਂ ਦੱਸਇਆ ਕਿ ਸਾਫ਼-ਸਫ਼ਾਈ ਨਾਲ ਵੀ ਡੇਂਗੂ ਦੀ ਰੋਕਥਾਮ ਕੀਤੀ ਜਾ ਸਕਦੀ ਹੈ।ਉਨ੍ਹਾਂ ਸਿਹਤ ਵਰਕਰਾਂ ਰਾਹੀਂ ਲੋਕਾਂ `ਚ ਸਾਫ਼-ਸਫ਼ਾਈ ਰੱਖਣ ਸੰਬੰਧੀ ਵੀ ਵੱਧ ਤੋਂ ਵੱਧ ਜਾਗਰੂਕਤਾ ਲਿਆਉਣ ਲਈ ਕਿਹਾ ਤਾਂ ਜੋ ਡੇਂਗੂ ਦੇ ਮੱਛਰ ਦੀ ਪੈਦਾਵਾਰ ਨੂੰ ਰੋਕਿਆ ਜਾ ਸਕੇ।ਇਸ ਮੌਕੇ ਬਲਾਕ ਐਕਸਟੇਂਸ਼ਨ ਐਜੂਕੇਟਰ ਬਿਕਰਮਜੀਤ ਸਿੰਘ ਅਤੇ ਮੋਨਿਕਾ ਵੱਲੋਂ ਵੀ ਸਮੂਹ ਨੂੰ “ਫ੍ਰਾਈ ਡੇ ਡ੍ਰਾਈ ਡੇ” ਨੂੰ ਪੂਰੇ ਸੁਚੱਜੇ ਢੰਗ ਨਾਲ ਮਨਾਉਣ ਲਈ ਕਿਹਾ ਤਾਂ ਜੋ ਲੋਕਾਂ `ਚ ਡੇਂਗੂ ਅਤੇ ਮਲੇਰੀਆ ਸੰਬੰਧੀ ਵੱਧ ਤੋਂ ਵੱਧ ਜਾਗਰੂਕਤਾ ਲਿਆਈ ਜਾਵੇ।ਡੇਂਗੂ ਦੇ ਲੱਛਣ ਪਤਾ ਲਗਦੇ ਹੀ ਮਰੀਜ਼ ਡੇਂਗੂ ਦੀ ਜਾਂਚ ਸਰਕਾਰੀ ਸਿਹਤ ਕੇਂਦਰ `ਚ ਹੀ ਕਰਵਾਉਣ ਇਸ ਸੰਬੰਧੀ ਵੀ ਲੋਕਾਂ `ਚ ਸੁਨੇਹਾ ਦੇਣ ਲਈ ਕਿਹਾ ਤਾਂ ਜੋ ਮਰੀਜ਼ ਆਪਣਾ ਇਲਾਜ ਮੁਫ਼ਤ ਕਰਵਾ ਸਕਣ।