ਇਫਟੂ ਆਗੂਆਂ ਦੀ ਅਗਵਾਈ ਵਿੱਚ ਮਿਸਤਰੀ ਮਜ਼ਦੂਰਾਂ ਮਨਾਇਆ ਭਗਤ ਸਿੰਘ ਦਾ ਜਨਮ ਦਿਹਾੜਾ
ਭਗਤ ਸਿੰਘ ਦੀ ਸੋਚ ਤੇ ਪਹਿਰਾ ਦੇਣ ਦਾ ਅਹਿਦ ਲਿਆ
ਰੋਹਿਤ ਗੁਪਤਾ
ਗੁਰਦਾਸਪੁਰ 28 ਸਤੰਬਰ 2022 : ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਦੇ ਜ਼ਿਲ੍ਹਾ ਆਗੂਆਂ ਜੋਗਿੰਦਰ ਪਾਲ ਪਨਿਆੜ, ਜੋਗਿੰਦਰ ਪਾਲ ਘੁਰਾਲਾ ਅਤੇ ਸੁਖਦੇਵ ਰਾਜ ਬਹਿਰਾਮਪੁਰ ਦੀ ਅਗਵਾਈ ਵਿੱਚ ਲੇਬਰ ਚੌਂਕ ਗੁਰਦਾਸਪੁਰ ਵਿਖੇ ਸ਼ਹੀਦੇ ਆਜ਼ਮ ਭਗਤ ਸਿੰਘ ਦਾ ਜਨਮ ਦਿਨ ਮਨਾਇਆ ਗਿਆ । ਇਸ ਮੌਕੇ ਉਨ੍ਹਾਂ ਕਿਹਾ ਕਿ ਜੰਗੇ ਆਜ਼ਾਦੀ ਦੇ ਮਹਾ ਨਾਇਕ,ਚਿੰਤਕ, ਵਿਦਵਾਨ,ਯੋਧਾ ਸ਼ਹੀਦ ਭਗਤ ਸਿੰਘ ਲੋਕ ਮਨਾਂ 'ਚ ਵੱਸਣ ਵਾਲਾ ਉਹ ਸੂਰਮਾ ਹੈ,ਜੋ ਸਦੀਆਂ ਤੱਕ ਸੰਘਰਸ਼ਸ਼ੀਲ ਲੋਕਾਂ ਦਾ ਰਾਹ ਦਰਸਾਵਾ ਬਣਿਆ ਰਹੇਗਾ। ਭਗਤ ਸਿੰਘ ਲੁੱਟ ਖਸੁੱਟ, ਜਬਰ -ਜੁਲਮ,ਭੇਦ ਭਾਵ ਤੇ ਸਾਮਰਾਜੀ ਧੌਂਸ ਤੋਂ ਮੁਕਤ ਹਕੀਕੀ ਆਜ਼ਾਦੀ, ਬਰਾਬਰੀ ਤੇ ਭਾਈਚਾਰੇ ਵਾਲਾ ਸਮਾਜਵਾਦੀ ਸਮਾਜ ਸਿਰਜਣਾ ਚਾਹੁੰਦੇ ਸਨ।
ਭਗਤ ਸਿੰਘ ਨੇ ਇੱਕ ਆਦਰਸ਼ਵਾਦੀ ਤੋਂ ਇਨਕਲਾਬੀ ਨੌਜਵਾਨ ਦਾ, ਫੋਕੀ ਦੇਸ਼ ਭਗਤੀ ਤੋਂ ਤਹਕੀਕੀ ਦੇਸ਼ ਭਗਤੀ ਦਾ, ਦਹਿਸ਼ਤਪਸੰਦੀ ਤੋਂ ਇਨਕਲਾਬੀ ਆਗੂ ਬਣਨ ਦਾ ਸਫਰ ਤੈਅ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਅਸੂਲ ਭਗਤ ਸਿੰਘ ਲਈ ਜ਼ਿੰਦਗੀ ਤੋਂ ਪਿਆਰੇ ਸਨ ਅਤੇ ਅਧਿਐਨ ਉਹਦੀ ਰੂਹ ਦੀ ਖੁਰਾਕ ਸੀ। ਸ਼ਹੀਦ ਭਗਤ ਸਿੰਘ ਦੇ ਵਿਚਾਰ ਲਾਗੂ ਕਰਨ ਤੋਂ ਕੋਹਾਂ ਦੂਰ ਬੈਠੀ ਆਮ ਆਦਮੀ ਪਾਰਟੀ ਦਾ ਉਹਦੇ ਹਕੀਕੀ ਵਿਚਾਰਾਂ ਨਾਲ ਦੂਰ ਦੁਰਾਡੇ ਦਾ ਵੀ ਕੋਈ ਵਾਸਤਾ ਨਹੀਂ ਹੈ।
ਭਗਤ ਸਿੰਘ ਸਿਰਫ ਪੰਜਾਬ ਦਾ ਨਹੀਂ ਸਗੋਂ ਸਮੁੱਚੇ ਭਾਰਤੀ ਉਪ ਮਹਾਂਦੀਪ ਦੇ ਨੋਜਵਾਨਾਂ ਅਤੇ ਲੁੱਟੇ -ਪੁੱਟੇ ਜਾਂਦੇ ਲੋਕਾਂ ਦਾ ਨਾਇਕ ਹੈ। ਲੋਕਾਂ ਦੇ ਦਿਲਾਂ ਤੇ ਉਹਦੀ ਛਾਪ ਏਨੀ ਅਮਿੱਟ ਹੈ ਕਿ ਮਿਟਣ ਵਾਲੀ ਨਹੀਂ। ਅੱਜ ਜਦੋਂ ਫਿਰਕੂ -ਫਾਸੀਵਾਦੀ ਮੋਦੀ ਸਰਕਾਰ ਦੀ ਛਤਰਛਾਇਆ ਹੇਠ ਦੇਸੀ -ਬਦੇਸੀ ਕਿਰਪੋਰੇਟ ਲੁਟੇਰੇ ਲੋਕਾਂ ਦੇ ਖੂਨ -ਪਸੀਨੇ ਦੀ ਆਖਰੀ ਬੂੰਦ ਵੀ ਨਿਚੋਰਣ ਵਿੱਚ ਜੁਟੇ ਹਨ ਤਾਂ ਫਿਰਕੂ -ਫਾਸੀਵਾਦੀ ਤੇ ਮੂਲਵਾਦੀ ਤਾਕਤਾਂ ਲੋਕਾਂ ਦਾ ਧਿਆਨ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ , ਗੈਰ ਬਰਾਬਰੀ, ਫਿਰਕੂ -ਫਾਸੀਵਾਦੀ ਵਰਗੇ ਹਕੀਕੀ ਮੁਦਿਆਂ ਤੋਂ ਭਟਕਾਉਣ ਲਈ ਹਰ ਮੁੱਦੇ ਨੂੰ ਫ਼ਿਰਕੂ ਰੰਗ ਚਾੜ੍ਹ ਰਹੀਆਂ ਹਨ। ਸਭ ਤੋਂ ਵੱਧ ਕੰਮ ਕਰਨ ਵਾਲੇ ਸੱਭ ਤੋਂ ਵੱਧ ਤੰਗੀਆਂ ਕੱਟਣ ਵਾਲੇ ਮਜ਼ਦੂਰਾਂ ਕਾਮਿਆਂ ਦੀ ਇਹ ਹਾਲਤ ਇਸ ਗੱਲ ਦੀ ਗਵਾਹ ਹੈ ਕਿ ਮੌਜੂਦਾ ਸਰਮਾਏਦਾਰਾ ਪ੍ਰਬੰਧ ਇੱਕ ਲੁੱਟ, ਜਬਰ ਤੇ ਬੇਇਨਸਾਫ਼ੀ ਉਪਰ ਟਿਕਿਆ ਪ੍ਰਬੰਧ ਹੈ।ਇਹ ਕਾਮੇ ਸਿਰਫ ਗ਼ਰੀਬੀ, ਭੁੱਖਮਰੀ ਹੀ ਨਹੀਂ ਝੱਲਦੇ ਸਗੋਂ ਇਹਨਾਂ ਨੂੰ ਜ਼ਿੰਦਗੀ ਦੀ ਇੰਨੀ ਜ਼ਲਾਲਤ ਝੱਲਣੀ ਪੈਂਦੀ ਹੈ ਕਿ ਇਹਨਾਂ ਚੋਂ ਕਈ ਆਪਣੇ ਹੱਥੀਂ ਆਪਣੀ ਜ਼ਿੰਦਗੀ ਖ਼ਤਮ ਕਰਨ ਲਈ ਮਜ਼ਬੂਰ ਹੁੰਦੇ ਹਨ। ਮਹਿੰਗਾਈ ਅਤੇ ਬੇਰੁਜ਼ਗਾਰੀ ਕਰਕੇ ਮਜ਼ਦੂਰਾਂ ਅਤੇ ਕਿਰਤੀਆਂ ਨੂੰ ਆਪਣੇ ਭੋਜਨ ਵਿੱਚ ਕਟੌਤੀ ਕਰਕੇ ਗੁਜ਼ਾਰਾ ਕਰਨਾ ਪੈ ਰਿਹਾ ਹੈ। ਇਸ ਸਭ ਸਥਿਤੀ ਵਿਚ ਸਰਕਾਰਾਂ ਸਰਮਾਏਦਾਰਾਂ ਦੀਆਂ ਪਾਲਤੂ ਹੋਣ ਦਾ ਫਰਜ਼ ਨਿਭਾ ਰਹੀਆਂ ਹਨ। ਲੋਕਾਂ ਨੂੰ ਦਿਤੀਆਂ ਜਾ ਰਹੀਆਂ ਸਹੂਲਤਾਂ ਉੱਪਰ ਕਟੌਤੀਆਂ ਕਰਕੇ ਸਰਕਾਰੀ ਖਜ਼ਾਨੇ ਨੂੰ ਸਰਮਾਏਦਾਰਾਂ ਦੇ ਹੱਥ ਸੋਪਿਆ ਜਾ ਰਿਹਾ ਹੈ। ਵੱਡੀ ਗਿਣਤੀ ਵਿੱਚ ਇਕੱਤਰ ਹੋਏ ਸਭ ਕਿਰਤੀਆਂ ਨੇ ਭਗਤ ਸਿੰਘ ਦੀ ਦੀ ਸੋਚ ਤੇ ਪਹਿਰਾ ਦੇਣ ਦਾ ਅਹਿਦ ਲਿਆ। ਇਸ ਮੌਕੇ ਮੇਜ਼ਰ ਸਿੰਘ,ਸੁਭਾਸ਼, ਗੁਰਮੀਤ ਰਾਜ ਪਾਹੜਾ, ਹਰਜਿੰਦਰ ਸਿੰਘ, ਕੁਲਵੰਤ ਰਾਏ, ਸੁਨੀਲ ਕੁਮਾਰ,ਬੋਧ ਰਾਜ, ਸੁਰਿੰਦਰ ਕੁਮਾਰ, ਅਸ਼ੋਕ ਕੁਮਾਰ,ਜਸ ਪਾਲ,ਅਮਰੀਕ ਸਿੰਘ,ਵਾਜਪਾਈ, ਅਤੇ ਥਾਨਾ ਠੇਕੇਦਾਰ ਹਾਜ਼ਰ ਸਨ।