ਮਾਨਸਾ ਸ਼ਹਿਰ ਦੇ 3 ਖੂਨਦਾਨੀਆਂ ਨੂੰ ਕੀਤਾ ਜਾਵੇਗਾ ਰਾਜ ਪੱਧਰ 'ਤੇ ਸਨਮਾਨਿਤ
ਬਾਬੂਸ਼ਾਹੀ ਨੈਟਵਰਕ
ਮਾਨਸਾ, 29 ਸਤੰਬਰ 2022- ਰਾਸ਼ਟਰੀ ਸਵੈਇੱਛਕ ਖੂਨਦਾਨ ਦਿਵਸ ਦੇ ਰਾਜ ਪੱਧਰੀ ਸਮਾਗਮ ਮੌਕੇ ਪੰਜਾਬ ਰਾਜ ਬਲੱਡ ਟਰਾਂਸਫਿਉਜਨ ਕੌਂਸਲ ਵਲੋਂ ਕਰਵਾਏ ਜਾ ਰਹੇ ਸਮਾਗਮ ਸਮੇਂ ਮਾਨਸਾ ਜ਼ਿਲ੍ਹੇ ਦੇ ਤਿੰਨ ਸਵੈਇੱਛਕ ਖੂਨਦਾਨੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਹ ਜਾਣਕਾਰੀ ਦਿੰਦਿਆਂ ਖੂਨਦਾਨੀ ਪ੍ਰਵੀਨ ਟੋਨੀ ਸ਼ਰਮਾਂ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਇੱਕ ਅਕਤੂਬਰ ਨੂੰ ਪਟਿਆਲਾ ਵਿਖੇ ਕਰਵਾਏ ਜਾ ਰਹੇ ਇਸ ਰਾਜ ਪੱਧਰੀ ਸਮਾਗਮ ਵਿੱਚ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਸਰਦਾਰ ਚੇਤਨ ਸਿੰਘ ਜੋੜਮਾਜਰਾ ਮੁੱਖ ਮਹਿਮਾਨ ਵਜੋਂ ਸ਼ਾਮਲ ਹੋ ਕੇ ਖੂਨਦਾਨ ਦੇ ਖੇਤਰ ਵਿੱਚ ਅਹਿਮ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਅਤੇ ਸੰਸਥਾਵਾਂ ਦਾ ਸਨਮਾਨ ਕਰਨਗੇ। ਉਹਨਾਂ ਦੱਸਿਆ ਕਿ ਪੰਜਾਬ ਵਿੱਚੋਂ 19 ਪੁਰਸ਼ ਖੂਨਦਾਨੀਆਂ ਅਤੇ 11 ਇਸਤਰੀ ਖੂਨਦਾਨੀਆਂ ਦੀ ਚੋਣ ਇਸ ਸਨਮਾਨ ਲਈ ਕੀਤੀ ਗਈ ਹੈ ਮਾਨਸਾ ਜ਼ਿਲ੍ਹੇ ਲਈ ਇਹ ਮਾਣ ਵਾਲੀ ਗੱਲ ਹੈ ਕਿ 19 ਪੁਰਸ਼ ਵਰਗ ਦੇ ਸਨਮਾਨ ਹਾਸਲ ਕਰਨ ਵਾਲਿਆਂ ਵਿਚੋਂ ਤਿੰਨ ਖੂਨਦਾਨੀ ਇੱਕਲੇ ਮਾਨਸਾ ਦੇ ਹਨ। ਉਹਨਾਂ ਦੱਸਿਆ ਕਿ ਸੰਜੀਵ ਪਿੰਕਾ ਨੂੰ 129 ਵਾਰ ਬਲਜੀਤ ਸ਼ਰਮਾਂ ਨੂੰ 123ਵਾਰ ਅਤੇ ਸੁਨੀਲ ਗੋਇਲ ਨੂੰ 104ਵਾਰ ਖੂਨਦਾਨ ਕਰਨ ਲਈ ਸਨਮਾਨਿਤ ਕੀਤਾ ਜਾਵੇਗਾ।
ਅਗਰਵਾਲ ਸਭਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ ਨੇ ਵਧਾਈ ਦਿੰਦਿਆਂ ਕਿਹਾ ਕਿ ਨੋਜਵਾਨ ਵਰਗ ਨੂੰ ਅਜਿਹੇ ਖੂਨਦਾਨੀਆਂ ਤੋਂ ਪ੍ਰੇਰਿਤ ਹੋ ਕੇ ਸਮਾਜਸੇਵੀ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।