ਪੁਲਿਸ ਨੇ ਸੜਕ 'ਤੇ ਗੱਡੀਆਂ ਖੜ੍ਹਾ ਕਰਨ ਵਾਲਿਆਂ ਦੇ ਕੱਟੇ ਚਲਾਨ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 30 ਸਤੰਬਰ 2022
ਤਿਉਹਾਰਾਂ ਦੇ ਦਿਨਾਂ ਨੂੰ ਲੈ ਕੇ ਗੁਰਦਾਸਪੁਰ ਵਿੱਚ ਪੁਲਿਸ ਵੱਲੋਂ ਸਖਤੀ ਕਰਣੀ ਸ਼ੁਰੂ ਕਰ ਦਿੱਤੀ ਹੈ। ਤਿਉਹਾਰਾਂ ਦੇ ਦਿਨਾਂ ਵਿੱਚ ਬਜ਼ਾਰਾ ਦੀ ਰੌਣਕ ਵੱਧ ਜਾਂਦੀ ਹੈ ਅਤੇ ਖਰੀਦਦਾਰੀ ਕਰਨ ਆਏ ਲੋਕਾਂ ਕਾਰਨ ਕਾਫੀ ਭੀੜ ਹੋ ਜਾਂਦੀ ਹੈ। ਆਲੇ ਦੁਆਲੇ ਦੇ ਪੇਂਡੂ ਇਲਾਕਿਆਂ ਦੇ ਲੋਕ ਜ਼ਿਆਦਾਤਰ ਆਪਣੀਆਂ ਗੱਡੀਆਂ ਤੇ ਹੀ ਸ਼ਹਿਰ ਵੱਲ ਖਰੀਦਦਾਰੀ ਲਈ ਨਿਕਲਦੇ ਹਨ ਜਿਸ ਕਾਰਨ ਟ੍ਰੈਫਿਕ ਸਮੱਸਿਆ ਵਧ ਜਾਂਦੀ ਹੈ। ਇਸ ਦੇ ਚੱਲਦਿਆਂ ਟ੍ਰੈਫਿਕ ਪੁਲੀਸ ਨੇ ਗੱਡੀਆਂ ਦੀ ਚੈਕਿੰਗ ਕਰਨ ਦੇ ਨਾਲ-ਨਾਲ ਸੜਕ ਉੱਤੇ ਬੇਤਰਤੀਬ ਗੱਡੀਆਂ ਪਾਰਕ ਕਰਨ ਵਾਲਿਆਂ ਦੇ ਚਲਾਨ ਕੱਟਣੇ ਵੀ ਸ਼ੁਰੂ ਕਰ ਦਿੱਤੇ ਹਨ।
ਇਸ ਸੰਬਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਅਜੇ ਕੁਮਾਰ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਨੂੰ ਵੇਖਦੇ ਹੋਏ ਪੂਰੇ ਗੁਰਦਾਸਪੁਰ ਵਿੱਚ ਨਾਕੇ ਲਗਾ ਕੇ ਅਤੇ ਪੈਟਰੋਲਿੰਗ ਵਿੰਗ ਦੇ ਟ੍ਰੈਫਿਕ ਪੁਲਸ ਕਰਮਚਾਰੀਆਂ ਵੱਲੋਂ ਗਸ਼ਤ ਕਰਦੇ ਹੋਏ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਅਧੂਰੇ ਕਾਗਜ਼ਾਤਾਂ ਵਾਲੀਆਂ ਗੱਡੀਆਂ ਦੇ ਨਾਲ ਨਾਲ ਸੜਕ ਵਿਚਕਾਰ ਗੱਡੀਆਂ ਖੜੀਆਂ ਕਰਕੇ ਟਰੈਫਿਕ ਸਮੱਸਿਆ ਨੂੰ ਵਧਾਉਣ ਵਾਲਿਆਂ ਦੇ ਚਲਾਨ ਕੀਤੇ ਜਾ ਰਹੇ ਹਨ।ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਟ੍ਰੈਫਿਕ ਸਮੱਸਿਆ ਨੂੰ ਸੁਲਝਾਉਣ ਵਿਚ ਪੁਲਿਸ ਦਾ ਸਹਿਯੋਗ ਕਰਨ ਅਤੇ ਤਿਉਹਾਰ ਦੇ ਦਿਨਾਂ ਵਿੱਚ ਸੁਰੱਖਿਆ ਦੇ ਮੱਦੇਨਜ਼ਰ ਜੇ ਕਿਸੇ ਨੂੰ ਕੋਈ ਸ਼ੱਕੀ ਵਿਅਕਤੀ ਜਾਂ ਫਿਰ ਕੋਈ ਸ਼ੱਕੀ ਚੀਜ਼ ਦਿਖਦੀ ਹੈ ਤਾਂ ਤੁਰੰਤ ਹੀ ਆਪਣੇ ਇਲਾਕੇ ਦੇ ਪੁਲਿਸ ਥਾਣੇ ਵਿੱਚ ਜਾਣਕਾਰੀ ਦਿਉ ।ਉਨ੍ਹਾਂ ਨੇ ਕਿਹਾ ਕਿ ਅਸੀਂ ਆਮ ਲੋਕਾਂ ਦੀ ਸਹਾਇਤਾ ਨਾਲ ਹੀ ਗੁਰਦਾਸਪੁਰ ਸ਼ਹਿਰ ਵਿਚ ਅਮਨ ਸ਼ਾਂਤੀ ਬਣਾ ਸਕਦੇ ਹਾਂ।