ਕੈਨੇਡਾ: ਵੈਨਕੂਵਰ ਇਲਾਕੇ ‘ਚ ਗੈਸ ਦੀਆਂ ਕੀਮਤਾਂ ਨੇ ਪਿਛਲੇ ਸਾਰੇ ਰਿਕਾਰਡ ਤੋੜੇ
241.9 ਸੈਂਟ ਪ੍ਰਤੀ ਲੀਟਰ ਗੈਸ, ਲੋਕ ਡਾਢੇ ਪ੍ਰੇਸ਼ਾਨ ਅਤੇ ਗੈਸ ਕੰਪਨੀਆਂ ਦੀ ਚਾਂਦੀ
ਹਰਦਮ ਮਾਨ,ਬਾਬੂਸ਼ਾਹੀ ਨੈਟਵਰਕ
ਸਰੀ, 01 ਅਕਤੂਰ 2022-ਮੈਟਰੋ ਵੈਨਕੂਵਰ ਇਲਾਕੇ ਵਿਚ ਗੈਸ ਦੀਆਂ ਕੀਮਤਾਂ ਨੇ ਪਿਛਲੇ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ। ਅੱਜ ਸ਼ੁੱਕਰਵਾਰ ਨੂੰ ਇੱਥੇ ਗੈਸ ਦੀਆਂ ਕੀਮਤਾਂ 241.9 ਸੈਂਟ ਪ੍ਰਤੀ ਲੀਟਰ ਤੇ ਪੁੱਜ ਗਈਆਂ, ਕੱਲ ਇਹ ਕੀਮਤਾਂ 239.9 ਸੈਂਟ ਸਨ ਜਦੋਂ ਕਿ ਕੱਲ੍ਹ ਦੂਜੇ ਸੂਬੇ ਐਡਮਿੰਟਨ ਵਿੱਚ ਗੈਸ ਦੀ ਕੀਮਤ 145.9 ਸੈਂਟ, ਟੋਰਾਂਟੋ ਵਿੱਚ 153.9 ਸੈਂਟ ਅਤੇ ਮਾਂਟਰੀਅਲ ਵਿੱਚ 168.9 ਸੈਂਟ ਪ੍ਰੀਤ ਲੀਟਰ ਸੀ। ਲੋਅਰ ਮੇਨਲੈਂਡ ਬੀ.ਸੀ. ਦੇ ਲੋਕ ਪਿਛਲੇ ਲੰਮੇਂ ਸਮੇਂ ਤੋਂ ਦੇਸ਼ ਭਰ ਵਿੱਚ ਸਭ ਤੋਂ ਵੱਧ ਕੀਮਤ ਅਦਾ ਕਰ ਰਹੇ ਹਨ।
ਲੋਕ ਇਸ ਗੱਲੋਂ ਹੈਰਾਨ ਅਤੇ ਪ੍ਰੇਸ਼ਾਨ ਹਨ ਕਿ ਕੁਝ ਹੀ ਦਿਨਾਂ ਵਿੱਚ ਗੈਸ ਦੀਆਂ ਕੀਮਤਾਂ ਵਿੱਚ ਲਗਭਗ 40 ਸੈਂਟ ਦਾ ਵਾਧਾ ਹੋਇਆ ਹੈ। ਲੋਕਾਂ ਨੇ ਇੰਨੀ ਤੇਜ਼ੀ ਨਾਲ ਗੈਸ ਦੀਆਂ ਕੀਮਤਾਂ ਵਿੱਚ ਵਾਧਾ ਹੁੰਦਾ ਪਹਿਲੀ ਵਾਰ ਦੇਖਿਆ ਹੈ। ਵਧੀਆਂ ਗੈਸ ਦੀਆਂ ਕੀਮਤਾਂ ਖਾਧ ਪਦਾਰਥਾਂ ਅਤੇ ਹੋਰ ਵਸਤਾਂ ਦੀਆਂ ਕੀਮਤਾਂ ਨੂੰ ਵੀ ਪ੍ਰਭਾਵਤ ਕਰ ਰਹੀਆਂ ਹਨ। ਇਸ ਕਾਰਨ ਘਰਾਂ ਦੀ ਮੁਰੰਮਤ ਦੀਆਂ ਕੀਮਤਾਂ ਵੀ ਪ੍ਰਭਾਵਤ ਹੋ ਰਹੀਆਂ ਹਨ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਮੈਟਰੋ ਵੈਨਕੂਵਰ ਦੇ ਨਿਵਾਸੀ ਗੈਸ ਉਪਰ 75 ਸੈਂਟ ਪ੍ਰਤੀ ਲੀਟਰ ਟੈਕਸ ਅਦਾ ਕਰਦੇ ਹਨ।
ਇਸੇ ਦੌਰਾਨ ਗੈਸ ਵਿਜ਼ਰਡ ਸਾਈਟ ਨੇ ਖਦਸ਼ਾ ਜ਼ਾਹਰ ਕੀਤਾ ਹੈ ਕਿ ਗੈਸ ਕੀਮਤਾਂ ਦੀ ਸਥਿਤੀ ਬਿਹਤਰ ਹੋਣ ਤੋਂ ਪਹਿਲਾਂ ਹੋਰ ਵਿਗੜ ਜਾਵੇਗੀ ਅਤੇ ਸੰਭਾਵਤ ਤੌਰ 'ਤੇ ਵੀਕਇੰਡ ਤੱਕ ਇਹ ਕੀਮਤਾਂ 246.9 ਸੈਂਟ ਪ੍ਰਤੀ ਲੀਟਰ ਤੱਕ ਪਹੁੰਚ ਜਾਣਗੀਆਂ।
ਗੈਸ ਦੀਆਂ ਵਧਦੀਆਂ ਕੀਮਤਾਂ ਉਪਰ ਚਿੰਤਾ ਪ੍ਰਗਟ ਕਰਦਿਆਂ ਬੀ.ਸੀ. ਗਰੀਨ ਕੌਕਸ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਫੈਡਰਲ ਸਰਕਾਰ ਨਾਲ ਮਿਲ ਕੇ ਆਇਲ ਅਤੇ ਗੈਸ ਦੇ ਖੇਤਰ 'ਚ ਵਿੰਡਫਾਲ ਪਰੌਫਿਟਸ ਟੈਕਸ ਲਿਆਂਦਾ ਜਾਵੇ ਸੂਬੇ ਦੇ ਲੋਕਾਂ ਨੂੰ ਰਾਹਤ ਪ੍ਰਦਾਨ ਕੀਤੀ ਜਾਵੇ। ਬੀ.ਸੀ. ਗਰੀਨ ਨੇ ਕਿਹਾ ਕਿ ਇਹ ਸਿਸਟਮਿਕ ਸਮੱਸਿਆ ਹੈ ਅਤੇ ਬੀ.ਸੀ. ਵਾਸੀਆਂ ਕੋਲ ਮੁਫਤ ਅਤੇ ਕੰਸਿਸਟੈਂਟ ਟ੍ਰਾਂਜ਼ਿਟ ਜਿਹੇ ਬਦਲ ਪਹੁੰਚ ਤੋਂ ਬਾਹਰ ਹਨ। ਇਹ ਵੀ ਕਿਹਾ ਗਿਆ ਹੈ ਕਿ ਇੱਕ ਪਾਸੇ ਨਾਗਰਿਕ ਪ੍ਰੇਸ਼ਾਨ ਹਨ ਅਤੇ ਦੂਜੇ ਪਾਸੇ ਆਇਲ ਅਤੇ ਗੈਸ ਕੰਪਨੀਆਂ ਵੱਡੇ ਮੁਨਾਫੇ ਕਮਾ ਰਹੀਆਂ ਹਨ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com