ਡੀ ਏ ਵੀ ਪਬਲਿਕ ਸਕੂਲ ਕੋਟਕਪੂਰਾ ਵਿਖੇ ਚੱਲ ਰਹੀ ਅਧਿਆਪਨ ਸਿਖਲਾਈ ਕਾਰਜਸ਼ਾਲਾ
ਦੀਪਕ ਗਰਗ ,ਬਾਬੂਸ਼ਾਹੀ ਨੈਟਵਰਕ
ਕੋਟਕਪੂਰਾ 1 ਅਕਤੂਬਰ 2022
ਸਥਾਨਕ ਡੀ ਏ ਵੀ ਪਬਲਿਕ ਸਕੂਲ ਕੋਟਕਪੂਰਾ ਵਿੱਚ 6 ਸਤੰਬਰ ਤੋਂ ਲੈ ਕੇ 25 ਸਤੰਬਰ ਤੱਕ ਵੱਖ ਵੱਖ ਵਿਸ਼ਿਆਂ ਸਬੰਧੀ ਚੱਲ ਰਹੇ ਅਧਿਆਪਨ ਸਿਖਲਾਈ ਕਲਾਸਾਂ ਲਗਾਈਆਂ ਜਾ ਰਹੀਆਂ ਹਨ।ਜਿਸ ਵਿੱਚ ਵੱਖ- ਵੱਖ ਵਿਸ਼ਿਆਂ ਨੂੰ ਖੇਡ ਪ੍ਰਕਿਰਿਆ ਰਾਹੀਂ ਹੋਰ ਸੁਖਾਲਾ ਬਣਾਉਣ ਦੇ ਤੌਰ ਤਰੀਕਿਆਂ ਉਪਰ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।ਸੈਮੀਨਾਰ ਦੇ ਛੇਵੇਂ ਦਿਨ ਵਿਚ ਪੰਜਾਬੀ ਦੇ ਸੈਮੀਨਾਰ ਵਿਚ ਪੰਜਾਬੀ ਵਿਭਾਗ ਦੇ ਮੁਖੀ ਅਧਿਆਪਕ ਮੈਡਮ ਸੁਮਨ ਪੁਰੀ ਨੇ ਕਵਿਤਾ ਪਾਠ ਨੂੰ ਸਰਲ ਤਰੀਕੇ ਨਾਲ ਜੋੜਦਿਆਂ ਹੋਇਆਂ ਵਿਦਿਆਰਥੀਆਂ ਨੂੰ ਕਦਰਾਂ- ਕੀਮਤਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ‘ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ’ ਦਾ ਸ਼ਬਦ ਗਾਇਨ ਕਰਵਾਉਂਦੇ ਹੋਏ ਵਿਆਖਿਆ ਸਮਝਾਈ। ਵਿਦਿਆਰਥੀ ਅਧਿਆਪਕ ਮੈਡਮ ਮਨਦੀਪ ਕੌਰ ,ਪਰਮਜੀਤ ਕੌਰ,ਪ੍ਰਭਜੀਤ ਕੌਰ ਤੇ ਗੁਰਪ੍ਰੀਤ ਸਿੰਘ ਨੇ ਖੇਡ ਵਿਧੀ ਰਾਹੀਂ,ਨਵੇਂ ਸ਼ਬਦ,ਦਿਮਾਗੀ ਨਕਸ਼ਾ ,ਗੇਂਦ ਰਾਹੀਂ ਦੁਹਰਾਈ,ਚਾਰਟ,ਅਤੇ ਕੰਮ ਸੌਂਪਣੀ ਰਾਹੀਂ ਕਵਿਤਾ ਪਾਠ ਨੂੰ ਹੋਰ ਵੀ ਰੌਚਕ ਬਣਾਉਣ ਦਾ ਢੰਗ ਸਮਝੇ। ਸਕੂਲ ਦੇ ਪ੍ਰਿੰਸੀਪਾਲ ਸ੍ਰੀ’ ਰਾਜਵੀਰ ਸਿੰਘ ਕੰਗ’ ਨੇ ਕਵਿਤਾ ਪਾਠ ਦੇ ਅੰਤ ਵਿੱਚ ਅਰਦਾਸ ਕਰਵਾ ਕੇ ਪਾਠ ਪੂਰਾ ਕੀਤਾ।ਉਨ੍ਹਾਂ ਅਧਿਆਪਕਾਂ ਨੂੰ ਇਨ੍ਹਾਂ ਦਿਨਾਂ ਵਿਚ ਦਿੱਤੀ ਜਾ ਰਹੀ ਸਿਖਲਾਈ ਬਾਰੇ ਬੋਲਦਿਆਂ ਕਿਹਾ ਕਿ ਸਮੇਂ ਦੀ ਮੰਗ ਅਨੁਸਾਰ ਅਧਿਆਪਕ ਨੂੰ ਸਮੇਂ ਦਾ ਹਾਣੀ ਬਣਨਾ ਬਹੁਤ ਜ਼ਰੂਰੀ ਹੋ ਗਿਆ ਹੈ।ਸਰਵਪੱਖੀ ਵਿਕਾਸ ਤਾਂ ਹੀ ਪੂਰਨ ਹੁੰਦਾ ਹੈ ਜੇਕਰ ਇੱਕ ਵਿਦਿਆਰਥੀ ਗਿਆਨ ਦੇ ਨਾਲ- ਨਾਲ ਨੈਤਿਕ ਕਦਰਾਂ- ਕੀਮਤਾਂ ਦਾ ਧਾਰਨੀ ਬਣਦਾ ਹੈ।ਮਾਤ ਭਾਸ਼ਾ ਅਧਿਆਪਕ ਦੇ ਫ਼ਰਜ਼ ਵਿਦਿਆਰਥੀ ਪ੍ਰਤੀ ਹੋਰ ਵੀ ਡੂੰਘੇ ਤੇ ਵਿਸ਼ਾਲ ਹੋ ਜਾਂਦੇ ਹਨ।ਪੱਛਮ ਦੇ ਪ੍ਰਭਾਵ ਤੋਂ ਬਚਾਉਣ ਦੇ ਲਈ ਵਿਦਿਆਰਥੀ ਨੂੰ ਪੰਜਾਬੀ ਸੱਭਿਆਚਾਰ ਅਤੇ ਆਪਣੀ ਸੰਸਕ੍ਰਿਤੀ ਨਾਲ ਜੋੜਨਾ ਅਧਿਆਪਕ ਦਾ ਮੁੱਢਲਾ ਕੰਮ ਹੈ।ਇੱਕ ਵਿਦਿਆਰਥੀ ਮਾਤ ਭਾਸ਼ਾ ਰਾਹੀਂ ਹੀ ਆਪਣੇ ਗਿਆਨ ਦਾ ਭੰਡਾਰ ਵਧਾ ਸਕਦਾ ਹੈ ।ਅਧਿਆਪਕ ਦਾ ਸਕਾਰਾਤਮਕ ਸੋਚ ਅਤੇ ਹਾਂ ਪੱਖੀ ਸੋਚ ਦਾ ਧਾਰਨੀ ਹੋਣਾ ਅਤਿ ਜ਼ਰੂਰੀ ਹੈ ।ਖਿੜੇ ਮੱਥੇ ਜਮਾਤ ਵਿਚ ਪਹੁੰਚਣ ਵਾਲਾ ਅਧਿਆਪਕ ਵਿਦਿਆਰਥੀਆਂ ਦੇ ਦਿਲਾਂ ਵਿਚ ਸਦੀਵੀ ਰਾਜ ਹੀ ਨਹੀਂ ਕਰਦਾ ਸਗੋਂ ਮਾਤ ਭਾਸ਼ਾ ਪ੍ਰਤੀ ਆਪਣਾ ਫ਼ਰਜ਼ ਵੀ ਨਿਭਾਉਂਦਾ ਹੈ ਅਤੇ ਸਹੀ ਅਧਿਆਪਕ ਹੋਣ ਦੇ ਅਰਥ ਵੀ ਸਪੱਸ਼ਟ ਕਰਦਾ ਹੈ ।
ਉਨ੍ਹਾਂ ਪੰਜਾਬੀ ਵਿਭਾਗ ਦੀ ਵਧੀਆ ਕਾਰਗੁਜ਼ਾਰੀ ਉਪਰ ਖੁਸ਼ੀ ਪ੍ਰਗਟਾਈ ਅਤੇ ਹੌਸਲਾ ਅਫ਼ਜ਼ਾਈ ਵੀ ਕੀਤੀ।ਮੈਡਮ ਸੁਮਨ ਪੁਰੀ ਨੇ ਪ੍ਰਿੰਸੀਪਲ ਸ੍ਰੀ ਰਾਜਵੀਰ ਸਿੰਘ ਕੰਗ ਦਾ ਪੰਜਾਬੀ ਮਾਤ ਭਾਸ਼ਾ ਪ੍ਰਤੀ ਡੂੰਘਾ ਪ੍ਰੇਮ ਦੇਖ ਕੇ ਧੰਨਵਾਦੀ ਹੁੰਦਿਆਂ ਕਿਹਾ ਕਿ ਸਕੂਲ ਦਾ ਪੰਜਾਬੀ ਵਿਭਾਗ ਇਸ ਗੱਲ ਵਿੱਚ ਖੁਸ਼ੀ ਮਹਿਸੂਸ ਕਰਦਾ ਹੈ ਕਿ ਇੰਗਲਿਸ਼ ਮੀਡੀਅਮ ਸਕੂਲ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਸਕੂਲ ਵਿੱਚ ਸਮੇਂ- ਸਮੇਂ ਤੇ ਮਾਤ ਭਾਸ਼ਾ ਦੇ ਪ੍ਰਚਾਰ ਅਤੇ ਪ੍ਰਸਾਰ ਕਰਨ ਦਾ ਪੂਰਨ ਸਹਿਯੋਗ ਮਿਲਦਾ ਹੈ। ਅੰਤ ਵਿੱਚ ਕੜਾਹ ਪ੍ਰਸ਼ਾਦ ਵਰਤਾ ਕੇ ਵਾਹਿਗੁਰੂ ਦਾ ਜਾਪ ਕੀਤਾ ਗਿਆ । ਪ੍ਰਿੰਸੀਪਲ ਨੇ ਅਧਿਆਪਕਾਂ ਦੁਆਰਾ ਸਿੱਖੀਆਂ ਨਵੀਆਂ ਤਕਨੀਕਾਂ ਨੂੰ ਅਮਲੀ ਜਾਮਾ ਪਵਾਉਣ ਲਈ ਉਤਸ਼ਾਹਿਤ ਕੀਤਾ।