ਕੈਬਿਨੇਟ ਮੰਤਰੀ ਦੇ ਪਹੁੰਚਣ ਤੋਂ ਪਹਿਲਾਂ ਜੀ ਓ ਜੀ ਨੇ ਕਾਲੀਆਂ ਝੰਡੀਆਂ ਨਾਲ ਕੀਤਾ ਰੋਸ ਪ੍ਰਦਰਸ਼ਨ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 01 ਅਕਤੂਬਰ 2022
ਜ਼ਿਲ੍ਹੇ ਦੇ ਕਸਬਾ ਧਾਰੀਵਾਲ ਦੀ ਦਾਣਾ ਮੰਡੀ ਵਿਖੇ ਖੇਤੀਬਾੜੀ ਵਿਭਾਗ ਵਲੋ ਕਰਵਾਏ ਜਾ ਰਹੇ ਸਮਾਗਮ ਜਿਸ ਵਿੱਚ ਕੈਬਿਨੇਟ ਮੰਤਰੀ ਕੁਲਦੀਪ ਧਾਲੀਵਾਲ ਨੇ ਸ਼ਮੂਲੀਅਤ ਕਰਨੀ ਹੈ ਉਸ ਸਮਾਗਮ ਦਾ ਖੁਸ਼ਹਾਲੀ ਦੇ ਰਾਖੇ, ਜੀ. ਓ. ਜੀ. (ਗਾਰਡੀਅਨਜ਼ ਆਫ ਗਵਰਨੈਂਸ) ਵਲੋਂ ਸਮਾਗਮ ਸਥਾਨ ਤੇ ਪਹੁੰਚ ਕੇ ਕਾਲੀਆ ਝੰਡੀਆ ਹੱਥਾਂ ਵਿਚ ਫੜ ਕੇ ਪੰਜਾਬ ਸਰਕਾਰਾ ਖ਼ਿਲਾਫ਼ ਪ੍ਰਦਰਸ਼ਨ ਅਤੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ ਗਈ।ਪੁਲਿਸ ਪ੍ਰਸ਼ਾਸਨ ਨੇ ਮੌਕੇ ਤੇ ਪਹੁੰਚ ਕੇ ਮੌਕਾ ਸੰਭਾਲਿਆ।
.ਪ੍ਰਦਰਸ਼ਨਕਾਰੀ ਜੀ. ਓ. ਜੀ ਜਗਜੀਤ ਸਿੰਘ ਨੇ ਕਿਹਾ ਕਿ ਸਰਕਾਰ ਨੇ ਬਿਨਾਂ ਨੋਟਿਸ ਦਿੱਤੇ ਮਿਤੀ 09 ਸਤੰਬਰ 2022 ਨੂੰ ਜੀ. ਓ. ਜੀ, ਸਕੀਮ (ਖੁਸ਼ਹਾਲੀ ਦੇ ਰਾਖੇ) ਨੂੰ ਬਰਖਾਸਤ ਕਰ ਦਿੱਤਾ ਗਿਆ।ਜਿਸ ਕਾਰਨ ਸਮੂਹ ਸੈਨਿਕਾਂ ਦੇ ਸਵੈਮਾਨ ਨੂੰ ਇਹ ਕਹਿ ਕੇ ਠੇਸ ਪਹੁੰਚਾਈ ਗਈ ਹੈ ਕਿ ਜਿਸ ਮੰਤਵ ਲਈ ਇਹਨਾਂ ਨੂੰ ਨਿਯੁਕਤ ਕੀਤਾ ਗਿਆ ਸੀ, ਉਸ ਮੰਤਵ ਨੂੰ ਪੂਰਾ ਕਰਨ ਵਿੱਚ ਪੂਰੀ ਤਰ੍ਹਾਂ ਇਹ ਸਕੀਮ (ਜੀ. ਓ. ਜੀ.) ਅਸਫਲ ਰਹੀ ਹੈ ਅਤੇ ਪਿਛਲੇ ਚਾਰ ਸਾਲਾਂ ਵਿਚ ਇਹਨਾਂ ਦਾ ਕੋਈ ਯੋਗਦਾਨ ਨਹੀਂ ਰਿਹਾ । ਓ
ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜੋ ਕੰਮ ਜੀ. ਓ. ਜੀ. ਨੂੰ ਦਿੱਤਾ ਗਿਆ ਸੀ, ਉਹ ਅੱਖਾਂ ਨਾਲ ਵੇਖਣਾ ਅਤੇ ਕੰਨਾ ਨਾਲ ਸੁਨਣਾ ਅਤੇ ਜ਼ਮੀਨੀ ਹਕੀਕਤ ਨੂੰ ਸਰਕਾਰ ਦੇ ਧਿਆਨ ਵਿੱਚ ਲਿਆਉਣਾ ਸੀ। ਅਸਲ ਵਿੱਚ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਗਰੀਬੀ ਰੇਖਾ ਤੋਂ ਹੇਠਾਂ ਜੀਵਨ ਬਸਰ ਕਰ ਰਹੇ ਪਰਿਵਾਰਾਂ ਲਈ ਜੋ 26 ਤਲਾਈ ਸਕੀਮਾਂ ਉਹਨਾਂ ਦਾ ਜੀਵਨ ਪੱਧਰ ਉਪਰ ਉਠਾਉਣ ਲਈ ਸਹਾਇਤਾ ਵਜੋਂ ਚਲਾਈਆਂ ਜਾ ਰਹੀਆਂ ਸਨ, ਉਹਨਾਂ ਦਾ ਮੁਲਾਂਕਣ ਕਰਨਾ ਸੀ ਅਤੇ ਕਿ ਇਹ ਸਕੀਮਾਂ ਠੀਕ ਲਾਭਪਾਤਰੀਆਂ ਤੱਕ ਪਹੁੰਚ ਰਹੀਆਂ ਹਨ, ਬਾਰੇ ਸਰਕਾਰ ਨੂੰ ਰਿਪੋਰਟ ਕਰਨਾ ਸੀ। ਇਹ ਕੰਮ ਜੀ. ਓ. ਜੀ, ਨੇ ਬਾਖੂਬੀ ਨਾਲ ਨਿਭਾਇਆ ਅਤੇ ਕਾਫੀ ਹੱਦ ਤੱਕ ਕਾਮਯਾਬ ਵੀ ਰਿਹਾ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਕਈ ਮੰਗ ਪੱਤਰ ਸੌਂਪੇ ਕਿ ਉਹਨਾਂ ਨੂੰ ਕਾਰਨ ਦੱਸਿਆ ਜਾਵੇ ਪਰ ਪੰਜਾਬ ਸਰਕਾਰ ਨੇ ਕੋਈ ਜਵਾਬ ਨਹੀਂ ਦਿੱਤਾ ਜਿਸ ਕਾਰਨ ਸਾਨੂੰ ਮਜਬੂਰਨ ਸਰਕਾਰ ਖਿਲਾਫ ਸੜਕਾਂ ਤੇ ਉਤਰਨਾ ਪੈ ਰਿਹਾ ਹੈ। ਜਦੋ ਤੱਕ ਸਰਕਾਰ ਆਪਣਾ ਫੈਂਸਲਾ ਵਾਪਿਸ ਨਹੀਂ ਲੈਂਦੀ ਤਦ ਤਕ ਸਾਡੇ ਰੋਸ ਪ੍ਰਦਰਸ਼ਨ ਇਸੇ ਤਰਾਂ ਜਾਰੀ ਰਹਿਣਗੇ