ਕੋਠੀ ਦਾ ਕਬਜ਼ਾ ਲੈਣ ਆਏ ਅਧਿਕਾਰੀ ਕਿਸ਼ਾਨਾਂ ਦੇ ਵਿਰੋਧ ਕਾਰਨ ਬੇਰੰਗ ਮੁੜੇ ਵਾਪਸ
ਰੋਹਿਤ ਗੁਪਤਾ
ਗੁਰਦਾਸਪੁਰ, 1 ਅਕਤੂਬਰ 2022 - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਗੁਰਦਾਸਪੁਰ ਦੇ ਜ਼ੋਨ ਬਾਬਾ ਮਸਤੂ ਜੀ ਦੇ ਅੰਦਰ ਪੈਂਦੇ ਪਿੰਡ ਵਰਸੋਲਾ ਵਿੱਚ ਕੋਠੀ 'ਤੇ ਕਬਜ਼ਾ ਕਰਨ ਆਏ ਬੈਂਕ ਅਧਿਕਾਰੀਆਂ ਨੂੰ ਖਾਲੀ ਹੱਥ ਵਾਪਸ ਭੇਜਿਆ । ਦਰਅਸਲ ਇਹ ਕਰਜਾ ਪੀੜਤ ਕਿਸਾਨ ਨੇ ਲਿਆ ਹੀ ਨਹੀਂ , ਸ਼ਰਾਰਤੀ ਅਨਸਰਾਂ ਨੇ ਬੈਂਕ ਅਧਿਕਾਰੀਆਂ ਨਾਲ ਮਿਲ ਕੇ ਧੋਖੇ ਨਾਲ ਪੀੜਤ ਕਿਸਾਨ ਦੇ ਨਾਂ 'ਤੇ 70 ਲੱਖ ਦਾ ਕਰਜ਼ਾ ਲੈ ਲਿਆ, ਜਿਸਦਾ ਖਮਿਆਜਾ ਹਰਪ੍ਰੀਤ ਸਿੰਘ ਨੂੰ ਭੁਗਤਣਾ ਪੈ ਰਿਹਾ ਹੈ ।
ਜਦੋਂ ਇਸ ਸਾਰੀ ਗੱਲ ਦਾ ਪਤਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੂੰ ਲੱਗਾ ਕਿ ਬੈਂਕ ਅਧਿਕਾਰੀ ਹਰਪ੍ਰੀਤ ਸਿੰਘ ਦੀ ਕੋਠੀ ਨੂੰ ਤਾਲਾ ਲਾ ਕੇ ਕਬਜ਼ਾ ਲੈਣ ਆ ਰਹੇ ਹਨ ਤਾਂ ਜ਼ੋਨ ਬਾਬਾ ਮਸਤੂ ਜੀ ਦੀਆਂ ਸਾਰੇ ਪਿੰਡਾਂ ਦੀਆਂ ਇਕਾਈਆਂ ਜ਼ੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਦੀ ਅਗਵਾਈ ਵਿੱਚ ਪਿੰਡ ਵਰਸੋਲੇ ਵਿੱਚ ਇਕੱਠੀਆਂ ਹੋਣੀਆਂ ਸ਼ੁਰੂ ਹੋ ਗਈਆਂ। ਜਦੋਂ ਉੱਥੇ ਪਹੁੰਚ ਕੇ ਜ਼ੋਨ ਪ੍ਰਧਾਨ ਅਨੂਪ ਸਿੰਘ ਸੁਲਤਾਨੀ ਨੇ ਬੈਂਕ ਵਾਲਿਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਗੱਲ ਸਾਫ਼ ਹੋ ਗਈ ਕਿ ਬੈਂਕ ਪ੍ਰਸ਼ਾਸਨ ਸਰਾਸਰ ਹਰਪ੍ਰੀਤ ਸਿੰਘ ਨਾਲ ਧੱਕਾ ਕਰ ਰਿਹਾ ਹੈ। ਕੁਲਜੀਤ ਸਿੰਘ ਹਯਾਤ ਨਗਰ ਅਤੇ ਜਤਿੰਦਰ ਸਿੰਘ ਵਰਿਆਂ ਵੱਲੋਂ ਕਿਹਾ ਗਿਆ ਕਿ ਬੈਂਕ ਪ੍ਰਸ਼ਾਸਨ ਨੇ ਖੁਦ ਬਿਨਾਂ ਪੁੱਛ ਪੜਤਾਲ ਦੇ ਗਲਤ ਕਰਜ਼ਾ ਪਾਸ ਕਰ ਕੇ ਹੁਣ ਹਰਪ੍ਰਰੀਤ ਸਿੰਘ ਕੋਲੋਂ ਪੈਸਾ ਵਸੂਲਣਾ ਚਾਹੁੰਦਾ ਹੈ, ਜਿਸਦੀ ਪਹਿਲਾ ਛਾਣਬੀਣ ਹੋਣੀ ਚਾਹੀਦੀ ਹੈ। ਜੋ ਵੀ ਇਸ ਧਾਂਦਲੀ ਵਿੱਚ ਸ਼ਾਮਲ ਹੋਵੇ ਉਸ ਉੱਤੇ ਕਾਰਵਾਈ ਹੋਣੀ ਚਾਹਿਦੀ ਹੈ ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਇਕਜੁਟਤਾ ਨਾਲ ਬੈਂਕ ਪ੍ਰਸ਼ਾਸਨ ਦਾ ਵਿਰੋਧ ਕੀਤਾ ਤੇ ਦਲੀਲ ਨਾਲ ਬੈਂਕ ਅਧਿਕਾਰੀਆਂ ਨਾਲ ਗੱਲ ਕਰਕੇ ਉਹਨਾਂ ਨੂੰ ਬੇਰੰਗ ਵਾਪਸ ਮੁੜਣ ਲਈ ਮਜਬੂਰ ਕਰ ਦਿੱਤਾ । ਜਿਸ ਤੋਂ ਬਾਅਦ ਆਪਣੀ ਦਾਲ ਨਾ ਗਲਦੀ ਦੇਖ ਬੈਂਕ ਪ੍ਰਸ਼ਾਸਨ ਬਿਨਾਂ ਕਬਜਾ ਲਏ ਵਾਪਸ ਪਰਤ ਗਿਆ । ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਅੱਲੜ ਪਿੰਡੀ, ਸੁਖਵਿੰਦਰ ਸਿੰਘ ਦਾਖਲਾ ,ਗੁਰਪ੍ਰਰੀਤ ਸਿੰਘ, ਸੋਹਣ ਸਿੰਘ ਕਾਲਾ ਨੰਗਲ, ਚਰਨਜੀਤ ਸਿੰਘ ਪੀਰਾਂ ਬਾਗ , ਅਮਰੀਕ ਸਿੰਘ ਹਯਾਤ ਨਗਰ, ਵੱਸਣ ਸਿੰਘ ਪੀਰਾਂਬਾਗ, ਅਸ਼ਵਨੀ ਕੁਮਾਰ, ਰਾਮ ਮੂਰਤੀ, ਪਲਵਿੰਦਰ ਕੋਰ , ਪ੍ਰਧਾਨ ਸੁਖਦੇਵ ਕੌਰ ਕਾਲਾ ਨੰਗਲ, ਰਮਨਦੀਪ ਕੌਰ, ਕਮਲਜੀਤ ਸਿੰਘ ਆਲੇਚੱਕ, ਮੋਹਣ ਸਿੰਘ ਆਦਿ ਹਾਜ਼ਰ ਸਨ ।