ਚੇਤਨਾ ਪਰਖ ਪ੍ਰੀਖਿਆ ਦਾ 9 ਅਕਤੂਬਰ ਨੂੰ ਹੋਵੇਗਾ ਸੂਬਾ ਪੱਧਰੀ ਸਨਮਾਨ ਸਮਾਗਮ
ਬਰਨਾਲਾ ਵਿਖੇ ਹੋ ਰਹੇ ਇਸ ਸਮਾਗਮ ਵਿੱਚ 40 ਜੇਤੂਆਂ ਨੂੰ ਨਕਦ ਇਨਾਮ ਤੇ ਪੜ੍ਹਨ ਸਮੱਗਰੀ ਦਿੱਤੀ ਜਾਵੇਗੀ
ਦਲਜੀਤ ਕੌਰ ਭਵਾਨੀਗੜ੍ਹ,ਬਾਬੂਸ਼ਾਹੀ ਨੈਟਵਰਕ
ਸੰਗਰੂਰ, 3 ਅਕਤੂਬਰ, 2022: ਤਰਕਸ਼ੀਲ ਸੁਸਾਇਟੀ ਪੰਜਾਬ ਦੇ ਚੇਤਨਾ ਪਰਖ ਪ੍ਰੀਖਿਆ ਦੇ ਸੂਬਾ ਮੁਖੀ ਰਜਿੰਦਰ ਭਦੌੜ ਤੇ ਬਰਨਾਲਾ-ਸੰਗਰੂਰ ਜ਼ੋਨ ਦੇ ਮੁਖੀ ਮਾਸਟਰ ਪਰਮਵੇਦ ਨੇ ਇਕ ਪ੍ਰੈੱਸ ਬਿਆਨ ਰਾਹੀਂ ਜਾਣਕਾਰੀ ਦਿੱਤੀ ਕਿ ਲੋਕਾਂ ਦਾ ਸੋਚਣਢੰਗ ਵਿਗਿਆਨਕ ਬਣਾਉਣ ਲਈ ਯਤਨਸ਼ੀਲ ਤਰਕਸ਼ੀਲ ਸੁਸਾਇਟੀ ਪੰਜਾਬ ਵੱਲੋ ਇਤਿਹਾਸਕ ਕਿਸਾਨੀ ਸੰਘਰਸ਼ ਨੂੰ ਸਮਰਪਿਤ 24 ਅਤੇ 25 ਜੁਲਾਈ ਨੂੰ ਮਿਡਲ ਤੇ ਸੈਕੰਡਰੀ ਪੱਧਰੀ ਕਰਵਾਈ ਗਈ ਵਿਦਿਆਰਥੀ ਚੇਤਨਾ ਪਰਖ ਪ੍ਰੀਖਿਆ ਦੇ ਮਿਡਲ ਤੇ ਸੈਕੰਡਰੀ ਵਰਗ ਦੇ 20-20 ਵਿਦਿਆਰਥੀਆਂ ਨੂੰ 9 ਅਕਤੂਬਰ ਨੂੰ ਸਵੇਰੇ 10:30 ਤਰਕਸ਼ੀਲ ਭਵਨ ਬਰਨਾਲਾ ਵਿਖੇ ਨਕਦ ਇਨਾਮ ਤੇ ਵਧੀਆ ਪੜ੍ਹਨ ਸਮੱਗਰੀ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਰਜਿੰਦਰ ਪਾਲ ਸਿੰਘ ਪ੍ਰੋਫੈਸਰ ਅਤੇ ਡੀਨ ਭਾਸ਼ਾਵਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਣਗੇ। ਇਸ ਸਮਾਗਮ ਵਿੱਚ ਜੇਤੂ ਵਿਦਿਆਰਥੀਆਂ ਤੋਂ ਇਸ ਪ੍ਰੀਖਿਆ ਸੰਬੰਧੀ ਉਨ੍ਹਾਂ ਦੇ ਵਿਚਾਰ ਵੀ ਲਈ ਜਾਣਗੇ ਤੇ ਉਨ੍ਹਾਂ ਲਈ ਸਿੱਖਿਆਦਾਇਕ ਮਨੋਰੰਜਨ ਵੀ ਹੋਵੇਗਾ।
ਆਗੂਆਂ ਨੇ ਸਮੂਹ ਜੇਤੂ ਵਿਦਿਆਰਥੀਆਂ, ਸਾਰੇ ਮੁਖੀਆਂ, ਤਰਕਸ਼ੀਲ ਮੈਂਬਰਾਂ, ਜੇਤੂ ਬੱਚਿਆਂ ਦੇ ਮਾਪਿਆਂ ਤੇ ਅਧਿਆਪਕਾਂ ਨੂੰ ਸ਼ਮੂਲੀਅਤ ਦੀ ਅਪੀਲ ਕੀਤੀ ਹੈ।