ਬਨਾਸਰ ਬਾਗ ਵਿਖੇ ਆਰਗੈਨਿਕ ਉਤਪਾਦ ਵੇਚਣ ਲਈ ਲੱਗੀ ‘ਪਹਿਲ ਮੰਡੀ’ ਨੂੰ ਮਿਲਿਆ ਭਰਵਾਂ ਹੁੰਗਾਰਾ
ਡਿਪਟੀ ਕਮਿਸ਼ਨਰ ਨੇ ਉਦਘਾਟਨ ਕਰਨ ਉਪਰੰਤ ਕਿਸਾਨਾਂ ਅਤੇ ਸਵੈ ਸਹਾਇਤਾ ਸਮੂਹਾਂ ਦੀ ਕੀਤੀ ਹੌਸਲਾ ਅਫ਼ਜ਼ਾਈ
ਹਰ ਐਤਵਾਰ ਸਵੇਰ ਤੋਂ ਸ਼ਾਮ ਤੱਕ ਲੱਗੇਗੀ ਪਹਿਲ ਮੰਡੀ
ਦਲਜੀਤ ਕੌਰ ਭਵਾਨੀਗੜ੍ਹ,ਬਾਬੂਸ਼ਾਹੀ ਨੈਟਵਰਕ
ਸੰਗਰੂਰ, 3 ਅਕਤੂਬਰ, 2022: ਜ਼ਿਲਾ ਪ੍ਰਸ਼ਾਸਨ ਸੰਗਰੂਰ ਵੱਲੋਂ ਸਥਾਨਕ ਬਨਾਸਰ ਬਾਗ ’ਚ ਪਹਿਲ ਮੰਡੀ ਦਾ ਆਯੋਜਨ ਕੀਤਾ ਗਿਆ। ਇਸ ਮੰਡੀ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਵੱਲੋਂ ਕੀਤਾ ਗਿਆ ਜਦਕਿ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਵਰਜੀਤ ਵਾਲੀਆ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋ ਕੇ ਸਵੈ ਸਹਾਇਤਾ ਸਮੂਹਾਂ ਅਤੇ ਕਿਸਾਨਾਂ ਵੱਲੋਂ ਤਿਆਰ ਸਮਾਨ ਨੂੰ ਦੇਖਿਆ ਅਤੇ ਉਨ੍ਹਾਂ ਦੇ ਉਦਮ ਦੀ ਸ਼ਲਾਘਾ ਕੀਤੀ।
ਇਸ ਮੌਕੇ ਸ੍ਰੀ ਜੋਰਵਾਲ ਨੇ ਕਿਹਾ ਕਿ 'ਪਹਿਲ ਮੰਡੀ' ਕਿਸਾਨਾਂ ਅਤੇ ਪੇਂਡੂ ਔਰਤਾਂ ਦੀ ਵਿੱਤੀ ਮਜ਼ਬੂਤੀ ਲਈ ਮਿਆਰੀ ਮੰਚ ਸਾਬਤ ਹੋਵੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਗਰੂਰ ਵਾਸੀਆਂ ਨੂੰ ਸ਼ੁੱਧ ਅਤੇ ਆਰਗੈਨਿਕ ਖਾਦ ਪਦਾਰਥ ਮੁਹੱਈਆ ਕਰਵਾਉਣ ਦੇ ਨਾਲ-ਨਾਲ ਪੰਜਾਬੀ ਵਿਰਸੇ ਨਾਲ ਸਬੰਧਤ ਚੀਜ਼ਾਂ ਉਪਲਬਧ ਕਰਵਾਉਣ ਦੇ ਮਕਸਦ ਨਾਲ ਹਰ ਐਤਵਾਰ ਸਵੇਰ ਤੋਂ ਸ਼ਾਮ ਤੱਕ ‘ਪਹਿਲ ਮੰਡੀ’ ਲਾਉਣ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਮੰਡੀ ਹਰ ਐਤਵਾਰ ਨੂੰ ਇਸੇ ਸਥਾਨ ’ਤੇ ਲੱਗੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ‘ਪਹਿਲ ਮੰਡੀ’ ’ਚ ਆਰਗੈਨਿਕ ਪਾਪੜ, ਆਰਗੈਨਿਕ ਆਟਾ, ਆਰਗੈਨਿਕ ਮਸਾਲੇ, ਆਰਗੈਨਿਕ ਦਾਲਾਂ, ਆਚਾਰ, ਮੁਰੱਬੇ ਅਤੇ ਸ਼ਹਿਦ ਵਰਗੇ ਸ਼ੁੱਧ ਅਤੇ ਕੁਦਰਤੀ ਖਾਦ ਪਦਾਰਥ ਉਪਲਬਧ ਕਰਵਾਏ ਜਾ ਰਹੇ ਹਨ। ਉਨਾਂ ਦੱਸਿਆ ਕਿ ਇਸਦੇ ਨਾਲ ਹੀ ਇਸ ਮੰਡੀ ’ਚ ਪੰਜਾਬੀ ਵਿਰਸੇ ਨਾਲ ਸਬੰਧਤ ਵਸਤੂਆਂ ਜਿਵੇਂ ਦਰੀਆਂ ਆਦਿ ਵੀ ਵੇਚੀਆਂ ਤੇ ਖਰੀਦੀਆਂ ਜਾ ਰਹੀਆਂ ਹਨ। ਉਨਾਂ ਦੱਸਿਆ ਕਿ ਇਹ ਸਾਰੇ ਉਤਪਾਦ ਸੈਲਫ਼ ਹੈਲਪ ਗਰੁੱਪਾਂ ਜਾਂ ਕਿਸਾਨਾਂ ਵੱਲੋਂ ਤਿਆਰ ਕੀਤੇ ਗਏ ਹਨ ਜਿਸ ਨਾਲ ਇਨਾਂ ਦੀ ਉੱਚ ਗੁਣਵੱਤਾ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ।