ਕਿਸਾਨਾਂ ਨੂੰ ਖੇਤੀਬਾੜੀ ਦੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਲਗਾਇਆ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ
ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂਹੰਦ ਨੂੰ ਅੱਗ ਨਾ ਲਗਾਉਣ ਦੀ ਅਪੀਲ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 03 ਅਕਤੂਬਰ, 2022: ਕਿਸਾਨਾਂ ਨੂੰ ਫਸਲਾਂ ਅਤੇ ਖੇਤੀਬਾੜੀ ਬਾਰੇ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਅੱਜ ਅਨਾਜ ਮੰਡੀ, ਸੰਗਰੂਰ ਵਿਖੇ ਜ਼ਿਲਾ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਵਾਲ ਨੇ ਕੀਤਾ ਅਤੇ ਉਨਾਂ ਨਾਲ ਸੀਨੀਅਰ ਆਗੂ ਗੁਰਮੇਲ ਸਿੰਘ ਘਰਾਚੋਂ ਵੀ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ।
ਇਸ ਮੌਕੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਸਾਨਾਂ ਨੂੰ ਫਸਲਾ ਦੀ ਰਹਿਦ-ਖੁੂੰਹਦ ਨੂੰ ਅੱਗ ਨਾ ਲਗਾਉਣ ਸਬੰਧੀ ਪੰਜਾਬ ਸਰਕਾਰ ਵੱਲੋ ਚਲਾਈ ਜਾ ਰਹੀ ਮੁਹਿੰਮ ਵਿੱਚ ਪੂਰਨ ਸਹਿਯੋਗ ਦੀ ਅਪੀਲ ਕੀਤੀ ਅਤੇ ਉਨਾਂ ਵੱਲੋਂ ਕਿਸਾਨਾਂ ਦੀ ਹਰ ਸੰਭਵ ਮਦਦ ਕਰਨ ਦਾ ਭਰੋਸਾ ਦਿੱਤਾ ਗਿਆ। ਉਨਾਂ ਇਸ ਮੌਕੇ ਕਿਸਾਨਾਂ ਦੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਉਨਾਂ ਨੂੰ ਖੇਤੀ ਮਾਹਿਰਾਂ ਦੁਆਰਾ ਸਿਫਾਰਸ਼ਸੁਦਾ ਜਾਣਕਾਰੀਆਂ ’ਤੇ ਅਮਲ ਕਰਨ ਦੀ ਸਲਾਹ ਦਿੱਤੀ ਅਤੇ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਣਾਉਣ ਦੀ ਅਪੀਲ ਕੀਤੀ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸਮੁੱਚੀ ਖੇਤੀ ਦੀ ਕਾਸ਼ਤ ਮਾਹਰਾਂ ਦੀ ਰਾਏ ਅਨੁਸਾਰ ਹੀ ਕਰਨ ਤਾਂ ਜੋ ਖੇਤੀ ਉਪਰ ਹੋ ਰਹੇ ਵਾਧੂ ਖਰਚੇ ਨੂੰ ਠੱਲ ਪਾਈ ਜਾ ਸਕੇ।
ਇਸ ਮੌਕੇ ਮੁੱਖ ਖੇਤੀਬਾੜੀ ਅਫ਼ਸਰ ਸੰਗਰੂਰ ਡਾ. ਹਰਬੰਸ ਸਿੰਘ ਚਹਿਲ ਨੇ ਖੇਤੀਬਾੜੀ ਗਤੀਵਿਧੀਆਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਨ-ਸੀਟੂ ਸਕੀਮ ਅਧੀਨ ਜਿਨਾ ਕਿਸਾਨਾਂ ਨੇ ਖੇਤੀ ਮਸ਼ੀਨਰੀ ਲਈ ਅਪਲਾਈ ਕੀਤੀ ਸੀ, ਉਹ ਅਪਲਾਈ ਕੀਤੀ ਖੇਤੀ ਮਸੀਨਰੀ ਜਲਦ ਤੋਂ ਜਲਦ ਖਰੀਦਕੇ ਮਸ਼ੀਨਰੀ ਦੀ ਵੈਰੀਫਿਕੇਸ਼ਨ ਕਰਵਾਉਣ ਤਾਂ ਜੋ ਆਉਦੇ ਸੀਜ਼ਨ ਤੋਂ ਪਹਿਲਾਂ-ਪਹਿਲਾਂ ਪਰਾਲੀ ਦੇ ਯੋਗ ਪ੍ਰਬੰਧਨ ਸਬੰਧੀ ਤਿਆਰੀ ਮੁਕੰਮਲ ਹੋ ਸਕੇ। ਇਸ ਤੋਂ ਇਲਾਵਾ ਉਨਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਮਿੱਟੀ ਪਰਖ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਮਿੱਟੀ ਪਰਖ ਸਿਹਤ ਕਾਰਡ ਦੇ ਅਨੁਸਾਰ ਹੀ ਖਾਦਾਂ ਦੀ ਵਰਤੋ ਕਰਨ। ਉਨਾਂ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਹਾੜੀ ਦੌਰਾਨ ਵੱਖ-ਵੱਖ ਫਸਲਾਂ ਲਈ ਖਾਦਾਂ ਦਾ ਪ੍ਰਬੰਧ ਕਰ ਲਿਆ ਗਿਆ ਹੈ ਅਤੇ ਆਉਣ ਵਾਲੇ ਸੀਜ਼ਨ ਦੌਰਾਨ ਕਿਸਾਨਾਂ ਨੂੰ ਖਾਦਾਂ ਦੀ ਕਿਸੇ ਵੀ ਕਿਸਮ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ।
ਤਕਨੀਕੀ ਸੈਸ਼ਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀ ਵਿਭਾਗ ਦੇ ਮਾਹਰਾਂ ਵਲੋਂ ਭਰਪੂਰ ਜਾਣਕਾਰੀ ਦਿੱਤੀ ਗਈ ਜਿਨਾਂ ਵਿੱਚ ਟੀਮ ਦੇ ਇੰਚਾਰਜ ਡਾ. ਮਨਦੀਪ ਸਿੰਘ, ਡਿਪਟੀ ਡਾਇਰੈਕਟਰ ਕੇ.ਵੀ.ਕੇ. ਖੇੜੀ, ਡਾ: ਗੁਰਵੀਰ ਕੌਰ, ਸਹਾਇਕ ਪ੍ਰੋਫੈਸਰ ਕੇ.ਵੀ.ਕੇ ਖੇੜੀ ਨੇ ਹਾੜੀ ਦੀਆਂ ਫਸਲਾਂ ਦੇ ਕੀੜੇ ਅਤੇ ਬਿਮਾਰੀਆਂ ਸਬੰਧੀ, ਡਾ. ਸੁਨੀਲ ਕੁਮਾਰ, ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਸਬੰਧੀ, ਡਾ. ਅਸ਼ੋਕ ਕੁਮਾਰ, ਮਿੱਟੀ ਪਰਖ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ।
ਇਸ ਮੌਕੇ ਵੱਖ-ਵੱਖ ਵਿਭਾਗਾਂ ਅਤੇ ਜ਼ਿਲੇ ਦੇ ਵੱਖ ਸੈਲਫ ਹੈਲਪ ਗਰੁੱਪਾਂ ਵਲੋਂ ਪ੍ਰਭਾਵਸ਼ਾਲੀ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਦੌਰਾਨ ਜ਼ਿਲੇ ਦੇ ਅਗਾਂਹਵਧੂ ਕਿਸਾਨਾਂ ਨੂੰ ਜਿਨਾਂ ਨੇ ਫਸਲਾਂ ਦੀ ਰਹਿੰਦ-ਖੂੰਹਦ ਅਤੇ ਨਾੜ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਕੀਤੀ ਸੀ, ਨੂੰ ਵਿਸ਼ੇਸ਼ ਤੌਰ ’ਤੇ ਡਿਪਟੀ ਕਮਿਸ਼ਨਰ ਵੱਲੋਂ ਸਨਮਾਨਤ ਕੀਤਾ ਗਿਆ।