ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਦਾ ਮਰਨ ਵਰਤ ਦੂਜੇ ਦਿਨ 'ਚ ਦਾਖਲ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 03 ਅਕਤੂਬਰ, 2022: ਆਪਣੇ ਹੱਕੀ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੀਐਮ ਸਿਟੀ ਸੰਗਰੂਰ ਦੇ ਡੀਸੀ ਦਫ਼ਤਰ ਦੇ ਬਾਹਰ ਸੁਰਿੰਦਰਪਾਲ ਗੁਰਦਾਸਪੁਰ ਅਤੇ ਸੁਖਚੈਨ ਸਿੰਘ ਮਾਨਸਾ ਵੱਲੋਂ ਅਪਣਾ ਮਰਨ ਵਰਤ ਅੱਜ ਦੂਜੇ ਦਿਨ ਵਿਚ ਪ੍ਰਵੇਸ਼ ਕਰ ਚੁੱਕਾ ਹੈ। ਅੱਜ ਇਸ ਧਰਨੇ ਵਿੱਚ ਬੀ. ਐੱਡ ਟੈੱਟ ਪਾਸ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਆਪਣੇ ਸਾਥੀਆ ਸਮੇਤ ਸ਼ਮੂਲੀਅਤ ਕੀਤੀ ਅਤੇ ਆਪਣਾ ਸਮਰਥਨ ਦਿੱਤਾ।
ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਸੱਤਾ ਵਿਚ ਆਈ ਸਰਕਾਰ ਆਮ ਆਦਮੀ ਪਾਰਟੀ ਲੋਕਾਂ ਨਾਲ ਪੰਜਾਬ ਵਿੱਚ ਬਦਲਾਅ ਦਾ ਵਾਅਦਾ ਕਰ ਕੇ ਆਈ ਸੀ ਪਰ ਹੋ ਇਸ ਦੇ ਉਲਟ ਰਿਹਾ ਹੈ। ਅੱਜ ਵੀ ਸਭ ਕੁੱਝ ਪਹਿਲਾਂ ਵਾਂਗ ਹੀ ਹੋ ਰਿਹਾ ਹੈ ਜਿਸ ਤਰ੍ਹਾਂ ਪੁਰਾਣੀਆਂ ਸਰਕਾਰਾਂ ਵਿਚ ਹੁੰਦਾ ਆ ਰਿਹਾ ਸੀ ਪਹਿਲਾਂ ਬੇਰੁਜਗਾਰ ਅਧਿਆਪਕ ਪਟਿਆਲੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਧਰਨੇ ਲਗਾਉਣ ਜਾਂਦੇ ਸੀ ਅਤੇ ਉੱਥੇ ਉਹਨਾਂ ਤੇ ਹਰ ਵਾਰ ਭਿਆਨਕ ਲਾਠੀਚਾਰਜ ਕੀਤਾ ਜਾਂਦਾ ਸੀ ਤੇ ਅੱਜ ਧਰਨਿਆਂ ਦਾ ਸ਼ਹਿਰ ਸੀਐਮ ਸਿਟੀ ਸੰਗਰੂਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸ਼ਹਿਰ ਬਣ ਚੁੱਕਾ ਹੈ।
ਆਗੂਆਂ ਨੇ ਕਿਹਾ ਕਿ ਸੁਰਿੰਦਰਪਾਲ ਗੁਰਦਾਸਪੁਰ ਉਹ ਹੀ ਬੇਰੁਜ਼ਗਾਰ ਅਧਿਆਪਕ ਹੈ ਜੋ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ 135 ਦਿਨ ਲੀਲਾ ਭਵਨ ਪਟਿਆਲਾ ਦੇ ਇਕ ਬੀਐੱਐੱਨਐੱਲ ਟਾਵਰ ਤੇ ਈਟੀਟੀ 2364 ਭਰਤੀ ਨੂੰ ਬਹਾਲ ਕਰਵਾਉਣ ਲਈ ਚੜ੍ਹਿਆ ਰਿਹਾ ਸੀ ਉਸ ਸਮੇਂ ਸੰਗਰੂਰ ਤੋਂ ਐਮ ਪੀ ਭਗਵੰਤ ਸਿੰਘ ਮਾਨ ਨੇ ਸੁਰਿੰਦਰਪਾਲ ਗੁਰਦਾਸਪੁਰ ਨਾਲ ਫ਼ੋਨ ਤੇ ਗੱਲਬਾਤ ਕਰਦਿਆ ਕਿਹਾ ਸੀ ਕਿ ਪੰਜਾਬ ਵਿੱਚ ਸਾਡੀ ਸਰਕਾਰ ਬਣਨ ਤੇ ਕਿਸੇ ਵੀ ਬੇਰੁਜ਼ਗਾਰ ਅਧਿਆਪਕ ਨੂੰ ਟੈਂਕੀ ਟਾਵਰ ਤੇ ਚੜ੍ਹਨ ਜਾ ਧਰਨੇ ਲਗਾਉਣ ਦੀ ਲੋੜ ਨਹੀਂ ਪੈਣੀ ਸਾਡੀ ਸਰਕਾਰ ਆਉਣ ਤੇ ਅਸੀ ਸਭ ਤੋਂ ਪਹਿਲਾਂ ਮਸਲਾ ਬੇਰੁਜਗਾਰ ਅਧਿਆਪਕਾਂ ਦਾ ਹੱਲ ਕਰਾਂਗੇ ਪਰ ਹੁਣ ਤੱਕ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮੂੰਹੋਂ ਈਟੀਟੀ 2364 ਬੇਰੁਜਗਾਰ ਅਧਿਆਪਕਾਂ ਲਈ ਇਕ ਵੀ ਸ਼ਬਦ ਨਹੀਂ ਨਿਕਲਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਵੀ ਪਹਿਲਾਂ ਵਰਗੀਆ ਸਰਕਾਰਾਂ ਵਾਂਗ ਬੇਰੁਜਗਾਰ ਅਧਿਆਪਕਾਂ ਦੀ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕਰ ਰਹੀ ਹੈ।
ਜ਼ਿਕਰਯੋਗ ਹੈ ਕਿ ਇਹਨਾਂ ਬੇਰੁਜਗਾਰ ਅਧਿਆਪਕਾਂ ਦੀ ਇੱਕੋ ਇੱਕ ਮੰਗ ਹੈ ਕਿ ਪੰਜਾਬ ਸਰਕਾਰ ਜਲਦੀ ਤੋਂ ਜਲਦੀ ਕੋਰਟ ਵਿੱਚ ਆਪਣਾ ਹਲਫ਼ਨਾਮਾ ਦਾਇਰ ਕਰਕੇ ਈਟੀਟੀ 2364 ਅਧਿਆਪਕਾਂ ਦੀ ਭਰਤੀ ਨੂੰ ਜਲਦੀ ਬਹਾਲ ਕਰਵਾਉਣ ਲਈ ਆਪਣਾ ਪੱਖ ਰੱਖਣ, ਜਿਸ ਨਾਲ਼ ਬੇਰੁਜਗਾਰ ਅਧਿਆਪਕ ਜਲਦੀ ਤੋਂ ਜਲਦੀ ਆਪਣੇ ਸਕੂਲਾਂ ਵਿੱਚ ਜਾ ਸਕਣ।
ਸੁਰਿੰਦਰਪਾਲ ਗੁਰਦਾਸਪੁਰ ਨੇ ਕਿਹਾ ਕਿ ਜਦੋਂ ਤੱਕ ਪੰਜਾਬ ਸਰਕਾਰ ਅਪਣਾ ਹਲਫ਼ਨਾਮਾ ਦਾਇਰ ਨਹੀਂ ਕਰਦੀ ਉਦੋਂ ਤੱਕ ਸਾਡਾ ਮਰਨ ਵਰਤ ਜਾਰੀ ਰਹੇਗਾ। ਇਸ ਦੌਰਾਨ ਜੇਕਰ ਕੋਈ ਵੀ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਇਸ ਦੀ ਸਾਰੀ ਜੁੰਮੇਵਾਰੀ ਸੰਗਰੂਰ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਹੋਵੇਗੀ।
ਇਸ ਦੌਰਾਨ ਈਟੀਟੀ ਟੈੱਟ ਪਾਸ ਬੇਰੁਜ਼ਗਾਰ 2364 ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰਪਾਲ ਗੁਰਦਾਸਪੁਰ, ਗੁਰਪ੍ਰੀਤ ਸਮਾਣਾ ਅਤੇ ਹੋਰ ਸਾਥੀ ਮੌਜੂਦ ਸਨ।