ਲਖੀਮਪੁਰ ਖੀਰੀ ਕਤਲੇਆਮ ਕਾਂਡ ਦੀ ਵਰ੍ਹੇਗੰਢ ਮੌਕੇ ਨੇ ਕਿਸਾਨਾਂ ਨੇ ਮੋਦੀ ਸਰਕਾਰ ਦਾ ਪੁਤਲੇ ਫੂਕੇ
ਰੇਲਵੇ ਸ਼ਟੇਸ਼ਨ ਤੋਂ ਡੀਸੀ ਦਫ਼ਤਰ ਤੱਕ ਰੋਸ ਮਾਰਚ; ਡੀਸੀ ਦਫ਼ਤਰ ਅੱਗੇ ਧਰਨਾ ਲਾ ਕੇ ਮੋਦੀ ਸਰਕਾਰ ਫੂਕੀ ਅਰਥੀ
ਡਿਪਟੀ ਕਮਿਸ਼ਨਰ ਦਫ਼ਤਰ ਸੰਗਰੂਰ ਅੱਗੇ ਨਾਅਰੇਬਾਜ਼ੀ ਕਰਦਿਆਂ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਕੀਤੀ ਮੰਗ
ਦਲਜੀਤ ਕੌਰ ਭਵਾਨੀਗੜ੍ਹ
ਸੰਗਰੂਰ, 03 ਅਕਤੂਬਰ, 2022: ਲਖੀਮਪੁਰ ਖੀਰੀ ਕਾਂਡ ਦੀ ਵਰ੍ਹੇ ਗੰਢ ਮੌਕੇ ਭਾਜਪਾ ਖ਼ਿਲਾਫ਼ ਰੋਸ ਪ੍ਰਦਰਸ਼ਨ ਦੇ ਸੱਦੇ ਤਹਿਤ ਸੰਗਰੂਰ ਵਿੱਚ ਰੇਲਵੇ ਸ਼ਟੇਸ਼ਨ ਤੋਂ ਡੀਸੀ ਦਫ਼ਤਰ ਤੱਕ ਰੋਸ ਪ੍ਰਦਰਸ਼ਨ 12 ਤੋਂ 2 ਤੱਕ ਧਰਨਾ ਲਾ ਕੇ ਅਰਥੀ ਫੂਕੀ ਗਈ।
ਇਸ ਮੌਕੇ ਸੰਯੁਕਤ ਕਿਸਾਨ ਮੋਰਚੇ ਨੇ ਪ੍ਰਧਾਨ ਮੰਤਰੀ ਦੇ ਨਾਮ ਭੇਜੇ ਮੰਗ-ਪੱਤਰ ਰਾਹੀਂ ਮੰਗ ਕੀਤੀ ਕਿ ਲਖੀਮਪੁਰ ਖੀਰੀ ਕਤਲੇਆਮ ਦੇ ਮੁੱਖ ਸਾਜਿਸ਼ਕਾਰ ਅਜੈ ਮਿਸ਼ਰਾ ਟੋਨੀ ਨੂੰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਅਤੇ ਉਸ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜਿਆ ਜਾਵੇ। ਲਖੀਮਪੁਰ ਖੀਰੀ ਕਤਲਕਾਂਡ ਮੌਕੇ ਕਿਸਾਨਾਂ ਤੇ ਪਾਏ ਫਰਜੀ ਕੇਸ ਰੱਦ ਕਰਕੇ ਤੁਰੰਤ ਰਿਹਾ ਕੀਤਾ ਜਾਵੇ। ਸ਼ਹੀਦ ਕਿਸਾਨਾਂ ਅਤੇ ਜਖਮੀਆਂ ਦੇ ਪਰਿਵਾਰਾਂ ਨੂੰ ਆਰਥਿਕ ਮਦਦ ਅਤੇ ਸਰਕਾਰੀ ਨੌਕਰੀ ਦੇਣ ਦਾ ਸਰਕਾਰ ਵਲੋਂ ਕੀਤਾ ਵਾਅਦਾ ਪੂਰਾ ਕੀਤਾ ਜਾਵੇ।
ਇਸ ਮੌਕੇ ਸੰਬੋਧਨ ਕਰਦਿਆਂ ਕੁੱਲ ਹਿੰਦ ਕਿਸਾਨ ਸ਼ਭਾ ਪੰਜਾਬ ਦੇ ਸੂਬਾ ਸਕੱਤਰ ਮੇਜਰ ਪੁੰਨਾਂਵਾਲ, ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਜਰਨੈਲ ਸਿੰਘ ਜਹਾਂਗੀਰ, ਬੀਕੇਯੂ ਡਕੌਂਦਾ ਦੇ ਆਗੂ ਕੁਲਦੀਪ ਸਿੰਘ ਜੋਸ਼ੀ, ਕੁੱਲ ਹਿੰਦ ਕਿਸਾਨ ਫੈੱਡਰੇਸ਼ਨ ਦੇ ਸੂਬਾ ਸਕੱਤਰ ਕਿਰਨਜੀਤ ਸੇਖੋਂ, ਕੁੱਲ ਹਿੰਦ ਕਿਸਾਨ ਸਭਾ ਅਜੈ ਭਵਨ ਦੇ ਸੂਬਾ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ, ਜਮਹੂਰੀ ਕਿਸਾਨ ਸ਼ਬਾ ਦੇ ਸੂਬਾ ਮੀਤ ਪ੍ਰਧਾਨ ਭੀਮ ਸਿੰਘ ਆਲਮਪੁਰ, ਬੀਕੇਯੂ ਕਾਦੀਆਂ ਦੇ ਆਗੂ ਮਹਿੰਦਰ ਸਿੰਘ ਬੁਗਰਾ ਅਤੇ ਬੀਕੇਯੂ ਲੱਖੋਵਾਲ ਦੇ ਜਿਲ੍ਹਾ ਪ੍ਰਧਾਨ ਨਿਰਮਲ ਸਿੰਘ ਘਨੌਰ ਨੇ ਦੱਸਿਆ ਕਿ ਲਖੀਮਪੁਰ ਖੀਰੀ ਵਿੱਚ ਬੀਜੇਪੀ ਦੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੈਣੀ ਦੇ ਪੁੱਤਰ ਅਸ਼ੀਸ਼ ਮਿਸ਼ਰਾ ਵੱਲੋਂ ਕਿਸਾਨਾਂ ਉਪਰ ਗੱਡੀ ਚੜ੍ਹਾ ਕੇ 4 ਕਿਸਾਨਾਂ ਅਤੇ 1 ਪੱਤਰਕਾਰ ਨੂੰ ਸ਼ਹੀਦ ਕਰਨ ਦੀ ਘਟਨਾ ਨੂੰ ਇੱਕ ਸਾਲ ਬੀਤ ਚੁੱਕਿਆ ਹੈ ਪਰ ਹਾਲੇ ਵੀ ਉਸ ਮਸਲੇ ਵਿਚ ਇਨਸਾਫ ਪ੍ਰਾਪਤ ਨਹੀਂ ਹੋਇਆ। ਘਟਨਾ ਦਾ ਮੁੱਖ ਦੋਸ਼ੀ ਹਾਲੇ ਵੀ ਕੇਂਦਰ ਵਿੱਚ ਗ੍ਰਹਿ ਰਾਜ ਮੰਤਰੀ ਦੇ ਅਹੁਦੇ ਤੇ ਬਿਰਾਜਮਾਨ ਹੈ ਅਤੇ ਕਿਸਾਨਾਂ ਨੂੰ ਜੇਲ੍ਹ ਅੰਦਰ ਡੱਕਿਆ ਹੋਇਆ ਹੈ, ਗਵਾਹਾਂ ਨੂੰ ਧਮਕਾਇਆ ਜਾ ਰਿਹਾ ਹੈ। ਇਸ ਤੋਂ ਬਿਨਾਂ ਦਿੱਲੀ ਮੋਰਚੇ ਦੀ ਸਮਾਪਤੀ ਮੌਕੇ ਮੰਨੀਆਂ ਗਈਆਂ ਬਹੁਤ ਸਾਰੀਆਂ ਮੰਗਾਂ ਨੂੰ ਵੀ ਲਾਗੂ ਨਹੀਂ ਕੀਤਾ ਗਿਆ। ਜਿਸ ਕਾਰਨ ਸਾਰੇ ਦੇਸ਼ ਦੇ ਕਿਸਾਨਾਂ ਅੰਦਰ ਰੋਸ ਹੈ ਅਤੇ ਸੰਯੁਕਤ ਕਿਸਾਨ ਮੋਰਚਾ ਇਨ੍ਹਾਂ ਮੰਗਾਂ ਲਈ ਲਗਾਤਾਰ ਸੰਘਰਸ਼ ਕਰ ਰਿਹਾ ਹੈ।
ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ ਦਿਨੀਂ ਹੋਈ ਭਾਰੀ ਬਾਰਸ਼ ਕਾਰਨ ਕਿਸਾਨਾਂ ਦੇ ਝੋਨੇ ਖ਼ਾਸਕਰ ਬਾਸਮਤੀ ਦਾ ਭਾਰੀ ਨੁਕਸਾਨ ਹੋਇਆ ਹੈ ਪੰਜਾਬ ਸਰਕਾਰ ਫੌਰੀ ਗਿਰਦਾਵਰੀ ਕਰਾ ਕੇ ਕਿਸਾਨਾਂ ਦੇ ਨੁਕਸਾਨ ਦੀ ਭਰਪਾਈ ਕਰੇ, ਪਰਾਲੀ ਦਾ ਸਰਕਾਰ ਆਪਣੇ ਪੱਧਰ ਤੇ ਪ੍ਰਬੰਧ ਕਰੇ ਜਾਂ ਕਿਸਾਨਾਂ ਨੂੰ ਪ੍ਰਤੀ ਏਕੜ ਛੇ ਹਜ਼ਾਰ ਰੁਪਏ ਮੁਆਵਜਾ ਦਿੱਤਾ ਜਾਵੇ।
ਇਸ ਮੌਕੇ ਉਪਰੋਕਤ ਆਗੂਆਂ ਤੋਂ ਇਲਾਵਾ ਬੀਕੇਯੂ ਡਕੌਂਦਾ ਦੇ ਸੰਤ ਰਾਮ ਛਾਜਲੀ, ਇੰਦਰਪਾਲ ਸਿੰਘ ਪੁੰਨਾਂਵਾਲ, ਅਮਰੀਕ ਸਿੰਘ ਤੁੰਗਾਂ, ਭਜਨ ਸਿੰਘ ਢੱਡਰੀਆਂ, ਅਮਰੀਕ ਸਿੰਘ ਕਾਂਝਲਾ, ਸਰਬਜੀਤ ਸਿੰਘ ਵੜੈਚ, ਹਰਮੇਲ ਸਿੰਘ ਮਹਿਰੋਕ, ਨਿਰਮਲ ਸਿੰਘ ਬਟੜਿਆਣਾ ਆਦਿ ਆਗੂ ਹਾਜ਼ਰ ਸਨ।