ਦਸਹਿਰੇ ਵਾਲੇ ਦਿਨ ਵੀ ਧਰਨੇ ਦੇ 196ਵੇਂ ਦਿਨ ਵੀ ਅਨਿਆਂ ਖਿਲਾਫ਼ ਥਾਣੇ ਕੀਤੀ ਨਾਰੇਬਾਜ਼ੀ
ਦੀਪਕ ਜੈਨ
ਜਗਰਾਉਂ 4 ਅਕਤੂਬਰ 2022 - ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਤੇ ਉਸ ਦੀ ਮਾਤਾ ਸੁਰਿੰਦਰ ਕੌਰ ਨੂੰ ਨਜਾਇਜ ਹਿਰਾਸਤ ਚ ਰੱਖਣ ਅਤੇ ਥਾਣੇ ਵਿਚ ਮਾਂ-ਧੀ ਨੂੰ ਤਸੀਹੇ ਦੇਣ ਦੇ ਮਾਮਲੇ ਵਿਚ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਹੁਕਮਾਂ ਅਨੁਸਾਰ ਮ੍ਰਿਤਕਾ ਦੀ ਮੌਤ ਤੋਂ ਬਾਦ ਸੰਗੀਨ ਧਾਰਾਵਾਂ ਅਧੀਨ ਦਰਜ ਕੀਤੇ ਮੁਕੱਦਮੇ ਦੇ ਦੋਸ਼ੀ ਤੱਤਕਾਲੀ ਥਾਣਾਮੁਖੀ ਗੁਰਿੰਦਰ ਬੱਲ, ਐੱਸ.ਆਈ ਰਾਜਵੀਰ ਤੇ ਹਰਜੀਤ ਸਰਪੰਚ ਦੀ ਅੱਜ ਤੱਕ ਗ੍ਰਿਫਤਾਰੀ ਨਾਂ ਕਰਨ ਅਤੇ ਪੀੜ੍ਹਤ ਪਰਿਵਾਰ ਨੂੰ ਨਿਆਂ ਦੇਣ ਖਿਲਾਫ਼ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਯੂਨੀਅਨ (ਰਜ਼ਿ.) ਦੇ ਸੂਬਾ ਸਕੱਤਰ ਮਾਸਟਰ ਜਸਦੇਵ ਸਿੰਘ ਲਲਤੋਂ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਲੋਕਲ ਪ੍ਰਧਾਨ ਬਖਤੌਰ ਸਿੰਘ ਦੀ ਅਗਵਾਈ ਵਿੱਚ ਅੱਜ ਧਰਨਾਕਾਰੀਆਂ ਨੇ ਰੋਸ ਵਜੋਂ ਪੰਜਾਬ ਸਰਕਾਰ ਖਿਲਾਫ਼ ਥਾਣੇ ਮੂਹਰੇ ਨਾਹਰੇਬਾਜ਼ੀ ਕੀਤੀ।
ਇਸ ਸਮੇਂ ਜਸਦੇਵ ਸਿੰਘ ਲਲਤੋ ਤੇ ਨਿਰਮਲ ਸਿੰਘ ਧਾਲੀਵਾਲ ਨੇ ਕਿਹਾ ਕਿ ਗਰੀਬ ਪਰਿਵਾਰ ਦੇ ਮੈਂਬਰਾਂ ਨੂੰ ਪੁਲਿਸ ਮੁਲਾਜ਼ਮਾਂ ਵਲੋਂ ਤਸੀਹੇ ਦੇਣ/ਕੁੱਟਮਾਰ ਕਰਨ ਅਤੇ ਫਿਰ ਇੱਕ ਸਾਜ਼ਿਸ਼ ਰਚ ਕੇ ਅਤੇ ਫਰਜ਼ੀ ਕਹਾਣੀ ਤੇ ਫਰਜ਼ੀ ਗਵਾਹ ਬਣਾ ਕੇ ਝੂਠੇ ਕਤਲ਼ ਕੇਸ ਫਸਾ ਕੇ ਜੇਲ਼ ਭੇਜਣ ਦੇ ਮਾਮਲੇ ਸਬੰਧੀ ਦਰਜ ਕੀਤੇ ਮੁਕੱਦਮੇ ਦੋਸ਼ੀ ਜੋ ਅੱਜ ਦੇ ਰਾਵਣ ਹਨ, ਨੂੰ ਜਾਣਬੁੱਝ ਕੇ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਪੁਲਿਸ ਅਧਿਕਾਰੀ ਮੌਤ ਤੋਂ ਬਾਦ ਦਰਜ ਕੀਤੇ ਮੁਕੱਦਮੇ ਨੂੰ ਖਤਮ ਕਰਨਾ ਚਹੁੰਦੇ ਹਨ, ਜੋਕਿ ਕਦੇ ਵੀ ਪੂਰੀ ਨਹੀਂ ਹੋਣ ਦਿੱਤੀ ਜਾਵੇਗੀ।
ਆਗੂਆਂ ਨੇ ਕਿਹਾ ਕਿ ਪੁਲਿਸ ਅਧਿਕਾਰੀਆਂ ਦੇ ਪੱਖ-ਪਾਤੀ ਵਤੀਰੇ ਤੋਂ ਖਫਾ ਹੋਈਆਂ ਇਲਾਕੇ ਦੀਆਂ ਜਨਤਕ ਜੱਥੇਬੰਦੀਆਂ ਵਲੋਂ 23 ਮਾਰਚ ਤੋਂ ਥਾਣੇ ਮੂਹਰੇ ਪੱਕਾ ਮੋਰਚਾ ਲਗਾਇਆ ਹੋਇਆ ਹੈ। ਮਜ਼ਦੂਰ ਆਗੂ ਬਲਦੇਵ ਸਿੰਘ ਫੌਜੀ, ਬੀਕੇਯੂ(ਡਕੌਦਾ) ਦੇ ਬਲਾਕ ਕਮੇਟੀ ਮੈਂਬਰ ਜੱਗਾ ਸਿੰਘ ਢਿੱਲੋਂ ਨੇ ਕਿਹਾ ਕਿ 6 ਮਹੀਨਿਆਂ ਤੋਂ ਧਰਨੇ ਤੇ ਬੈਠੇ ਲੋਕਾਂ ਦੀ ਸੁਣਵਾਈ ਨਾਂ ਕਰਨ ਤੋਂ ਪੰਜਾਬ ਦੀ ਆਪ ਸਰਕਾਰ ਦਾ ਚੇਹਰਾ ਜੱਗ-ਜਾਹਰ ਹੋ ਰਿਹਾ ਹੈ ਅਤੇ ਆਮ ਲੋਕਾਂ ਦਾ ਬਦਲਾਅ ਦਾ ਭੁਲੇਖਾ ਵੀ ਨਿਕਲ ਰਿਹਾ ਹੈ। ਮਹਿੰਦਰ ਸਿੰਘ ਪਾਠੀ, ਮਾਤਾ ਮੁਖਤਿਆਰ ਕੌਰ, ਅਮਰਜੀਤ ਕੌਰ, ਰਾਮਤੀਰਥ ਸਿੰਘ ਲੀਲ੍ਹਾ, ਅਰਜਣ ਸਿੰਘ, ਕੁਲਦੀਪ ਸਿੰਘ, ਦਲਜੀਤ ਸਿੰਘ ਬਿੱਲੂ ਰਸੂਲਪੁਰ, ਜੱਥੇਦਾਰ ਚੜਤ ਸਿੰਘ, ਜੱਥੇਦਾਰ ਚੜਤ ਸਿੰਘ ਗਗੜਾ, ਠੇਕੇਦਾਰ ਅਵਤਾਰ ਸਿੰਘ ਜਗਰਾਉਂ ਵੀ ਹਾਜ਼ਰ ਸਨ।