ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕੀਰਤਨ ਸਮਾਗਮ ਕਰਵਾਇਆ
ਪਰਵਿੰਦਰ ਸਿੰਘ ਕੰਧਾਰੀ
ਕੋਟਕਪੂਰਾ, 4 ਅਕਤੂਬਰ 2022 - ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕੋਟਕਪੂਰਾ ਸ਼ਹਿਰ ਦੇ ਗੋਬਿੰਦਪੁਰੀ ਮੁਹੱਲਾ ਮੁਕਤਸਰ ਰੋਡ ਵਿਖੇ ਮਹਾਮਾਈ ਦਾ ਸੰਕੀਰਤਨ ਕਰਵਾਇਆ ਗਿਆ।
ਜਿਸ ਵਿਚ ਆਸ਼ੂਤੋਸ਼ ਮਹਾਰਾਜ ਦੀ ਸ਼ਿਸ਼ ਸਾਧਵੀ ਰਿਤੂ ਭਾਰਤੀ ਜੀ ਨੇ ਪ੍ਰਵਚਨ ਕਰਦੇ ਹੋਏ ਕਿਹਾ ਕਿ ਅੱਜ ਦਾ ਮਨੁੱਖ ਅਧਿਆਤਮਵਾਦ ਨੂੰ ਛੱਡ ਕੇ ਪਦਾਰਥਵਾਦ ਵੱਲ ਜਾ ਰਿਹਾ ਹੈ। ਉਸ ਨੇ ਇਸ ਸੰਸਾਰ ਨੂੰ ਸੱਚ ਸਮਝ ਲਿਆ ਹੈ। ਇਸ ਸੰਸਾਰ ਨੂੰ ਪਾਉਣ ਲਈ ਉਹ ਦਿਨ ਰਾਤ ਸੁਪਨੇ ਲੈਂਦਾ ਹੈ। ਜਿਸ ਕਾਰਨ ਹੰਕਾਰ, ਠੱਗੀ, ਬੇਈਮਾਨੀ ਆਦਿ ਹੋਰ ਵੀ ਕਈ ਤਰ੍ਹਾਂ ਦੀਆਂ ਬੁਰਾਈਆਂ ਪੈਦਾ ਹੋ ਜਾਂਦੀਆਂ ਹਨ। ਇਸ ਕਾਰਨ ਮਨੁੱਖ ਦੇ ਗੁਣ ਔਗੁਣਾਂ ਵਿੱਚ ਬਦਲ ਜਾਂਦੇ ਹਨ।
ਵਿਕਾਰਾਂ ਦੇ ਆਉਣ ਨਾਲ ਉਸ ਦੇ ਨੇਕੀਆਂ ਦਾ ਨਾਸ ਹੋ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਸਮਾਜ ਦਾ ਰਾਖਾ ਵਿਅਕਤੀ ਹੀ ਖਾਣ ਵਾਲਾ ਬਣ ਜਾਂਦਾ ਹੈ। ਸਮਾਜ ਵਿੱਚ ਇਨਸਾਫ਼ ਮਿਲਣ ਦੇ ਥਾਂ ਬੇਇਨਸਾਫ਼ੀ, ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਪਾਪ-ਪੁੰਨ ਦਾ ਬੋਲਬਾਲਾ ਹੋ ਜਾਂਦਾ ਹੈ। ਮਨੁੱਖ ਦੇ ਕਰਮ ਪਦਾਰਥਵਾਦੀ ਹੋਣ ਕਾਰਨ ਅੱਜ ਮਨੁੱਖ ਦੇ ਰਿਸ਼ਤਿਆਂ ਵਿੱਚ ਗਿਰਾਵਟ ਆ ਰਹੀ ਹੈ। ਉਹ ਸੰਸਾਰ ਦੇ ਰਸ ਪਦਾਰਥਾਂ ਅਤੇ ਧੰਨ ਦੌਲਤ ਨੂੰ ਤਰਜੀਹ ਦਿੰਦਾ ਹੈ। ਇਸ ਕਾਰਨ ਜੋ ਨੁੱਖ ਦੇ ਪਵਿੱਤਰ ਰਿਸ਼ਤੇ ਨਾਤੇ ਹਨ ਟੁੱਟਣੇ ਸ਼ੁਰੂ ਹੋ ਜਾਂਦੇ ਹਨ। ਮਨੁੱਖੀ ਕਦਰਾਂ-ਕੀਮਤਾਂ ਗਿਰਾਵਟ ਵੱਲ ਜਾਣ ਲੱਗਦੀਆਂ ਹਨ ਅਤੇ ਮਨੁੱਖ ਦਾ ਕਿਰਦਾਰ ਵੀ ਗਿਰਾਵਟ ਵੱਲ ਜਾਂਦਾ ਹੈ।
ਸਾਧਵੀ ਜੀ ਨੇ ਕਿਹਾ ਕਿ ਅਜਿਹੀ ਦਲਦਲ ਵਿੱਚ ਪੈਣ ਦਾ ਕਾਰਨ ਅੱਜ ਦੇ ਮਨੁੱਖ ਦਾ ਅਧਿਆਤਮਿਕਤਾ ਤੋਂ ਦੂਰ ਹੋਣਾ ਹੈ। ਜਦੋਂ ਵੀ ਮਨੁੱਖ ਆਪਣੇ ਮੂਲ ਨੂੰ ਭੁੱਲ ਕੇ ਸੰਸਾਰ ਦਾ ਪੱਲਾ ਫੜ ਲੈਂਦਾ ਹੈ, ਉਸ ਸਮੇਂ ਹੀ ਅਜਿਹੇ ਹਾਲਾਤ ਪੈਦਾ ਹੁੰਦੇ ਹਨ। ਅਜਿਹੀਆਂ ਸਥਿਤੀਆਂ ਵਿੱਚ, ਉਹ ਪਰਮ ਸ਼ਕਤੀ ਮਨੁੱਖਾਂ ਤੇ ਦਇਆ ਕਰਦੀ ਹੈ ਅਤੇ ਕਿਸੇ ਨਾ ਕਿਸੇ ਦੇਵੀ ਮਾਂ ਦੇ ਰੂਪ ਵਿੱਚ ਇਸ ਧਰਤੀ ਤੇ ਅਵਤਾਰ ਧਾਰਣ ਕਰਦੀ ਹੈ। ਮਨੁੱਖ ਦਾ ਮਾਰਗਦਰਸ਼ਨ ਕਰਨ ਲਈ, ਮਨੁੱਖ ਦੇ ਡਿੱਗੇ ਹੋਏ ਚਰਿੱਤਰ ਨੂੰ ਉੱਚਾ ਚੁੱਕਣ ਲਈ, ਉਸ ਪਰਮ ਤੱਤ ਦਾ ਜਨਮ ਹੁੰਦਾ ਹੈ। ਕਿਉਂਕਿ ਮਾਂ ਮਨੁੱਖ ਨੂੰ ਪਦਾਰਥਵਾਦ ਤੋਂ ਅਧਿਆਤਮਵਾਦ ਵੱਲ ਲੈ ਜਾਂਦੀ ਹੈ। ਜਿਸ ਕਾਰਨ ਮਨੁੱਖ ਦੇ ਔਗਣ ਰੱਬੀ ਗੁਣਾਂ ਵਿੱਚ ਬਦਲ ਜਾਂਦੇ ਹਨ। ਅਤੇ ਮਨੁੱਖ ਮਾੜੇ ਕਰਮ ਛੱਡ ਕੇ ਚੰਗਿਆਈ ਵੱਲ ਵਧਦਾ ਹੈ ਅਤੇ ਚੰਗੇ ਸਮਾਜ ਦਾ ਨਿਰਮਾਣ ਕਰਦਾ ਹੈ।