ਦੁਸਹਿਰੇ ਮੌਕੇ ਕਾਂਗਰਸੀ ਅਤੇ ਆਪ ਆਗੂ ਇਕੋ ਮੰਚ 'ਤੇ ਹੋਏ ਇਕੱਠੇ
ਦੀਪਕ ਗਰਗ
ਕੋਟਕਪੂਰਾ 5 ਅਕਤੂਬਰ 2022 - ਸ਼ਹਿਰ ਵਿਚ ਸਿਰਫ ਇੱਕੋ ਜਗ੍ਹਾ ਮੁਹੱਲਾ ਸੁਰਗਾਪੁਰੀ ਮੁਕਤਸਰ ਰੋਡ ਕੋਟਕਪੂਰਾ ਵਿਖੇ ਲੱਗੇ ਦੁਸਹਿਰੇ ਮੇਲੇ ਦੌਰਾਨ ਨੌਜਵਾਨ, ਬੱਚੇ ਅਤੇ ਬਜ਼ੁਰਗਾਂ ਦਾ ਜਮਾਵੜਾ ਦੇਖਣ ਨੂੰ ਮਿਲਿਆ। ਭਾਵੇਂ ਰਾਮ ਲੀਲਾ ਦੀ ਡਰੈੱਸ ਵਾਲੇ ਕਲਾਕਾਰਾਂ ਨੇ ਆਪਣੀ ਵਿਲੱਖਣ ਅਤੇ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਪਰ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਅਤੇ ਅਜੈਪਾਲ ਸਿੰਘ ਸੰਧੂ ਡੈਲੀਗੇਟ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਵੀ ਦੁਸਹਿਰੇ ਦੀ ਮਹੱਤਤਾ ਅਤੇ ਪੇ੍ਰਰਨਾ ਬਾਰੇ ਵੱਖੋ-ਵੱਖਰੇ ਢੰਗ ਨਾਲ ਨੁਕਤੇ ਸਾਂਝੇ ਕੀਤੇ।
ਉਨ੍ਹਾਂ ਕਿਹਾ ਕਿ ਕੋਈ ਵੀ ਤਿਉਹਾਰ ਰਸਮੀ ਤੌਰ 'ਤੇ ਮਨਾਉਣ ਦੇ ਨਾਲ-ਨਾਲ ਉਸ ਤੋਂ ਪ੍ਰਰੇਰਨਾ ਲੈਣੀ ਵੀ ਜ਼ਰੂਰੀ ਹੁੰਦੀ ਹੈ, ਕਿਉਂਕਿ ਬਦੀ 'ਤੇ ਨੇਕੀ ਦੀ ਜਿੱਤ ਦਾ ਪ੍ਰਤੀਕ ਤਿਉਹਾਰ ਦੁਸਹਿਰੇ ਤੋਂ ਸਾਨੂੰ ਬਹੁਤ ਪੇ੍ਰਰਨਾ ਮਿਲਦੀ ਹੈ। ਜਿੱਥੇ ਕੁਲਤਾਰ ਸਿੰਘ ਸੰਧਵਾਂ ਨੇ ਭਾਈ ਗੁਰਦਾਸ ਦੀਆਂ ਲਿਖਤਾਂ ਦਾ ਹਵਾਲਾ ਦੇ ਕੇ ਦੁਸਹਿਰੇ ਦੀ ਮਹੱਤਤਾ ਬਾਰੇ ਵਿਚਾਰ ਸਾਂਝੀਆਂ ਕੀਤੀਆਂ, ਉੱਥੇ ਸੰਧੂ ਨੇ ਇਸ ਸ਼ੁੱਭ ਮੌਕੇ 'ਤੇ ਨਸ਼ੇ ਦੀ ਬੁਰਾਈ ਦੇ ਖਾਤਮੇ ਦਾ ਸੱਦਾ ਦਿੱਤਾ।
ਉਨ੍ਹਾਂ ਆਖਿਆ ਕਿ ਨਸ਼ੇ ਕਾਰਨ ਘਰਾਂ ਵਿਚ ਵਿੱਛ ਰਹੇ ਸੱਥਰ ਨਵੀਂ ਪੀੜ੍ਹੀ ਦੇ ਭਵਿੱਖ ਲਈ ਸ਼ੁੱਭ ਸੰਕੇਤ ਨਹੀਂ, ਬਲਕਿ ਖ਼ਤਰੇ ਦੀ ਘੰਟੀ ਹੈ। ਇਸ ਲਈ ਸਾਨੂੰ ਨਸ਼ੇ ਦੇ ਖਾਤਮੇ ਲਈ ਪੁਲਿਸ ਪ੍ਰਸ਼ਾਸਨ, ਸਰਕਾਰੀ ਏਜੰਸੀਆਂ, ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਦਾ ਸਾਥ ਦੇਣਾ ਚਾਹੀਦਾ ਹੈ। ਸਪੀਕਰ ਸੰਧਵਾਂ ਨੇ ਪ੍ਰਬੰਧਕਾਂ ਨੂੰ 51,000 ਰੁਪਏ ਜਦਕਿ, ਸੰਧੂ ਨੇ 21,000 ਰੁਪਏ ਨਕਦ ਰਾਸ਼ੀ ਦੇਣ ਦਾ ਐਲਾਨ ਕੀਤਾ। ਪ੍ਰਬੰਧਕਾਂ ਵੱਲੋਂ ਉਕਤ ਸ਼ਖ਼ਸੀਅਤਾਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।