ਲੱਖਾ ਸਿਧਾਣਾ 'ਤੇ ਦਰਜ ਪਰਚਾ ਹੋਵੇ ਰੱਦ : ਡਾ. ਗੁਰਚਰਨ ਭਗਤੂਆਣਾ
ਬਾਬੂਸ਼ਾਹੀ ਨੈਟਵਰਕ
ਜੈਤੋ, 6 ਅਕਤੂਬਰ 2022- ਪੰਜਾਬ 'ਚ ਬਹੁਮਤ ਨਾਲ ਬਣਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵੀ ਪਿਛਲੀਆਂ ਸਰਕਾਰਾਂ ਵਾਂਗ ਬਦਲਾ ਲਊ ਕਾਰਵਾਈ ਤਹਿਤ ਪਰਚੇ ਦਰਜ ਕੀਤੇ ਜਾ ਰਹੇ ਹਨ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜ ਸੇਵਕ ਅਤੇ ਯੂਥ ਐਵਾਰਡੀ ਡਾਕਟਰ ਗੁਰਚਰਨ ਭਗਤੂਆਣਾ ਨੇ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਗੁਰਚਰਨ ਭਗਤੂਆਣਾ ਨੇ ਕਿਹਾ ਕਿ ਲੱਖਾ ਸਿਧਾਣਾ ਨੇ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਘੋਲ ਵਿੱਚ ਵੱਡਾ ਰੋਲ ਅਦਾ ਕੀਤਾ ਤੇ ਪੂਰੇ ਪੰਜਾਬ ਵਿੱਚ ਪ੍ਰਚਾਰ ਕਰਕੇ ਹਜ਼ਾਰਾਂ ਨੌਜਵਾਨਾਂ ਨੂੰ ਦਿੱਲੀ ਦੇ ਬਾਡਰਾਂ ਤੱਕ ਲੈ ਕਿ ਗਿਆ ।ਉਹ 2014 ਤੋਂ ਲਗਾਤਾਰ ਸਮਾਜਿਕ ਮੁਦਿਆਂ ਤੇ ਲੜ ਰਿਹਾ ਹੈ ਭਾਵੇਂ ਪੰਜਾਬ ਦੇ ਪਾਣੀਆਂ ਦੀ ਗੱਲ ਹੋਵੇ, ਮਾਂ ਬੋਲੀ ਪੰਜਾਬੀ ਦਾ ਮੁੱਦਾ ਹੋਵੇ , ਚਿੱਟੇ ਦੇ ਖਿਲਾਫ ਤੇ ਸਿੱਧੂ ਮੁਸੇਵਾਲਾ ਦੇ ਅਸਲ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਦੀ ਗੱਲ ਹੋਵੇ ਉਹ ਡਟ ਕੇ ਬੋਲਿਆ ਹੈ।
ਉਹਨਾਂ ਕਿਹਾ ਕਿ ਹਿਰਾਨੀ ਦੀ ਗੱਲ ਇਹ ਹੈ ਕਿ ਚਿੱਟੇ ਖਿਲਾਫ ਆਵਾਜ਼ ਬੁਲੰਦ ਕਰਨ ਵਾਲੇ ਲੱਖਾ ਸਿਧਾਣਾ ਤੇ ਹੀ ਨਸ਼ੇ ਦਾ ਪਰਚਾ ਦਰਜ਼ ਕਰ ਦਿੱਤਾ ਗਿਆ ਹੈ। ਜਦੋਂ ਕਿ ਸਿਧਾਣਾ ਸਾਰੇ ਗੈਰ ਕਾਨੂੰਨੀ ਕੰਮ ਛੱਡ ਕੇ ਮੁੱਖ ਧਾਰਾ ਵਿੱਚ ਸ਼ਾਮਲ ਹੋ ਕੇ ਵਿਧਾਨ ਸਭਾ ਚੋਣਾਂ ਲੜ ਚੁੱਕਾ ਹੈ।ਸ੍ਰੀ ਭਗਤੂਆਣਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਹੈ ਕਿ ਲੱਖਾ ਸਿਧਾਣਾ ਤੇ ਦਰਜ ਪਰਚਾ ਰੱਦ ਕੀਤਾ ਜਾਵੇ।