ਕੈਨੇਡਾ: ਪੰਜਾਬ ਭਵਨ ਸਾਹਿਤ ਸਭਿਆਚਾਰਕ ਸੰਮੇਲਨ ਵਿਚ ਜਰਨੈਲ ਆਰਟਿਸਟ ਵੱਲੋਂ ਲਾਈ ਨੁਮਾਇਸ਼ ਖਿੱਚ ਦਾ ਕੇਂਦਰ ਰਹੀ
ਸਰੀ, 06 ਅਕਤੂਬਰ, 2022: ਪੰਜਾਬ ਭਵਨ ਕੈਨੇਡਾ ਵੱਲੋਂ ਕਰਵਾਏ ਗਏ ਚੌਥੇ ਕੌਮਾਂਤਰੀ ਪੰਜਾਬੀ ਸਾਹਿਤ ਤੇ ਸਭਿਆਚਾਰਕ ਸੰਮੇਲਨ ਵਿਚ ਉੱਘੇ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਵੱਲੋਂ ਕਾਮਯਾਬ ਪ੍ਰਦਰਸ਼ਨੀ ਲਾਈ ਗਈ । ਪ੍ਰਦਰਸ਼ਨੀ ਵਿਚ 12 ਚਿੱਤਰਕਾਰਾਂ ਦਾ ਕੰਮ ਪ੍ਰਦਰਸ਼ਿਤ ਕੀਤਾ ਗਿਆ, ਜਿਸ ਵਿਚ ਚਿੱਤਰਕਾਰਾਂ ਨੇ ਬਹੁਪੱਖੀ ਤੇ ਬਹੁ-ਵੰਨਗੀ ਵਿਸ਼ਾ ਵਸਤੂ ਪੇਸ਼ ਕੀਤਾ।
ਜਰਨੈਲ ਸਿੰਘ ਖ਼ੁਦ ਵੀ ਆਪਣੇ ਹਰਮਨ ਪਿਆਰੇ ਪੰਜਾਬੀ ਸਭਿਆਚਾਰ ਦੇ ਚਿੱਤਰਾਂ ਨਾਲ ਹਾਜ਼ਰ ਸਨ ਤੇ ਨਾਲ ਹੀ ਨਾਲ ਸਿੱਖ ਇਤਿਹਾਸ ਤੇ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਨਦਾਰ ਦਰਬਾਰ ਦੀ ਮੂੰਹੋਂ ਬੋਲਦੀ ਪੇਸ਼ਕਾਰੀ ਦਿਖੀ ਜੋ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਸੀ।
ਬਲਜੀਤ ਕੌਰ ਦੇ ਚਿੱਤਰਾਂ ਵਿਚ ਭਾਰਤੀ ਨਾਰੀ ਆਪਣੇ ਵੱਖੋ ਵੱਖਰੇ ਮਨੋਭਾਵਾਂ ਵਿਚ ਦਰਸ਼ਕਾਂ ਦੇ ਸਨਮੁਖ ਸੀ।ਨੀਤੀ ਸਿੰਘ ਦੇ ਚਿੱਤਰ ਪੋਰਟਰੇਟ ਚਿਤਰਨ ਦੀ ਬਹੁਤ ਉੱਤਮ ਪੇਸ਼ਕਾਰੀ ਕਰਦੇ ਸਨ।ਜੇ ਪਨੇਸਰ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਫ਼ੋਟੋ ਵਿਚ ਬਹੁਤ ਹੀ ਨਿਵੇਕਲਾ ਦ੍ਰਿਸ਼ ਪਕੜਿਆ ਜੋ ਅਕਸਰ ਰਵਾਇਤੀ ਪੇਸ਼ਕਾਰੀ ਤੋਂ ਬਿਲਕੁਲ ਵੱਖਰਾ ਸੀ।
ਬਿੰਦੂ ਮਠਾਰੂ ਦੇ ਚਿੱਤਰ ਗੁਰਬਾਣੀ ਦੀ ਅੱਖਰ ਕਾਰੀ ਖ਼ੂਬਸੂਰਤ ਸੁਹਾਵਣੇ ਰੰਗਾ ਵਿਚ ਪੇਸ਼ ਸੀ।ਪੋਰਟਰੇਟ ਚਿਤਰਨ ਵਿਚ ਬਲਵਿੰਦਰ ਸਿੰਘ ਦਾ ਕੰਮ ਵੀ ਬਹੁਤ ਪ੍ਰਭਾਵਸ਼ਾਲੀ ਸੀ। ਰਿਤੂ ਸਿੰਘ ਦੇ ਚਿੱਤਰ ਵਿਚ ਕੈਨੇਡੀਅਨ ਮੂਲ ਵਾਸੀਆਂ ਦੇ ਸਭਿਆਚਾਰ ਟੋਟਮ ਪੋਲ ਦੀ ਦ੍ਰਿਸ਼ਕਾਰੀ ਰੂਪਮਾਨ ਸੀ।
ਛੋਟੀ ਉਮਰ ਦੇ ਚਿੱਤਰਕਾਰ ਬੀਰ ਯੁਵਰਾਜ ਸਿੰਘ ਦੇ ਚਿੱਤਰ ਭਵਿੱਖ ਵਿਚ ਵਧੀਆਂ ਚਿੱਤਰਕਾਰ ਬਣਨ ਦੀ ਸੰਭਾਵਨਾ ਉਜਾਗਰ ਕਰਦੇ ਸੀ।ਆਸਟ੍ਰੇਲੀਆ ਤੋਂ ਆਏ ਚਿੱਤਰਕਾਰ ਰਾਜੀ ਮੁਸੱਵਰ ਦੇ ਸਕੈਚ ਪੋਰਟਰੇਟ ਆਪਣੀ ਬਰੀਕਬੀਨੀ ਨਾਲ ਪ੍ਰਭਾਵਿਤ ਕਰਦੇ ਸਨ।ਪੋਰਟਰੇਟ ਚਿੱਤਰ ਵਿਚ ਅਮਰ ਸਿੰਘ ਦੇ ਪਾਣੀ ਵਾਲੇ ਰੰਗਾਂ ਦੇ ਚਿੱਤਰ ਵੀ ਸ਼ਾਮਿਲ ਸਨ।ਨਵਲਪ੍ਰੀਤ ਰੰਗੀ ਦੇ ਫ਼ੋਟੋ ਪੰਜਾਬ ਦੇ ਭੂ ਦ੍ਰਿਸ਼ਾਂ ਦੀ ਪੇਸ਼ਕਾਰੀ ਕਰਦੇ ਸਨ।
ਇਸ ਮੌਕੇ ਚਿੱਤਰਕਾਰ ਜਰਨੈਲ ਸਿੰਘ ਨੇ ਕੈਨੇਡੀਅਨ ਪੰਜਾਬੀ ਚਿੱਤਰਕਾਰਾਂ ਬਾਰੇ ਵੀ ਸੰਖੇਪ ਵਿਚਾਰ ਚਰਚਾ ਕੀਤੀ।ਪ੍ਰਦਰਸ਼ਨੀ ਵਿਚ ਪੰਜਾਬ, ਆਸਟ੍ਰੇਲੀਆ ਤੇ ਕੈਨੇਡਾ ਦੇ 12 ਚਿੱਤਰਕਾਰਾਂ ਦਾ ਕੰਮ ਸ਼ਾਮਲ ਕੀਤਾ ਗਿਆ।ਚਿੱਤਰ ਪ੍ਰਦਰਸ਼ਨੀ ਦਾ ਉਦਘਾਟਨ 30 ਸਤੰਬਰ ਨੂੰ ਹੋਇਆ ਤੇ ਤਿੰਨ ਦਿਨਾ ਪ੍ਰਦਰਸ਼ਨੀ ਦਾ ਦਰਸ਼ਕਾਂ ਨੇ ਭਰਪੂਰ ਅਨੰਦ ਮਾਣਿਆ।