ਸਬ ਇੰਸਪੈਕਟਰ ਦੀ ਤਲਾਸ਼ੀ ਲਈ ਤਾਂ ਜੇਬ 'ਚੋਂ ਮਿਲੀ ਕਰੋੜਾਂ ਦੀ ਹੈਰੋਇਨ, ਨਿਸ਼ਾਨਦੇਹੀ 'ਤੇ 2 ਸਾਥੀ ਵੀ ਗ੍ਰਿਫਤਾਰ
- 846 ਗ੍ਰਾਮ ਹੈਰੋਇਨ ਤੇ 1 ਮੋਟਰਸਾਈਕਲ ਸਮੇਤ ਸਬ ਇੰਸਪੈਕਟਰ ਦੋ ਸਾਥੀਆਂ ਸਣੇ ਗ੍ਰਿਫ਼ਤਾਰ
ਸੰਜੀਵ ਸੂਦ
ਲੁਧਿਆਣਾ 23 ਨਵੰਬਰ 2022 ਐਸ ਟੀ ਐਫ ਲੁਧਿਆਣਾ ਰੇਂਜ ਨੇ ਗੁਪਤ ਸੂਚਨਾ ਦੇ ਅਧਾਰ ਤੇ ਕੀਤੀ ਗਈ ਨਾਕੇਬੰਦੀ ਦੌਰਾਨ 846 ਗ੍ਰਾਮ ਤੇ 1 ਮੋਟਰਸਾਈਕਲ ਸਮੇਤ ਸਬ ਇੰਸਪੈਕਟਰ ਨੂੰ ਦੋ ਸਾਥੀਆਂ ਸਣੇ ਕਾਬੂ ਕੀਤਾ ਗਿਆ ਹੈ। ਕਾਬੂ ਕੀਤੇ ਗਏ ਦੋਸ਼ੀ ਸਬ ਇੰਸਪੈਕਟਰ ਦੀ ਪਹਿਚਾਣ ਹਰਜਿੰਦਰ ਕੁਮਾਰ ਦੇ ਰੂਪ ਵਿਚ ਹੋਈ ਹੈ ਜੋ ਲੁਧਿਆਣਾ ਦੇ ਥਾਣਾ ਡਵੀਜਨ ਨੁੰ 5 'ਚ ਐਡੀਸ਼ਨਲ ਐੱਸ. ਐਚ. ਓ ਤੈਨਾਤ ਸੀ।
ਪ੍ਰੈਸ ਕਾਨਫਰੰਸ ਦੇ ਦੌਰਾਨ ਐਸ ਟੀ ਐਫ, ਲੁਧਿਆਣਾ ਰੇਂਜ ਦੇ ਏ.ਆਈ.ਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਗੁਪਤ ਸੂਚਨਾ ਦੇ ਆਧਾਰ ਤੇ ਲੁਧਿਆਣਾ ਦੇ ਬਸਤੀ ਜੋਧੇਵਾਲ ਨਜ਼ਦੀਕ ਕੀਤੀ ਗਈ ਨਾਕੇਬੰਦੀ ਦੌਰਾਨ ਮੋਟਰਸਾਈਕਲ ਸਵਾਰ ਸਬ ਇੰਸਪੈਕਟਰ ਹਰਜਿੰਦਰ ਕੁਮਾਰ ਨੂੰ ਜਦੋਂ ਰੋਕ ਕੇ ਤਲਾਸ਼ੀ ਲਈ ਤਾਂ ਉਸ ਦੇ ਜੈਕਟ ਵਾਲੀ ਜੇਬ ਚੋ 16 ਗ੍ਰਾਮ ਹੈਰੋਇਨ ਬਰਾਮਦ ਹੋਈ। ਜਿਸ ਨੂੰ ਕਾਬੂ ਕੇ ਪੁੱਛ ਪੜਤਾਲ ਕੀਤੀ ਗਈ ਤਾਂ ਉਸ ਦੇ ਨਿਸ਼ਾਨਦੇਹੀ ਤੇ ਦੋਸ਼ੀ ਰੋਹਿਤ ਕੁਮਾਰ ਤੇ ਦੋਸ਼ਣ ਹਰਜਿੰਦਰ ਕੌਰ ਨੂੰ 830 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਫੜੇ ਗਏ ਦੋਸ਼ੀ ਪਿਛਲੇ ਲੰਮੇ ਸਮੇਂ ਤੋਂ ਨਸ਼ਾ ਤਸਕਰੀ ਦੇ ਨਜਾਇਜ਼ ਕਾਰੋਬਾਰ 'ਚ ਲਿਪਤ ਹਨ। ਜਦਕਿ ਦੋਸ਼ਣ ਆਪ ਵੀ ਨਸ਼ਾ ਸੇਵਨ ਕਰਨ ਦੀ ਆਦਿ ਹੈ ਤੇ ਉਸ ਖਿਲਾਫ ਪਹਿਲਾਂ ਵੀ ਨਸ਼ਾ ਤਸਕਰੀ ਦੇ ਮੁਕੱਦਮੇ ਦਰਜ ਹਨ।ਜੇ ਸੂਤਰਾਂ ਦੀ ਮੰਨੀਏ ਤਾਂ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜਾਰ ਵਿੱਚ ਕੀਮਤ 5 ਕਰੋੜ ਰੁਪਏ ਦੇ ਨੇੜੇ ਤੇੜੇ ਦੱਸੀ ਜਾਂਦੀ ਹੈ।