ਸੋਸ਼ਲ ਮੀਡੀਆ 'ਤੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਵਾਲਿਆਂ ਖਿਲਾਫ ਪੁਲਿਸ ਕਾਰਵਾਈ ਲਗਾਤਾਰ ਜਾਰੀ
ਦੂਜੇ ਦਿਨ 8 ਮਾਮਲੇ ਦਰਜ ਦਰਜ ਕਰਕੇ 9 ਵਿਅਕਤੀ ਕੀਤੇ ਨਾਮਜ਼ਦ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 24 ਨਵੰਬਰ 2022- ਪੰਜਾਬ ਸਰਕਾਰ ਅਤੇ ਡੀ ਜੀ ਪੀ ਪੰਜਾਬ ਵੱਲੋਂ ਗੰਨ ਕਲਚਰ ਖ਼ਿਲਾਫ਼ ਦਿੱਤੇ ਗਏ ਬਿਆਨਾ ਤੇ ਕਾਰਵਾਈ ਦਾ ਅਸਰ ਲਗਾਤਾਰ ਵੇਖਣ ਨੂੰ ਮਿਲ ਰਿਹਾ ਹੈ। ਜਿਥੇ ਕੱਲ ਸੋਸ਼ਲ ਮੀਡੀਆ 'ਤੇ ਹਥਿਆਰਾਂ ਸਣੇ ਆਪਣੀਆਂ ਪੋਸਟਾਂ ਪਾਉਣ ਵਾਲੇ ਪੰਜ ਵਿਅਕਤੀਆਂ ਖਿਲਾਫ ਮਾਮਲੇ ਦਰਜ ਕੀਤੇ ਗਏ ਸਨ ਉਥੇ ਹੀ ਅੱਜ 9 ਹੋਰ ਵਿਅਕਤੀਆਂ ਖਿਲਾਫ ਪੁਲਿਸ ਜ਼ਿਲਾ ਗੁਰਦਾਸਪੁਰ ਦੇ ਵੱਖ ਵੱਖ ਥਾਣਿਆਂ ਵਿੱਚ 8 ਮਾਮਲੇ ਦਰਜ ਹੋਏ ਹਨ। ਇਸ ਤਰ੍ਹਾਂ ਦੋ ਦਿਨਾਂ ਵਿੱਚ ਕੁੱਲ 13 ਮੁਕੱਦਮੇ ਸੋਸ਼ਲ ਮੀਡੀਆ ਤੇ ਹਥਿਆਰ ਫੜ ਕੇ ਆਪਣੀ ਫੋਟੋ ਵੀਡੀਓ ਪਾਉਣ ਵਾਲੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤੇ ਗਏ ਹਨ ਅਤੇ ਇਹਨਾ 13 ਮਾਮਲਿਆਂ ਵਿਚ ਕੁਲ 14 ਵਿਅਕਤੀ ਨਾਮਜ਼ਦ ਕੀਤੇ ਗਏ ਹਨ।
ਥਾਣਾ ਸਦਰ ਵਿਖੇ ਇਕ ਮਾਮਲਾ ਪ੍ਰਿੰਸਦੀਪ ਸਿੰਘ ਅੰਗਰੇਜ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਸਿੱਧਵਾ ਜਮੀਤਾ ਦੇ ਖ਼ਿਲਾਫ਼ ਦਰਜ ਹੋਇਆ ਹੈ ਜਦ ਕਿ ਥਾਣਾ ਬਹਿਰਾਮ ਪੁਰ ਵਿਚ ਦੋ ਮਾਮਲੇ ਦਰਜ ਕੀਤੇ ਗਏ ਹਨ ਜਿਨ੍ਹਾਂ ਵਿਚੋਂ ਇੱਕ ਮਨਦੀਪ ਸਿੰਘ ਪੁੱਤਰ ਰਣਜੋਧ ਸਿੰਘ ਵਾਸੀ ਗਾਾਲਹੜੀ ਰੋਡ ਬਹਿਰਾਮਪੁਰ ਦੇ ਖਿਲਾਫ ਜਦ ਕਿ ਦੂਜਾ ਮਾਮਲਾ ਹਰਸ਼ ਕਲੋਤਰਾ ਪੁੱਤਰ ਵਾਸੁਦੇਵ ਵਾਸੀ ਝਬਕਰਾ ਦੇ ਖ਼ਿਲਾਫ਼ ਦਰਜ ਹੋਇਆ ਹੈ।
ਇਸੇ ਤਰ੍ਹਾਂ ਥਾਣਾ ਕਲਾਨੌਰ ਵਿਖੇ ਤਿੰਨ ਮਾਮਲੇ ਇਕਬਾਲ ਸਿੰਘ ਬਾਲੀ ਪੁੱਤਰ ਚਰਨਜੀਤ ਸਿੰਘ ਵਾਸੀ ਰੁਡਿਆਣਾ,ਮੇਜਰ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਰੁਡਿਆਣਾ ਅਤੇ ਸਾਹਿਲ ਪ੍ਰੀਤ ਸਿੰਘ ਪੁੱਤਰ ਪਰਜਿੰਦਰਜੀਤ ਸਿੰਘ ਵਾਸੀ ਨਵਾਂ ਕਟੜਾ ਮੁਹੱਲਾ ਕਲਾਨੌਰ ਦੇ ਖਿਲਾਾਫ ਦਰਜ ਹੋਏ ਹਨ।
ਥਾਣਾ ਸਿਟੀ ਗੁਰਦਾਸਪੁਰ ਵਿੱਚ ਹਥਿਆਰਾਂ ਦੀ ਪ੍ਰਦਰਸ਼ਨੀ ਕਰਦੇ ਹੋਏ ਸੋਸ਼ਲ ਮੀਡੀਆ ਤੇ ਆਪਣੀ ਫੋਟੋ ਪੋਸਟ ਕਰਨ ਵਾਲੇ ਸੰਗਲਪੁਰਾ ਰੋਡ ਦੇ ਰਹਿਣ ਵਾਲੇ ਅਭਿਸੇਕ ਕੁਮਾਰ ਅਭੀ ਪੁੱਤਰ ਜਨਕ ਰਾਜ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਥਾਣਾ ਪੁਰਾਣਾ ਸ਼ਾਲਾ ਵਿਖੇ ਗੁਰਮੀਤ ਸਿੰਘ ਪੁੱਤਰ ਜਸਵੰਤ ਸਿੰਘ ਅਤੇ ਦਲੀਪ ਸਿੰਘ ਪੁੱਤਰ ਰਣਜੀਤ ਸਿੰਘ ਦੋਵੇਂ ਵਾਸੀ ਸੈਦੋਵਾਲ ਕਲਾਂ ਦੇ ਖਿਲਾਫ਼ ਮਾਮਲਾ ਦਰਜ ਹੋਇਆ ਹੈ।