ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ 26 ਨੂੰ ਰਾਜਪਾਲ ਨੂੰ ਮੰਗ ਪੱਤਰ ਦੇਣ ਜਾਣ ਲਈ ਕਿਸਾਨਾਂ 'ਚ ਭਾਰੀ ਉਤਸ਼ਾਹ- ਚਰਨ ਸਿੰਘ ਹੈਬਤਪੁਰ
ਬਲਵਿੰਦਰ ਸਿੰਘ ਧਾਲੀਵਾਲ ,ਬਾਬੂਸ਼ਾਹੀ ਨੈਟਵਰਕ
ਸੁਲਤਾਨਪੁਰ ਲੋਧੀ, 24 ਨਵੰਬਰ 2022- ਕੁਲ ਹਿੰਦ ਕਿਸਾਨ ਸਭਾ ਕਪੂਰਥਲਾ ਅਤੇ ਸੰਯੁਕਤ ਕਿਸਾਨ ਮੋਰਚਾ ਹਲਕਾ ਸੁਲਤਾਨਪੁਰ ਲੋਧੀ ਦੇ ਆਗੂ ਮਾਸਟਰ ਚਰਨ ਸਿੰਘ ਹੈਬਤਪੁਰ ਅਤੇ ਸੁੱਚਾ ਸਿੰਘ ਮਿਰਜ਼ਾ ਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਦੁਆਰਾ ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਸੰਬੰਧੀ ਪੰਜਾਬ ਦੇ ਰਾਜਪਾਲ ਨੂੰ 26 ਨਵੰਬਰ ਨੂੰ ਮੈਮੋਰੰਡਮ ਦੇਣ ਜਾਣ ਸੰਬੰਧੀ ਹਲਕਾ ਸੁਲਤਾਨਪੁਰ ਲੋਧੀ ਦੇ ਕਿਸਾਨਾਂ ਨੂੰ ਲਾਮ ਬੰਦ ਕੀਤਾ ਜਾ ਰਿਹਾ ਹੈ | ਉਹਨਾ ਕਿਹਾ ਕਿ 26 ਨਵੰਬਰ ਸਮੁੱਚੇ ਭਾਰਤ ਵਿੱਚ ਸਾਰੇ ਰਾਜਾਂ ਦੇ ਕਿਸਾਨ ਆਪੋ-ਆਪਣੇ ਰਾਜਾਂ ਦੇ ਰਾਜਪਾਲਾਂ ਨੂੰ ਸਵੇਰੇ 11 ਵਜੇ ਮੰਗ ਪੱਤਰ ਸੌਂਪਣ ਜਾ ਰਹੇ ਹਨ, ਜਿਸ ਸੰਬੰਧ ਵਿੱਚ ਕਿਸਾਨਾਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ |
ਪੰਜਾਬ ਭਰ ਦੇ ਕਿਸਾਨ ਵੱਡੇ-ਵੱਡੇ ਕਾਫ਼ਲਿਆਂ ਦੇ ਰੂਪ ਵਿੱਚ ਸਵੇਰੇ 11 ਵਜੇ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਵਿਖੇ ਇਕੱਠੇ ਹੋਣਗੇ ਅਤੇ ਇਸ ਉਪਰੰਤ ਪੰਜਾਬ ਦੇ ਰਾਜਪਾਲ ਨੂੰ ਕਿਸਾਨਾਂ ਦੀਆਂ ਅਧੂਰੀਆਂ ਮੰਗਾਂ ਨੂੰ ਪੂਰੀਆਂ ਕਰਨ ਲਈ ਆਪਣਾ ਮੰਗ ਪੱਤਰ ਦੇਣਗੇ। ਇਸ ਮੌਕੇ ਸਰਪ੍ਰਸਤ ਸੰਯੁਕਤ ਕਿਸਾਨ ਮੋਰਚਾ ਹਲਕਾ ਸੁਲਤਾਨਪੁਰ ਲੋਧੀ ਨਰਿੰਦਰ ਸਿੰਘ ਸੋਨੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਮੰਗਾਂ ਸਾਰੀਆਂ ਫ਼ਸਲਾਂ ਐੱਮ ਐੱਸ ਪੀ ਖ਼ਰੀਦਣ ਲਈ ਕਾਨੂੰਨ ਬਣਾਉਣ, ਬਿਜਲੀ ਬਿੱਲ 2022 ਰੱਦ ਕਰਵਾਉਣ ਬਾਰੇ, ਦੇਸ਼ ਦੇ ਕਿਸਾਨਾਂ ਦਾ ਮੁਕੰਮਲ ਕਰਜ਼ਾ ਮਾਫੀ, ਲਖੀਮਪੁਰ ਖੀਰੀ ਦੇ ਦੋਸ਼ੀ ਅਜੈ ਮਿਸ਼ਰਾ ਨੂੰ ਜੇਲ੍ਹ ਭੇਜਣ, 60 ਸਾਲਾ ਦੇ ਕਿਸਾਨਾਂ ਨੂੰ ਪੈਨਸ਼ਨ ਦੇਂਣ ਲਈ ਇਹ ਮੰਗ ਪੱਤਰ ਦਿੱਤੇ ਜਾਣਗੇ। ਉਹਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਹਲਕਾ ਸੁਲਤਾਨਪੁਰ ਲੋਧੀ ਦੇ ਕਿਸਾਨ ਵੀ 26 ਨਵੰਬਰ ਨੂੰ ਸਵੇਰੇ 8 ਵਜੇ ਸੁਲਤਾਨਪੁਰ ਲੋਧੀ ਵਿਖੇ ਇਕੱਠੇ ਹੋਣਗੇ ਅਤੇ ਵੱਡੇ ਕਾਫ਼ਲੇ ਦੇ ਰੂਪ ਵਿੱਚ ਮੋਹਾਲੀ ਵਿਖੇ ਪਹੁੰਚਣਗੇ। ਉਹਨਾਂ ਹਲਕੇ ਦੇ ਕਿਸਾਨਾਂ ਨੂੰ ਵੱਧ ਤੋਂ ਵੱਧ ਜਾਣ ਦੀ ਅਪੀਲ ਕੀਤੀ। ਇਸ ਮੌਕੇ ਸੁੱਚਾ ਸਿੰਘ ਮਿਰਜ਼ਾ ਪੁਰ, ਸੁਖਦੇਵ ਸਿੰਘ ਮਾਛੀ ਜ਼ੋਆ, ਗੁਰਚਰਨ ਦਾਸ, ਅਮਰਜੀਤ ਸਿੰਘ ਟਿੱਬਾ, ਸਤਨਾਮ ਸਿੰਘ ਸਾਬੀ, ਮੰਗਲ ਸਿੰਘ, ਸਰਬਣ ਸਿੰਘ ਅਤੇ ਹੋਰ ਹਾਜ਼ਰ ਸਨ।