ਮਥੁਰਾ ਦੇ 'ਨਸ਼ੇੜੀ' ਚੂਹਿਆਂ ਨੇ ਖਾ ਲਿਆ 581 ਕਿਲੋ ਗਾਂਜਾ, ਅਦਾਲਤ ਨੂੰ ਦੱਸੀ ਪੁਲਿਸ ਨੇ ਆਪਣੀ 'ਬੇਵੱਸੀ ', ਜਾਣੋ ਕੀ ਹੈ ਮਾਮਲਾ
- ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਚੂਹਿਆਂ ਨੇ 581 ਕਿਲੋ ਭੰਗ ਖਾ ਲਿਆ
- ਮਥੁਰਾ ਪੁਲਿਸ ਨੇ ਅਦਾਲਤ 'ਚ ਹੈਰਾਨ ਕਰਨ ਵਾਲੀ ਰਿਪੋਰਟ ਦਾਇਰ ਕੀਤੀ ਹੈ
- ਅਦਾਲਤ ਨੇ ਐਸਐਸਪੀ ਨੂੰ ਦਿੱਤੇ ਨਿਰਦੇਸ਼, ਗਵਾਹੀ ਦੇਣ ਲਈ ਵੀ ਕਿਹਾ
- ਪਹਿਲਾਂ ਵੀ ਨਸ਼ੇੜੀ' ਚੂਹਿਆਂ ਵਲੋਂ ਥਾਣਿਆਂ ਅੰਦਰ ਰੱਖੀ ਗਈ ਸ਼ਰਾਬ ਗਟਕ ਜਾਣ ਦੇ ਲੱਗੇ ਹਨ ਆਰੋਪ
- ਯੂਪੀ ਦੇ ਮਥੁਰਾ ਤੋਂ ਚੂਹਿਆਂ ਵਲੋਂ ਗਾਂਜਾ ਖਾਣ ਦਾ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਮਥੁਰਾ ਪੁਲਿਸ ਦੀ ਰਿਪੋਰਟ ਅਨੁਸਾਰ ਚੂਹਿਆਂ ਨੇ ਮਾਲਖਾਨੇ ਤੋਂ ਇੱਕ ਜਾਂ ਦੋ ਕਿੱਲੋ ਨਹੀਂ ਬਲਕਿ 581 ਕਿੱਲੋ ਗਾਂਜਾ ਖਾ ਲਿਆ ਹੈ। ਅਦਾਲਤ ਨੇ ਮਥੁਰਾ ਦੇ ਐਸਐਸਪੀ ਨੂੰ ਚੂਹਿਆਂ ਨਾਲ ਨਜਿੱਠਣ ਲਈ ਉਪਾਅ ਕਰਨ ਲਈ ਕਿਹਾ ਹੈ।
ਦੀਪਕ ਗਰਗ
ਮਥੁਰਾ 24 ਨਵੰਬਰ 2022 -
ਉੱਤਰ ਪ੍ਰਦੇਸ਼ ਦੇ ਮਥੁਰਾ ਵਿੱਚ ਇੱਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਮਥੁਰਾ ਥਾਣੇ 'ਚ ਰੱਖਿਆ 581 ਕਿਲੋ ਭੰਗ ਚੂਹਿਆਂ ਨੇ ਖਾ ਲਿਆ। ਇਹ ਸਿਰਫ ਮੀਡਿਆ ਹੀ ਨਹੀਂ ਸਗੋਂ ਅਦਾਲਤ ਵਿੱਚ ਪੇਸ਼ ਕੀਤੀ ਪੁਲਿਸ ਰਿਪੋਰਟ ਵੀ ਕਹਿ ਰਹੀ ਹੈ। ਮਥੁਰਾ ਪੁਲਿਸ ਨੇ ਅਦਾਲਤ ਵਿੱਚ ਰਿਪੋਰਟ ਦਾਇਰ ਕਰਕੇ ਕਿਹਾ ਹੈ ਕਿ ਚੂਹਿਆਂ ਨੇ ਮਾਲਖਾਨੇ ਵਿੱਚ ਰੱਖਿਆ 581 ਕਿਲੋ ਗਾਂਜਾ ਖਾ ਲਿਆ। ਗਾਂਜੇ ਦੀ ਇੰਨੀ ਵੱਡੀ ਖੇਪ ਨੂੰ ਮਥੁਰਾ ਪੁਲਸ ਨੇ ਦੋ ਮਾਮਲਿਆਂ 'ਚ ਜ਼ਬਤ ਕੀਤਾ ਸੀ, ਜਿਸ ਤੋਂ ਬਾਅਦ ਇਸ ਨੂੰ ਪੁਲਸ ਸਟੇਸ਼ਨ ਦੇ ਗੋਦਾਮ 'ਚ ਸਬੂਤ ਵਜੋਂ ਰੱਖਿਆ ਗਿਆ ਸੀ। ਦਰਅਸਲ ਮਾਮਲਾ ਸ਼ੇਰਗੜ੍ਹ ਅਤੇ ਹਾਈਵੇ ਥਾਣੇ ਨਾਲ ਸਬੰਧਤ ਹੈ। ਇਸ ਰਿਪੋਰਟ ਨੂੰ ਪੜ੍ਹ ਕੇ ਭਲੇ ਲੋਕ ਤਾਂ ਭੰਬਲਭੂਸੇ ਵਿਚ ਪੈ ਗਏ, ਹੁਣ ਚੂਹਿਆਂ ਦੇ ਗਾਂਜਾ ਜਾਂ ਭੰਗ ਖਾਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਸਾਲ 2018 ਵਿੱਚ ਸ਼ੇਰਗੜ੍ਹ ਅਤੇ ਹਾਈਵੇ ਥਾਣੇ ਦੀ ਪੁਲੀਸ ਨੇ ਕੁਝ ਅਪਰਾਧੀਆਂ ਕੋਲੋਂ 386 ਅਤੇ 195 ਕਿਲੋ ਗਾਂਜਾ ਫੜਿਆ ਸੀ। ਇਸ ਤੋਂ ਬਾਅਦ ਗਾਂਜੇ ਨੂੰ ਮਾਲਖਾਨੇ ਵਿੱਚ ਜਮ੍ਹਾਂ ਕਰਾਇਆ ਗਿਆ। ਪੁਲੀਸ ਨੇ ਸਬੂਤ ਵਜੋਂ ਭੰਗ ਜਾਂ ਗਾਂਜੇ ਦਾ ਨਮੂਨਾ ਵੀ ਅਦਾਲਤ ਵਿੱਚ ਪੇਸ਼ ਕੀਤਾ ਸੀ। ਇਸ ਤੋਂ ਬਾਅਦ, ਏਡੀਜੇ VII ਸੰਜੇ ਚੌਧਰੀ ਨੇ ਪੁਲਿਸ ਨੂੰ ਭੰਗ ਜਾਂ ਗਾਂਜੇ ਦੀ ਪੂਰੀ ਖੇਪ ਨੂੰ ਮੋਹਰ ਲਗਾ ਕੇ ਅਦਾਲਤ ਵਿੱਚ ਪੇਸ਼ ਕਰਨ ਦੇ ਆਦੇਸ਼ ਦਿੱਤੇ। ਇਸ ਤੋਂ ਬਾਅਦ ਪੁਲਿਸ ਦਾ ਜਵਾਬ ਹੈਰਾਨ ਕਰਨ ਵਾਲਾ ਸੀ। ਪੁਲੀਸ ਨੇ ਅਦਾਲਤ ਵਿੱਚ ਰਿਪੋਰਟ ਦਰਜ ਕਰਵਾਈ ਕਿ ਸਾਰੀ ਭੰਗ ਜਾਂ ਗਾਂਜਾ ਚੂਹਿਆਂ ਨੇ ਖਾ ਲਿਆ। ਅਜਿਹੇ 'ਚ ਉਸ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਜਾ ਸਕਦਾ।
ਅਦਾਲਤ ਨੇ ਪੁਲਿਸ ਰਿਪੋਰਟ 'ਤੇ ਸਬੂਤ ਮੰਗੇ ਹਨ
ਅਦਾਲਤ 'ਚ ਚੂਹਿਆਂ ਨੂੰ ਲੈ ਕੇ ਮਥੁਰਾ ਪੁਲਸ ਨੇ ਬੇਵਸੀ ਦਾ ਪ੍ਰਗਟਾਵਾ ਕੀਤਾ ਹੈ। ਦੱਸਿਆ ਗਿਆ ਕਿ ਮਾਲਖਾਨੇ ਵਿੱਚ ਅਜਿਹੀ ਕੋਈ ਥਾਂ ਨਹੀਂ ਹੈ, ਜਿਸ ਨੂੰ ਚੂਹਿਆਂ ਤੋਂ ਬਚਾਇਆ ਜਾ ਸਕੇ। ਪੁਲਿਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਚੂਹਿਆਂ ਦੇ ਖਾਣ ਤੋਂ ਬਾਅਦ ਜੋ ਵੀ ਭੰਗ ਜਾਂ ਗਾਂਜਾ ਬਚਿਆ ਸੀ, ਉਸ ਨੂੰ ਨਸ਼ਟ ਕਰ ਦਿੱਤਾ ਗਿਆ। ਇਸ ’ਤੇ ਅਦਾਲਤ ਨੇ ਐਸਐਸਪੀ ਨੂੰ ਚੂਹਿਆਂ ਨਾਲ ਨਜਿੱਠਣ ਲਈ ਥਾਣਿਆਂ ਅਤੇ ਮਾਲਖਾਨਿਆਂ ਵਿੱਚ ਕੰਮ ਕਰਨ ਲਈ ਕਿਹਾ। ਇਸ ਦੇ ਨਾਲ ਹੀ ਪੁਲਿਸ ਟੀਮ ਨੂੰ 26 ਨਵੰਬਰ ਤੱਕ ਇਸ ਮਾਮਲੇ ਵਿੱਚ ਸਬੂਤਾਂ ਸਮੇਤ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਹਨ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਜਿਹੀਆਂ ਹੀ ਅਸਾਧਾਰਨ ਘਟਨਾਵਾਂ ਲਈ ਚੂਹਿਆਂ ਨੂੰ ਦੋਸ਼ੀ ਠਹਿਰਾਇਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਬਿਹਾਰ ਪੁਲਿਸ ਨੇ 9 ਲੱਖ ਲੀਟਰ ਤੋਂ ਵੱਧ ਸ਼ਰਾਬ ਦੇ ਗਾਇਬ ਹੋਣ ਲਈ ਚੂਹਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ। ਸਤੰਬਰ 2017 ਵਿੱਚ, ਬਿਹਾਰ ਦੇ ਦੋ ਮੰਤਰੀਆਂ ਨੇ ਰਾਜ ਵਿੱਚ ਹੜ੍ਹਾਂ ਲਈ ਚੂਹਿਆਂ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
2018 ਵਿੱਚ ਬਰੇਲੀ ਦੇ ਛਾਉਣੀ ਥਾਣੇ ਦੇ ਗੋਦਾਮ 'ਚ ਰੱਖੀ 1000 ਲੀਟਰ ਤੋਂ ਵੱਧ ਜ਼ਬਤ ਕੀਤੀ ਗਈ ਸ਼ਰਾਬ ਗਾਇਬ ਹੋ ਗਈ ਅਤੇ ਸਥਾਨਕ ਪੁਲਸ ਵਾਲਿਆਂ ਨੇ ਚੂਹਿਆਂ 'ਤੇ ਇਸ ਨੂੰ ਗਾਇਬ ਕਰਨ ਦਾ ਦੋਸ਼ ਲਗਾਇਆ ਸੀ।
2021 ਵਿੱਚ ਉੱਤਰ ਪ੍ਰਦੇਸ਼ ਦੇ ਏਟਾ ਜ਼ਿਲੇ 'ਚ ਪੁਲਸ ਦਾ ਇਕ ਵੱਡਾ ਕਾਰਨਾਮਾ ਸਾਹਮਣੇ ਆਇਆ। ਇੱਥੇ ਲੱਖਾਂ ਰੁਪਏ ਦੀ ਸ਼ਰਾਬ ਵੇਚਣ ਤੋਂ ਬਾਅਦ ਪੁਲੀਸ ਨੇ ਆਪਣੀ ਜਨਰਲ ਡਾਇਰੀ ਵਿੱਚ ਚੂਹਿਆਂ ਵੱਲੋਂ ਸ਼ਰਾਬ ਪੀਣ ਦੇ ਕਰੀਬ 2400 ਮਾਮਲੇ ਦੱਸੇ ਸਨ।
ਇਸੇ ਤਰ੍ਹਾਂ ਹਰਿਆਣਾ ਦੇ ਫਰੀਦਾਬਾਦ 'ਚ ਥਾਣਿਆਂ ਦੇ ਮਾਲਖਾਨਿਆਂ 'ਚ ਬੋਤਲਾਂ ਅਤੇ ਡੱਬਿਆਂ 'ਚੋਂ 29 ਹਜ਼ਾਰ ਲੀਟਰ ਸ਼ਰਾਬ ਗਾਇਬ ਹੋ ਗਈ। ਪੁਲਿਸ ਦਾ ਕਹਿਣਾ ਸੀ ਕਿ ਚੂਹਿਆਂ ਨੇ ਸ਼ਰਾਬ ਪੀਤੀ ਹੈ।
ਇਹ ਜਾਣਕਾਰੀ ਪੁਲਿਸ ਕਮਿਸ਼ਨਰ ਵੱਲੋਂ ਸ਼ਰਾਬ ਅਤੇ ਹੋਰ ਨਸ਼ਿਆਂ ਨੂੰ ਨਸ਼ਟ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੌਰਾਨ ਮਿਲੀ ਸੀ। ਇੰਨਾ ਹੀ ਨਹੀਂ ਪੁਲਿਸ ਦੇ ਦਾਅਵੇ ਮੁਤਾਬਿਕ ਸ਼ਰਾਬ ਦੇ ਨਾਲ-ਨਾਲ ਚੂਹਿਆਂ ਨੇ ਭੰਗ, ਅਫੀਮ ਵਰਗੇ ਨਸ਼ੀਲੇ ਪਦਾਰਥਾਂ ਦੇ ਡੱਬੇ ਅਤੇ ਬੰਡਲ ਵੀ ਕੁਤਰ ਦਿੱਤੇ ਹਨ।
2018 ਵਿੱਚ, ਅਸਾਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ਵਿੱਚ ਜਮ੍ਹਾਂ 12 ਲੱਖ ਰੁਪਏ ਤੋਂ ਵੱਧ ਦੇ ਨੋਟਾਂ ਨੂੰ ਨਸ਼ਟ ਕਰਨ ਲਈ ਚੂਹਿਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਸੀ।