ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਨੂੰ ਚਿਤਵਦਿਆਂ-ਗੁਰਭਜਨ ਸਿੰਘ ਦੀ ਕਲਮ ਤੋਂ
ਮੇਰਾ ਬਾਬਲ
ਹੱਕ ਸੱਚ ਦੀ ਰਖਵਾਲੀ ਵਾਲਾ,
ਪਰਚਮ ਹੱਥੀਂ ਆਪ ਪਕੜ ਕੇ,
ਆਨੰਦਪੁਰ ਤੋਂ ਡਾਂਡੇ ਮੀਂਡੇ,
ਵਾਹੋਦਾਹੀ ਤੁਰਿਆ ਸੂਰਾ ।
ਕਹਿਣੀ ਤੇ ਕਥਨੀ ਦਾ ਪੂਰਾ ।
ਸਿਰਫ਼ ਜਨੇਊ ਜਾਂ ਕਸ਼ਮੀਰੀ,
ਤੁਰਿਆ ਨਾ ਉਹ ਪੰਡਿਤਾਂ ਖ਼ਾਤਰ ।
ਮੇਰਾ ਬਾਬਲ ਤੇਗ ਬਹਾਦਰ ।
ਉਹ ਤਾਂ ਭੈ ਵਣਜਾਰਿਆਂ ਨੂੰ,
ਇਹ ਕਹਿਣ ਗਿਆ ਸੀ ।
ਨਾ ਭੈ ਦੇਣਾ ਨਾ ਭੈ ਮੰਨਣਾ ।
ਕੂੜ ਦਾ ਭਾਂਡਾ ਹੱਥੀਂ ਭੰਨਣਾ ।
ਆਪ ਤੁਰ ਪਿਆ ਦਿੱਲੀ ਦੇ ਵੱਲ ।
ਆਪ ਕਹਾਂਗਾ ਮੈਂ ਆਪਣੀ ਗੱਲ ।
ਤਖ਼ਤ ਨਸ਼ੀਨਾਂ ਦੇ ਘਰ ਜਾ ਕੇ,
ਲਾਲ ਕਿਲ੍ਹੇ ਦੇ ਦਰ-ਦੀਵਾਰਾਂ,
ਸ਼ਬਦ-ਬਾਣ ਦੇ ਨਾਲ ਠਕੋਰੂੰ ।
ਪੱਥਰ ਚਿੱਤ ਨੂੰ ਵੇਖਿਓ ਭੋਰੂੰ ।
ਦੀਨ ਬਹਾਨੇ
ਈਨ ਮਨਾਉਣੀ ਨਾ ਹੈ ਮੰਨਣੀ ।
ਕੂੜੀ ਕੰਧ ਹੈ ਏਦਾਂ ਭੰਨਣੀ ।
ਤਿਲਕ ਜਨੇਊ ਤਸਬੀ ਮਣਕੇ ।
ਖ਼ੁਦ ਆਪਣੀ ਰਖਵਾਲੀ ਦੇ ਲਈ
ਜੇ ਅੱਜ ਖੜ੍ਹੇ ਨਾ ਹੋਏ ਤਣ ਕੇ ।
ਰੀਂਘਣਹਾਰੇ ਬਣ ਜਾਣੇ
ਇਹ ਨਾਗ ਖੜੱਪੇ ।
ਜ਼ੋਰ ਜਬਰ ਦਾ
ਆਲਮ ਪਸਰੂ ਚੱਪੇ ਚੱਪੇ ।
ਮੇਰੇ ਧਰਮੀ ਬਾਬਲ ਨੇ ਇਹ ਠੀਕ ਕਿਹਾ ਸੀ ।
ਔਰੰਗਜ਼ੇਬ ਤੂੰ ਬਾਤ ਸਮਝ ਲੈ !
ਜੇਕਰ ਜਬਰ ਜਨੇਊ ਕਰਦਾ,
ਸੁੰਨਤਧਾਰੀ ਹੁੰਦਾ ਜ਼ੋਰ ਜ਼ੁਲਮ ਤੋਂ ਡਰਦਾ ।
ਮੈਂ ਤਾਂ ਏਸੇ ਮਾਰਗ ਤੁਰ ਕੇ,
ਆ ਜਾਣਾ ਸੀ ।
ਤਿਲਕਧਾਰੀਆਂ ਨੂੰ ਵੀ ਇਹ ਸਮਝਾ ਜਾਣਾ ਸੀ ।
ਧਰਮ ਕਰਮ ਤਲਵਾਰ ਸਹਾਰੇ ਪਲਦਾ ਨਹੀਂ ਹੈ ।
ਜਿਸ ਬੂਟੇ ਦੀ ਜੜ੍ਹ ਦੇ ਥੱਲੇ,
ਕੂੜ ਕੁਫ਼ਰ ਦੀ ਢੇਰੀ ਹੋਵੇ,
ਸਦੀਆਂ ਤੀਕਰ ਫ਼ਲਦਾ ਨਹੀਂ ਹੈ ।
ਮੇਰੇ ਬਾਬਲ ਸੀਸ ਕਟਾਇਆ,
ਤਖ਼ਤਾ ਚੁਣਿਆ ਤਖ਼ਤ ਨਿਵਾਇਆ ।
ਨਾਲੇ ਇਹ ਵੀ ਸਬਕ ਪੜ੍ਹਾਇਆ,
ਸਦਾ ਨਹੀਂ ਥਿਰ ਰਹਿੰਦੀ,
ਤਾਕਤ ਭਰਮ ਜਾਲ ਹੈ,
ਨਿਰੀ ਪੁਰੀ ਬੱਦਲਾਂ ਦੀ ਛਾਇਆ ।
ਮਨ ਪੁੱਛਦਾ ਹੈ!
ਕਿਹੜਾ ਫੇਰ,
ਆਨੰਦਪੁਰੀ ਤੋਂ ਮੁੜ ਕੇ ਧਾਵੇ ।
ਤਖ਼ਤ ਤਾਜ ਨੂੰ ਇਹ ਸਮਝਾਵੇ ।
ਜਬਰ ਜ਼ੁਲਮ ਜੇ ਹੱਦ ਟੱਪ ਜਾਵੇ
ਖਿਸਕ ਜਾਣ ਏਦਾਂ ਹੀ ਪਾਵੇ ।
ਕੁੱਲ ਧਰਤੀ ਦੇ ਵੰਨ ਸੁਵੰਨੇ
ਜੇ ਨਾ ਰਹੇ ਖਿੜੇ ਫੁੱਲ ਪੱਤੀਆਂ ।
ਕਿੰਜ ਆਵੇਗੀ ਰੁੱਤ ਬਸੰਤੀ
ਵਗਣਗੀਆਂ ਪੌਣਾਂ ਫਿਰ ਤੱਤੀਆਂ ।
ਕੂੜ ਅਮਾਵਸ ਕਾਲ਼ਾ ਅੰਬਰ ।
ਕਿਓਂ ਤਣਦੇ ਹੋ ਏਡ ਆਡੰਬਰ ।
ਮੇਰਾ ਬਾਬਲ ਦਿੱਲੀ ਅੰਦਰ,
ਅੱਜ ਵੀ ਸਾਨੂੰ ਵੇਖ ਰਿਹਾ ਹੈ ।
ਜ਼ੋਰ ਨਾਲ ਹਾਂ ਜਬਰ ਨਾਲ ਹਾਂ ।
ਸ਼ਬਦ ਨਾਲ ਹਾਂ ਕਬਰ ਨਾਲ ਹਾਂ ।
ਸਿਰ ਤੇ ਸੂਰਜ ਸੱਚ ਦਾ ਚੜ੍ਹਿਆ ।
ਸ਼ਬਦ ਸੰਵਾਰਨਹਾਰ ਨਾ ਪੜ੍ਹਿਆ ।
ਸਾਡੀ ਹੀ ਅਲਗਰਜ਼ੀ,
ਜੇਕਰ ਅਕਲੀਂ ਕੁੰਡੇ ਜੰਦਰੇ ਮਾਰੇ ।
ਹਰ ਵਾਰੀ ਕਿਓਂ ਆ ਕੇ,
ਬਾਬਲ ਕਾਜ ਸੰਵਾਰੇ ।
ਦੀਨ ਧਰਮ ਦੇ ਰਾਖਿਓ,
ਅੰਦਰ ਝਾਤੀ ਮਾਰੋ ।
ਜੋ ਗੁਰ ਦੱਸੀ ਵਾਟ ਓਸ ਦੇ,
ਰਾਹਾਂ ਵਿੱਚ ਬੁਹਾਰੀ ਮਾਰੋ ।
ਆਪੇ ਪੜ੍ਹ ਕੇ ਆਪ ਵਿਚਾਰੋ ।
ਬਰਖ਼ੁਰਦਾਰੋ ! ਪਹਿਰੇਦਾਰੋ !