ਜੇਲ੍ਹ ’ਚ ਬੰਦ ਨਵਜੋਤ ਸਿੱਧੂ ਦਾ 6 ਮਹੀਨਿਆਂ ’ਚ 34 ਕਿਲੋ ਭਾਰ ਘਟਿਆ, ਪੜ੍ਹੋ ਵੇਰਵਾ
ਪਟਿਆਲਾ, 28 ਨਵੰਬਰ, 2022: ਪਟਿਆਲਾ ਜੇਲ੍ਹ ਵਿਚ ਇਕ ਸਾਲ ਦੀ ਕੈਦ ਦੀ ਸਜ਼ਾ ਕੱਟ ਰਹੇ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦਾ 34 ਕਿਲੋ ਭਾਰ ਘੱਟ ਗਿਆ ਹੈ ਤੇ ਹੁਣ ਉਹਨਾਂ ਦਾ ਵਜ਼ਨ 99 ਕਿਲੋ ਹੋ ਗਿਆ ਹੈ।
ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਸਿੱਧੂ ਰੋਜ਼ਾਨਾ 2 ਘੰਟੇ ਯੋਗਾ ਕਰਦੇ ਹਨ ਅਤੇ ਨਾਲ ਕਸਰਤ ਕਰਦੇ ਹਨ। ਉਹ ਸਵੇਰੇ 2 ਵਜੇ ਉਠ ਜਾਂਦੇ ਹਨ ਤੇ ਫਿਰ 4 ਘੰਟੇ ਬੰਦਗੀ ਯਾਨੀ ਮੈਡੀਟੇਸ਼ਨ ਕਰਦੇ ਹਨ। ਇਸ ਉਪਰੰਤ 2 ਘੰਟੇ ਯੋਗਾ ਤੇ ਕਸਰਤ ਕਰਦੇ ਹਨ। ਰਿਪੋਰਟ ਮੁਤਾਬਕ ਸਿੱਧੂ ਦੀ ਸਿਹਤ ਹੁਣ ਪਹਿਲਾਂ ਨਾਲੋਂ ਕਿਤੇ ਚੰਗੀ ਹੈ। 6 ਫੁੱਟ 2 ਇੰਚ ਲੰਬੇ ਨਵਜੋਤ ਸਿੱਧੂ ਜੇਲ੍ਹ ਵਿਚ ਕਲਰਕ ਵਜੋਂ ਸੇਵਾਵਾਂ ਵੀ ਦੇ ਰਹੇ ਹਨ ਅਤੇ ਕਿਤਾਬਾਂ ਪੜ੍ਹਨ ’ਤੇ ਵੀ ਕਾਫੀ ਸਮਾਂ ਬਿਤਾਉਂਦੇ ਹਨ। ਉਹ ਸ਼ਾਮ 6 ਵਜੇ ਤੋਂ ਬਾਅਦ ਕੁਝ ਨਹੀਂ ਖਾਂਦੇ। ਉਹ ਸਿਰਫ 4 ਘੰਟੇ ਸੌਂਦੇ ਹਨ।
ਉਹਨਾਂ ਨਰਾਤਿਆਂ ਦੇ 9 ਦਿਨ ਮੌਨ ਵਰਤ ਰੱਖ ਕੇ ਬਿਤਾਏ। ਸ਼ੁੱਕਰਵਾਰ ਨੂੰ ਸਿੱਧੂ 45 ਮਿੰਟ ਲਈ 3 ਵਿਅਕਤੀਆਂ ਨਾਲ ਮੁਲਾਕਾਤ ਕਰ ਸਕਦੇ ਹਨ।ਉਹ ਆਪਣੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਪਾਰਟੀ ਆਗੂਆਂ ਨੂੰ ਮਿਲਦੇ ਹਨ। ਜੇਲ੍ਹ ਅਧਿਕਾਰੀਆਂ ਨੇ ਉਹਨਾਂ ਨੂੰ ਆਪਣੀ ਮਰਜ਼ੀ ਦੀਆਂ ਕਿਤਾਬਾਂ ਪੜ੍ਹਨ ਦੀ ਖੁਲ੍ਹ ਮਿਲੀ ਹੈ। ਜੇਲ੍ਹ ਵਿਚ ਪਹਿਲਾਂ ਗਾਇਕ ਦਲੇਰ ਮਹਿੰਦੀ ਉਹਨਾਂ ਨਾਲ ਬੈਰਕ ਨੰਬਰ 10 ਵਿਚ ਬੰਦ ਸਨ ਪਰ ਉਹ ਬਾਅਦ ਵਿਚ ਰਿਹਾਅ ਹੋ ਗਏ। ਨਵਜੋਤ ਸਿੱਧੂ ਦੂਜੇ ਕੈਦੀਆਂ ਨਾਲ ਵੀ ਮੁਲਾਕਾਤ ਕਰਦੇ ਰਹਿੰਦੇ ਹਨ।