ਡੇਰਾ ਪ੍ਰੇਮੀ ਤੇ ਹਮਲੇ ਦੌਰਾਨ ਫੱਟੜ ਹੋਇਆ ਹੋਮਗਾਰਡ ਜਵਾਨ
ਹਸਪਤਾਲ ਤੋਂ ਛੁੱਟੀ ਮਿਲਣ 'ਤੇ ਵਾਪਿਸ ਆਪਣੇ ਘਰ ਪਰਤਿਆ
ਦੀਪਕ ਗਰਗ
ਕੋਟਕਪੂਰਾ 28 ਨਵੰਬਰ 2022 : ਬੀਤੇ ਦਿਨੀ ਡੇਰਾ ਪ੍ਰੇਮੀ ਪ੍ਰਦੀਪ ਸਿੰਘ 'ਤੇ ਕੋਟਕਪੂਰਾ ਵਿਖੇ ਹਏ ਹਮਲੇ ਦੌਰਾਨ ਖੱਬੀ ਲੱਤ ਵਿੱਚ ਗੋਲੀ ਲੱਗਣ ਕਾਰਨ ਫੋਰਟਿਜ਼ ਹਸਪਤਾਲ ਲੁਧਿਆਣਾ ਵਿਖੇ ਦਾਖਲ ਪੰਜਾਬ ਹੋਮ ਗਾਰਡ ਦੇ ਜਵਾਨ ਹਾਕਮ ਸਿੰਘ ਹਸਪਤਾਲ ਤੋਂ ਛੁੱਟੀ ਮਿਲਣ 'ਤੇ ਆਪਣੇ ਘਰ ਪਿੰਡ ਸਿੱਖਾਂ ਵਾਲਾ ਵਿਖੇ ਪਹੁੰਚ ਗਏ। ਉਨ੍ਹਾਂ ਨੂੰ ਛੁੱਟੀ ਮਿਲਣ ਤੋਂ ਬਾਅਦ ਕਮਾਂਡੈਟ ਰਜਿੰਦਰ ਕ੍ਰਿਸ਼ਨ ਪੰਜਾਬ ਹੋਮਗਾਰਡਜ਼ ਵਿਭਾਗ ਫਰੀਦਕੋਟ ਅੱਜ ਉਨ੍ਹਾਂ ਦੀ ਸਿਹਤ ਬਾਰੇ ਜਾਣਕਾਰੀ ਲੈਣ ਲਈ ਉਸਦੇ ਜੱਦੀ ਪਿੰਡ ਸਿੱਖਾਂ ਵਾਲਾ ਵਿਖੇ ਪਹੁੰਚੇ ਅਤੇ ਉਨ੍ਹਾਂ ਦਾ ਹਾਲ-ਚਾਲ ਪੁੱਛਿਆ। ਜਿਕਰਯੋਗ ਹੈ ਕਿ ਪੰਜਾਬ ਹੋਮ ਗਾਰਡਜ਼ ਵਿਭਾਗ ਫਰੀਦਕੋਟ ਦਾ ਗਾਰਡ ਹਾਕਮ ਸਿੰਘ ਨੰ. 33024 ਜ਼ੋ ਕਿ ਡੇਰਾ ਪ੍ਰੇਮੀ ਨਾਲ ਸਕਿਊਰਟੀ ਵਜੋਂ ਤਾਇਨਾਤ ਸੀ, ਵੱਲੋਂ ਇਸ ਵਾਰਦਾਤ ਮੌਕੇ 'ਤੇ ਪ੍ਰਦੀਪ ਸਿੰਘ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਕੋਸ਼ਿਸ਼ ਦੌਰਾਨ ਉਸਦੀ ਖੱਬੀ ਲੱਤ ਦੇ ਪੱਟ 'ਤੇ ਗੋਲੀ ਲੱਗ ਗਈ ਸੀ। ਇਸ ਮੌਕੇ ਗਾਰਡ ਹਾਕਮ ਸਿੰਘ ਨੂੰ ਫੌਰਟਿਸ ਹਸਪਤਾਲ ਲੁਧਿਆਣਾ ਤੋਂ ਛੁੱਟੀ ਮਿਲ ਚੁੱਕੀ ਹੈ ਅਤੇ ਹੁਣ ਉਹ ਆਪਣੇ ਘਰ ਪਿੰਡ ਸਿੱਖਾਵਾਲਾ ਵਿਖੇ ਬੈਡ ਰੈਸਟ 'ਤੇ ਹੈ। ਇਸ ਦੌਰਾਨ ਕਮਾਂਡੈਟ ਰਜਿੰਦਰ ਕ੍ਰਿਸ਼ਨ ਨੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਸਮੇਂ ਦੱਸਿਆ ਕਿ ਗਾਰਡ ਹਾਕਮ ਸਿੰਘ ਨੇ ਬਹੁਤ ਬਹਾਦਰੀ ਵਾਲਾ ਕੰਮ ਕੀਤਾ ਹੈ ਜੋ ਕਿ ਪ੍ਰਸੰਸਾਯੋਗ ਹੈ, ਜਿਸ ਨੇ ਵਿਭਾਗ ਦਾ ਬਹੁਤ ਮਾਨ ਵਧਾਇਆ ਹੈ। ਇਸ ਦੌਰਾਨ ਦਵਿੰਦਰ ਨੀਟੂ ਡਿਪਟੀ ਚੀਫ ਵਾਰਡਨ ਸਿਵਲ ਡਿਫੈਂਸ ਨੇ ਕਿਹਾ ਕਿ ਜਵਾਨ ਹਾਕਮ ਸਿੰਘ ਜਲਦੀ ਹੀ ਤੰਦਰੁਸਤ ਹੋ ਕੇ ਆਪਣੀ ਡਿਊਟੀ 'ਤੇ ਪਰਤੇਗਾ। ਇਸ ਮੌਕੇ ਪੰਜਾਬ ਹੋਮਗਾਰਡਜ਼ ਵਿਭਾਗ ਦਾ ਹੋਰ ਸਟਾਫ ਵੀ ਮੌਜੂਦ ਸੀ।