ਦੋ ਦਰਜਨ ਤੋਂ ਵੱਧ ਮਾਮਲਿਆਂ ਵਿਚ ਪੁਲਿਸ ਨੂੰ ਲੋੜੀਂਦਾ ਖਤਰਨਾਕ ਗੈਂਗਸਟਰ ਦਿੱਲੀ ਤੋਂ ਹੋਇਆ ਗ੍ਰਿਫ਼ਤਾਰ
ਰੋਹਿਤ ਗੁਪਤਾ
ਗੁਰਦਾਸਪੁਰ 28 ਨਵੰਬਰ 2022: ਗੁਰਦਾਸਪੁਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਸੀਆਈਏ ਦੀ ਟੀਮ ਵੱਲੋਂ ਦਿੱਲੀ ਪੁਲਿਸ ਦੇ ਸਹਿਯੋਗ ਨਾਲ ਇੱਕ ਖਤਰਨਾਕ ਗੈਂਗਸਟਰ ਜੋਬਨ ਮਸੀਹ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ। ਜੋਬਨ ਮਸੀਹ ਤੇ ਕੁਲ 28 ਮਾਮਲੇ ਦਰਜ ਹਨ ਜਿਨ੍ਹਾਂ ਵਿੱਚ ਇਰਾਦਾ ਕਤਲ, ਮਾਰ ਕੁਟਾਈ, ਲੁੱਟ ਖੋਹ, ਚੋਰੀ, ਧਾਰਮਿਕ ਭਾਵਨਾਵਾਂ ਭੜਕਾਉਣ ਅਤੇ ਨਾਜਾਇਜ਼ ਅਸਲਾ ਰੱਖਣ ਦੇ ਮਾਮਲੇ ਵੀ ਸ਼ਾਮਲ ਹਨ। ਇਨ੍ਹਾਂ ਵਿੱਚੋਂ ਕਈ ਵਾਰ ਕਈ ਕੇਸਾਂ ਵਿਚ ਜੋਬਨ ਦੀ ਗ੍ਰਿਫਤਾਰੀ ਵੀ ਹੋਈ ਅਤੇ ਜ਼ਮਾਨਤ ਵੀ।
ਪਰ ਲੰਬੇ ਸਮੇਂ ਤੋ ਉਹ ਪੁਲੀਸ ਨੂੰ ਚਕਮਾ ਦੇ ਕੇ ਦੌੜਣ ਵਿੱਚ ਕਾਮਯਾਬ ਹੋ ਰਿਹਾ ਸੀ। 3 ਸਤੰਬਰ ਨੂੰ ਜੋਬਨ ਮਸ਼ੀਹ ਵੱਲੋਂ ਤਿੱਬੜ ਥਾਣੇ ਦੇ ਇਕ ਏਐਸਆਈ ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਵੀ ਦਰਜ ਹੋਇਆ। ਦੱਸਿਆ ਗਿਆ ਹੈ ਕਿ ਉਦੋਂ ਜੌਬਨ ਮਸੀਹ ਨੇ ਪੁਲਿਸ ਪਾਰਟੀ ਤੇ ਗੱਡੀ ਚੜ੍ਹਾ ਕੇ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਫਰਾਰ ਹੋ ਗਿਆ ਸੀ।
ਸੂਤਰਾਂ ਅਨੁਸਾਰ ਮਈ 2007 ਵਿੱਚ ਉਸਦੇ ਖਿਲਾਫ ਲੁੱਟ ਖੋਹ ਦਾ ਪਹਿਲਾ ਮਾਮਲਾ ਥਾਣਾ ਸਿਟੀ ਗੁਰਦਾਸਪੁਰ ਵਿੱਚ ਦਰਜ ਕੀਤਾ ਗਿਆ ਸੀ ਹਾਲਾਂਕਿ ਇਸ ਵਿੱਚ ਉਹ ਬਰੀ ਹੋ ਗਿਆ ਸੀ ਪਰ ਏਥੋਂ ਹੀ ਉਸਦੇ ਅਪਰਾਧਿਕ ਜੀਵਨ ਦੀ ਸ਼ੁਰੂਆਤ ਹੋ ਗਈ ਸੀ। ਉਸ ਤੋਂ ਬਾਅਦ ਇਸ ਦੇ ਖਿਲਾਫ ਥਾਣਾ ਸਦਰ ਗੁਰਦਾਸਪੁਰ ਵਿੱਚ 1997 ਅਤੇ 1998 ਵਿੱਚ ਦੋ ਵੱਖ ਵੱਖ ਮਾਮਲੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਦੋਸ਼ ਹੇਠ ਦਰਜ ਕੀਤੇ ਗਏ।
20 ਮਈ 1997 ਵਿਚ ਜੋਬਨ ਦੇ ਖਿਲਾਫ ਲੁਟ ਖੋਹ (ਚੋਰੀ) ਅਤੇ ਇਰਾਦਾ ਕਤਲ ਦਾ ਪਹਿਲਾ ਮਾਮਲਾ ਦਰਜ ਹੋਇਆ ਸੀ। ਜੋਬਨ ਮਸੀਹ ਖ਼ਿਲਾਫ਼ ਗੁਰਦਾਸਪੁਰ ਸਦਰ ਥਾਣੇ ਵਿੱਚ 12, ਤਿੱਬੜ ਥਾਣੇ ਵਿੱਚ 6, ਸਿਟੀ ਥਾਣਾ ਗੁਰਦਾਸਪੁਰ ਵਿੱਚ 2, ਧਾਰੀਵਾਲ ਵਿਚ 2, ਬਟਾਲਾ ਵਿੱਚ 2, ਕਲਾਨੌਰ ਵਿੱਚ 2 ਜਦਕਿ ਕਾਹਨੂੰਵਾਨ ਅਤੇ ਹੁਸ਼ਿਆਰਪੁਰ ਵਿੱਚ ਇੱਕ ਇੱਕ ਕੁੱਲ 28 ਮਾਮਲੇ ਦਰਜ ਹਨ।