ਦਰਸ਼ਕ ਸਰੋਤਾ ਸੰਘ ਦੇ ਰਾਜ ਪੱਧਰੀ ਸਮਾਗਮ ਵਿਚ ਦੂਰਦਰਸ਼ਨ ਜਲੰਧਰ ਤੋਂ ਪੰਜਾਬੀ ਫਿਲਮਾਂ ਦੇ ਪ੍ਰਸਾਰਣ ਬਹਾਲ ਕਰਨ ਦਾ ਮਤਾ ਪਾਸ
ਜਗਰਾਉਂ, 28 ਨਵੰਬਰ 2022 (ਦੀਪਕ ਜੈਨ): ਪ੍ਰਸਾਰ ਭਾਰਤੀ ਦੇ ਡੀ ਟੀਐਚ ਅਤੇ ਮੋਬਾਇਲ ਐਪ ਤੇ ਪ੍ਰਸਾਰਿਤ ਹੋ ਰਹੇ ਨੇਬਰਹੂੱਡ ਸੇਵਾ ਦੇ ਹਰਦਿਲ ਅਜ਼ੀਜ਼ ਪ੍ਰੋਗਰਾਮ 'ਦੇਸ ਪੰਜਾਬ ' ਅਤੇ 'ਉਰਦੂ ਸਰਵਿਸ' ਨੂੰ ਪਹਿਲਾਂ ਵਾਂਗ ਰੇਡੀਓ ਟਰਾਂਸਮੀਟਰ ਸਥਾਪਿਤ ਕਰਕੇ ਰੇਡੀਓ ਸੈਟ ਤੇ ਉਪਲੱਬਧ ਕਰਵਾਉਣ,ਜਲੰਧਰ ਦੂਰਦਰਸ਼ਨ ਤੋਂ ਪੰਜਾਬੀ ਫਿਲਮਾਂ ਦਾ ਪ੍ਰਸਾਰਣ ਬਹਾਲ ,ਪ੍ਰਦੇਸ਼ਕ ਸਮਾਚਾਰਾਂ ਦਾ ਬੁਲਿਟਨ ਸ਼ੁਰੂ ਕਰਨ ਅਤੇ ਚੰਡੀਗੜ੍ਹ ਦੂਰਦਰਸ਼ਨ ਤੋਂ 4 ਵਜੇ ਦੀਆਂ ਪ੍ਰਸਾਰਿਤ ਹੁੰਦੀਆਂ ਪੰਜਾਬੀ ਖਬਰਾਂ ਨੂੰ ਰੋਜ਼ਾਨਾ ਕਰਨ ਵਰਗੀਆਂ ਹੋਰ ਮੰਗਾਂ ਦੇ ਸਕੱਤਰ ਅਵਤਾਰ ਸਿੰਘ ਬੱਸੀਆਂ ਵਲੋਂ ਪੇਸ਼ ਮਤੇ ਸਰਬਸੰਮਤੀ ਨਾਲ ਪਾਸ ਕਰਨ ਉਪਰੰਤ ਦਰਸ਼ਕ ਸਰੋਤਾ ਸੰਘ ਦਾ ਸੂਬਾ ਪੱਧਰੀ 'ਸਲਾਨਾ ਇਨਾਮ ਵੰਡ ਅਤੇ ਸਦਭਾਵਨਾ ਮਿਲਨੀ ਸਮਾਗਮ' ਸਫਲਤਾ ਪੂਰਬਕ ਸਮਾਪਤ ਹੋ ਗਿਆ।
ਜਗਰਾਉਂ ਵਿਖੇ ਕਰਵਾਏ ਇਸ ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਜਲੰਧਰ ਦੂਰਦਰਸ਼ਨ ਦੇ ਸਾਬਕ ਡਾਇਰੈਕਟਰ ਓਮ ਗੌਰੀ ਦੱਤ ਸ਼ਰਮਾ ,ਪ੍ਰਧਾਨ ਜਗਦੀਸ਼ ਪਾਲ ਮਹਿਤਾ , ਗੁਰਮੀਤ ਖ਼ਾਨਪੁਰੀ ਜਨਰਲ ਸਕੱਤਰ , ਮਿਸਤਰੀ ਸੰਤੋਖ ਸਿੰਘ ਮੀਤ ਪ੍ਰਧਾਨ ,ਸ ਮੀਤ ਪ੍ਰਧਾਨ ਗੁਰਦੀਪ ਸਿੰਘ ਜ਼ੀਰਾ,ਰਵਿੰਦਰ ਸਿੰਘ ਚੇਅਰਮੈਨ ਗੀਤਾਂ ਦੇ ਬਾਦਸ਼ਾਹ ਅਮਰੀਕ ਸਿੰਘ ਤਲਵੰਡੀ ਤੇ ਲਖਬੀਰ ਸਿੰਘ ਸਮਰਾ ਸੇਵਾ ਮੁਕਤ ਡੀ ਈ ਓ ਸੁਸ਼ੋਭਿਤ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸਰਪ੍ਰਸਤ ਸੁਖਪਾਲ ਸਿੰਘ ਦੇ ਸਵਾਗਤੀ ਅਤੇ ਸੰਘ ਦੇ ਮਾਣ ਮੱਤੇ ਇਤਹਾਸ ਦੱਸਣ ਦੇ ਭਾਸ਼ਣ ਤੋਂ ਹੋਈ।
ਇਸ ਦੌਰਾਨ 'ਨਿੱਜੀ ਚੈਨਲਾਂ ਅਤੇ ਸੋਸ਼ਲ ਮੀਡੀਆ ਦੀ ਅਮਦ ਅਤੇ ਦੂਰਦਰਸ਼ਨ ਤੇ ਆਕਾਸ਼ਵਾਣੀ ਦੀ ਭੂਮਿਕਾ' ਸਿਰਲੇਖ ਤਹਿਤ ਹੋਏ ਸੈਮੀਨਾਰ ਵਿਚ ਮੁੱਖ ਬੁਲਾਰੇ ਸਾਬਕ ਡਿਪਟੀ ਡਾਇਰੈਕਟਰ ਜਨਰਲ ਓਮ ਗੌਰੀ ਦੱਤ ਸ਼ਰਮਾ ਨੇ ਕਿਹਾ ਕਿ ਨਿੱਜੀ ਚੈਨਲ ਅਤੇ ਸੋਸ਼ਲ ਮੀਡੀਆ ਦੀ ਸ਼ੁਰੂਆਤ ਨਾਲ ਸੂਚਨਾ,ਗਿਆਨ ਅਤੇ ਮੰਨੋਰੰਜਨ ਦੇ ਖੇਤਰ ਵਿਚ ਵੱਡਾ ਇਨਕਲਾਬ ਆਇਆ ਹੈ ਪਰ ਇਸਦੀ ਸਦੀਵੀ ਵਿਸ਼ਵਾਸ਼ਯੋਗਤਾ ਲਈ ਸੰਤੁਲਨ ਬਣਾਉਣ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਦੂਰਦਰਸ਼ਨ ਦੇ ਡੀਜੀਟਲਕਰਣ ਸਮੇਤ ਵੱਧਦੇ ਕਦਮਾਂ ਅਤੇ ਪ੍ਰਸਾਰ ਭਾਰਤੀ ਵਲੋਂ ਮੁਹੱਈਆ ਕੀਤੀ ਲਗਭਗ 200 ਚੈਨਲਾਂ ਵਾਲੀ ਮੁਫ਼ਤ ਡਿਸ਼ ਸੇਵਾ ਦੀ ਸ਼ਾਲਾਘਾ ਕੀਤੀ।
ਇਨ੍ਹਾਂ ਤੋ ਇਲਾਵਾ ਸਾਹਿਤਕਾਰ ਅਮਰੀਕ ਸਿੰਘ ਤਲਵੰਡੀ ,ਜਗਦੀਸ਼ ਪਾਲ ਮਹਿਤਾ,ਗੁਰਮੀਤ ਸਿੰਘ ਖ਼ਾਨਪੁਰੀ ਇਤਿਹਾਸਕਾਰ ਅਵਤਾਰ ਸਿੰਘ ਬੱਸੀਆਂ,ਯੋਗ ਗੁਰੂ ਗੁਰਦੀਪ ਸਿੰਘ ਜ਼ੀਰਾ ,ਮਿਸਤਰੀ ਸੰਤੋਖ ਸਿੰਘ ਭੁਲੱਥ, ਐਡਵੋਕੇਟ ਮੋਹਨ ਲਾਲ ਅਰੋੜਾ ਤੇ ਸੋਹਣ ਲਾਲ ਲਾਲਕਾ.ਨੇ ਵੀ ਇਨ੍ਹਾਂ ਮੀਡੀਆ ਸੂਤਰਾਂ ਦੀ ਅਜੋਕੀ ਕਾਰਗੁਜ਼ਾਰੀ ਤੇ ਸਾਰਥਿਕ ਅਲੋਚਨਾਤਮਕ ਚਰਚਾ ਕੀਤੀ। ਦੂਸਰੇ ਸੈਸ਼ਨ ਵਿਚ ਜਤਿੰਦਰ ਭਾਸਕਰ ,ਡਾਕਟਰ ਸੀਮਾ ਭਾਟੀਆ ,ਰਾਕੇਸ਼ ਕੁਮਾਰ ਭਾਸਕਰ, ਕੁਲਦੀਪ ਚੌਹਾਨ, ਕੁਲਦੀਪ ਕੌਰ ਖਹਿਰਾ ,ਲੀਲਾ ਸਿੰਘ ਰਾਏ, ਡਾਕਟਰ ਬਲਵੀਰ ਸਿੰਘ ਤਪਾ, ਨੇ ਆਪਣੀਆਂ ਕਾਵਿ /ਵਾਰਤਕ ਰਚਨਾਵਾਂ ਨਾਲ ਸਾਹਿਤਕ ਖੁਸ਼ਬੂ ਖਲੇਰੀ।
ਇਸ ਹੀ ਸੈਸ਼ਨ ਵਿਚ ਸੰਘ ਦੀਆਂ ਦੋ ਸਾਲਾਨਾ ਪ੍ਰਤਿਯੋਗਤਾਵਾਂ ਦੇ ਜੇਤੂਆਂ ਨੂੰ ਵੀ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿਚ ਡਾਕਟਰ ਤਪਾ , ਮਿਸਤਰੀ ਭੁਲੱਥ ਤੇ ਪ੍ਰਧਾਨ ਮਹਿਤਾ ਤੋਂ ਇਲਾਵਾ ਮੋਹਨ ਲਾਲ,ਤੇ ਭਾਸਕਰ ਜੀ ਜ਼ਿਕਰਯੋਗ ਹਨ।ਮੰਚ ਸੰਚਾਲਕ ਦੀ ਜਿੰਮੇਵਾਰੀ ਐਡਵੋਕੇਟ ਮੋਹਨ ਲਾਲ ਨੇ ਬਾਖੂਬੀ ਨਿਭਾਈ ।ਸਮਾਗਮ ਵਿਚ ਹੋਰਨਾਂ ਤੋ ਇਲਾਵਾ ਕੁਲਦੀਪ ਸਿੰਘ ਚੌਹਾਨ , ਦਰਸ਼ਨ ਫਤਿਆਬਾਦ, ਮੈਡਮ ਸਰਬਜੀਤ ਕੌਰ
ਜਲਾਲਦੀਵਾਲ ,ਪਰਮਜੀਤ ਸਿੰਘ ਮੋੰਗਾ, ਸਤਪਾਲ ਸਿੰਘ ਖੇੜੀ ਨੇ ਵੀ ਹਾਜ਼ਰੀ ਲਗਵਾਈ।