ਵੱਡਾ ਮਾਣ: ਸਰਕਾਰੀ ਸਕੂਲ ਵਿਚ ਪੜ੍ਹੀ ਵਿਦਿਆਰਥਣ ਕਰੇਗੀ ਦੇਸ਼ ਦੀ ਪਾਰਲੀਮੈਂਟ 'ਚੋਂ ਸੰਬੋਧਨ
3 ਦਸੰਬਰ ਨੂੰ ਪਹਿਲੇ ਰਾਸ਼ਟਰਪਤੀ ਰਾਜਿੰਦਰ ਪ੍ਰਸਾਦ ਦੀ ਜਯੰਤੀ 'ਤੇ ਸੰਬੋਧਨ ਲਈ ਚੁਣੇ ਗਏ ਭਾਰਤ ਦੇ ਸੱਤ ਵਿਦਿਆਰਥੀਆਂ ਵਿੱਚੋਂ ਇੱਕ ਹੈ ਡੇਰਾ ਬਾਬਾ ਨਾਨਕ ਦੀ ਯੋਗਿਤਾ
ਰੋਹਿਤ ਗੁਪਤਾ,ਬਾਬੂਸ਼ਾਹੀ ਨੈਟਵਰਕ
ਗੁਰਦਾਸਪੁਰ 30 ਨਵੰਬਰ 2022
ਦੇਸ਼ ਦੀ ਪਾਰਲੀਮੈਂਟ ਚ 3 ਦਸੰਬਰ ਨੂੰ ਹੋਣ ਜਾ ਰਹੇ ਨੈਸ਼ਨਲ ਯੂਥ ਪਾਰਲੀਮੈਂਟ ਸਮਾਗਮ ਚ ਦੇਸ਼ ਭਰ ਤੋਂ 7 ਸੂਬਿਆਂ ਦੇ ਨੌਜ਼ਵਾਨ ਵਿਦਿਆਰਥੀ ਦੇਸ਼ ਨੂੰ ਵੱਖ ਵੱਖ ਵਿਸ਼ਿਆਂ ਤੇ ਸੰਬੋਧਨ ਕਰਣਗੇ, ਉਥੇ ਹੀ ਪੰਜਾਬ ਸੂਬੇ ਵਿਚੋਂ ਨੁਮਾਇੰਦਗੀ ਕਰਨ ਲਈ ਵੱਖ ਵੱਖ ਪੜਾਵਾਂ ਵਿਚੋਂ ਲੰਘ ਸਰਹੱਦੀ ਅਤੇ ਇਤਿਹਾਸਕ ਕਸਬੇ ਡੇਰਾ ਬਾਬਾ ਨਾਨਕ ਤੋਂ ਵਿਦਿਆਰਥਣ ਯੋਗਿਤਾ ਦੀ ਚੋਣ ਹੋਈ ਹੈ।ਇਸ ਉਪਲਬਧੀ ਲਈ ਯੋਗਿਤਾ ਖੁਦ ਤੇ ਵੱਡਾ ਮਾਣ ਮਹਿਸੂਸ ਕਰ ਰਹੀ ਹੈ ਅਤੇ ਇਸ ਪਿੱਛੇ ਪਰਿਵਾਰ ਅਤੇ ਆਪਣੇ ਟੀਚਰਾਂ ਦੇ ਸਹਿਯੋਗ ਅਤੇ ਪ੍ਰਮਾਤਮਾ ਦਾ ਅਸ਼ੀਰਵਾਦ ਦੱਸ ਰਹੀ ਹੈ | ਉਥੇ ਹੀ ਪਰਿਵਾਰ ਚ ਖੁਸ਼ੀ ਦੀ ਲਹਿਰ ਹੈ ਅਤੇ ਖੁਸ਼ੀ ਇਸ ਕਦਰ ਹੈ ਕਿ ਉਹ ਪ੍ਰਮਾਤਮਾ ਦਾ ਸ਼ੁਕਰ ਕਰਦੇ ਥੱਕ ਨਹੀਂ ਰਹੇ ਅਤੇ ਆਪਣੇ ਬੱਚੇ ਦੀ ਮਿਹਨਤ ਸਦਕਾ ਹੀ ਇਸ ਮੁਕਾਮ ਹਾਸਿਲ ਕਰਨ ਦੀ ਗੱਲ ਆਖ ਰਹੇ ਹਨ ।
ਪੰਜਾਬ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਯੋਗਿਤਾ ਖੁਸ਼ੀ ਦਾ ਇਜ਼ਹਾਰ ਕਰਦੀ ਦੱਸਦੀ ਹੈ ਕਿ ਉਸ ਨੇ ਖੁਦ ਕਦੇ ਨਹੀਂ ਸੋਚਿਆ ਸੀ ਕਿ ਉਸਨੂੰ ਇਹ ਮੁਕਾਮ ਹਾਸਿਲ ਹੋਵਗਾ ਅਤੇ ਉਹ ਦੇਸ਼ ਦੀ ਪਾਰਲੀਮੈਂਟ ਵਿਚ ਪੰਜਾਬ ਦੀ ਨੁਮਾਇੰਦਗੀ ਲਈ ਚੁਣੀ ਜਾਵੇਗੀ। ਉਸਨੇ ਦੱਸਿਆ ਕਿ 3 ਦਸੰਬਰ 2022 ਨੂੰ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਦੀ ਜਯੰਤੀ ਦੇ ਮੌਕੇ ਦੇਸ਼ ਦੀ ਪਾਰਲੀਮੈਂਟ ਚ ਨੈਸ਼ਨਲ ਯੂਥ ਪਰਿਲੀਮੈਂਟ ਚ ਦੇਸ਼ ਭਰ ਤੋਂ ਮਹਿਜ 7 ਸੂਬਿਆਂ ਤੋਂ ਨੌਜਵਾਨ ਦੇਸ਼ ਨੂੰ ਸੰਬੋਧਨ ਕਰਣਗੇ। ਉਹਨਾਂ ਵਿਚੋਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋਏ ਉਹ ਵੀ ਉਥੇ ਹੋਵੇਗੀ।
ਉਹ ਦੱਸਦੀ ਹੈ ਕਿ ਉਸ ਨੂੰ ਜੋ ਵਿਸ਼ਾ ਮਿਲਿਆ ਹੈ ਉਹ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਰਾਜਿੰਦਰ ਪ੍ਰਸਾਦ ਦੇ ਜੀਵਨੀ ਅਤੇ ਉਹਨਾਂ ਦੇ ਜੀਵਨ ਸਫ਼ਰ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਉਸਨੇ ਦੱਸਿਆ ਕਿ ਪਿਛਲੇ ਸਮੇਂ ਚ ਉਸਨੇ ਆਪਣੀ ਸਾਰੀ ਸਿਖਿਆ ਸਰਕਾਰੀ ਸਕੂਲ ਡੇਰਾ ਬਾਬਾ ਨਾਨਕ ਅਤੇ ਮੁੜ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਹਾਸਿਲ ਕੀਤੀ ਹੈ ਅਤੇ ਹੁਣ ਬੀਏ ਦੀ ਪੜਾਈ ਪੂਰੀ ਕੀਤੀ ਹੈ। ਉਸ ਸਿਖਿਆ ਦੇ ਖੇਤਰ ਚ ਉਹ ਜਿਲਾ ਪੱਧਰੀ ਅਤੇ ਸੂਬਾ ਪੱਧਰੀ ਕਈ ਸੱਭਿਚਾਰਕ ਅਤੇ ਡਿਬੇਟ ਮੁਕਾਬਲਿਆਂ ਚ ਹਿਸਾ ਲੈਂਦੀ ਰਹੀ ਅਤੇ ਜਿੱਤ ਵੀ ਹਾਸਿਲ ਕੀਤੀ ਲੇਕਿਨ ਇਸ ਮੁਕਾਮ ਲਈ ਉਸ ਨੂੰ ਇਸ ਸਾਲ ਫਰਵਰੀ ਚ ਮੌਕਾ ਮਿਲਿਆ ਪਰ ਇਹ ਇਹਨਾਂ ਆਸਾਨ ਨਹੀਂ ਸੀ ਕਿਉਕਿ ਦੇਸ਼ ਦੇ 25 ਸੂਬਿਆਂ ਤੋਂ ਬੱਚੇ ਸਨ ਜਿਨ੍ਹਾਂ ਵਿੱਚੋਂ ਸਿਰਫ਼ 7 ਸੂਬੇ ਤੋਂ ਬੱਚਿਆਂ ਦੀ ਚੋਣ ਹੋਣੀ ਸੀ। ਉਸ ਨੂੰ ਪੰਜਾਬ ਸੂਬੇ ਚੋਂ ਪਹਿਲਾਂ ਸਥਾਨ ਮਿਲਿਆ। ਉਸਨੇ ਕਿਹਾ ਕਿ ਇਸ ਵੱਡੀ ਪ੍ਰਾਪਤੀ ਲਈ ਪਰਮਾਤਮਾ ਦਾ ਅਸ਼ੀਰਵਾਦ ਤੇ ਆਪਣੇ ਪਰਿਵਾਰ ਅਤੇ ਅਧਿਆਪਕਾਂ ਦੇ ਸਹਿਯੋਗ ਨੂੰ ਹੀ ਮੰਨਦੀ ਹੈ। ਅੱਗੇ ਚੱਲਕੇ ਯੋਗੀਤਾ ਅਧਿਆਪਕ ਬਣਨਾ ਚਾਹੁੰਦੀ ਹੈ ਅਤੇ ਯੂਥ ਨੂੰ ਅਪੀਲ ਕਰਦੀ ਹੈ ਕਿ ਆਪਣੇ ਨਿਸ਼ਾਨੇ ਨੂੰ ਸਾਧੋ ਅਤੇ ਉਸਨੂੰ ਹਾਸਿਲ ਕਰਨ ਲਈ ਮਿਹਨਤ ਕਰਦੇ ਰਹੋ। ਤੁਹਾਨੂੰ ਤੁਹਾਡੇ ਮੁਕਾਮ ਜਰੂਰ ਹਾਸਿਲ ਹੋਵਗਾ। ਉੱਥੇ ਹੀ ਪਰਿਵਾਰ ਚ ਯੋਗਿਤਾ ਦੀ ਮਾਂ ਅਨੀਤਾ ਰਾਣੀ ਅਤੇ ਦਾਦਾ ਜਗਦੀਸ਼ ਮਿੱਤਰ ਨੇ ਖੁਸ਼ੀ ਦਾ ਇਜਹਾਰ ਕਰਦੇ ਕਿਹਾ ਕਿ ਉਹਨਾਂ ਲਈ ਅਤੇ ਇਲਾਕੇ ਲਈ ਵੱਡੇ ਮਾਣ ਵਾਲੀ ਗੱਲ ਹੈ। ਅੱਜ ਯੋਗਿਤਾ ਜਿਸ ਮੁਕਾਮ ਤੇ ਹੈ ਉਹ ਆਪਣੀ ਮਿਹਨਤ ਸਦਕਾ ਹੀ ਹੈ। ਉਹ ਕਹਿੰਦੇ ਹਨ ਕਿ ਜੋ ਉਹਨਾਂ ਦੇ ਇਸ ਬੱਚੇ ਨੇ ਹਾਸਿਲ ਕੀਤਾ ਉਹ ਕਦੇ ਪਰਿਵਾਰ ਨੇ ਨਹੀਂ ਸੋਚਿਆ ਸੀ |